Khetibadi Punjab

ਪੰਜਾਬ ਦੀ ਕਿਸਾਨੀ ਨੂੰ ਕੁਇੰਟਲ ਪਿੱਛੇ 802 ਰੁਪਏ ਦਾ ਘਾਟਾ ਪੈ ਰਿਹੈ, ਜਾਣੋ ਕਿਵੇਂ

Punjab news, agricultural, wheat news, farmers

ਚੰਡੀਗੜ੍ਹ : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਵੱਲੋਂ ਪਿਛਲੇ ਦਿਨੀਂ ਮੋਦੀ ਸਰਕਾਰ ਵੱਲੋਂ ਕਣਕ ਦੇ ਭਾਅ ਨੂੰ ਨਕਾਰਦਿਆਂ ਕਿਹਾ ਕਿ ਮੋਦੀ ਸਰਕਾਰ ਡਾ.ਸਵਾਮੀਨਾਥਨ ਦੀਆਂ ਐਮ.ਐਸ.ਪੀ. ਸੰਬੰਧੀ ਸਿਫ਼ਾਰਸ਼ਾਂ ਨੂੰ ਅਣਗੌਲ਼ਿਆ ਕਰ ਦੇਸ਼ ਦੀ ਕਿਸਾਨੀ ਨਾਲ ਧ੍ਰੋਹ ਕਮਾ ਰਹੀ ਹੈ। ਹਾਲਾਂਕਿ ਤਾਂ ਡਾ. ਸਵਾਮੀਨਾਥਨ ਦੇ ਫ਼ਾਰਮੂਲੇ ਅਨੁਸਾਰ ਪੰਜਾਬ ਸਰਕਾਰ ਨੇ ਕਣਕ ਦੀ ਫ਼ਸਲ ਦਾ ਖਰਚ(C2) 2051/- ਦੱਸਿਆ, ਜਿਸ ਅਨੁਸਾਰ C2+50% ਤਹਿਤ ਕਣਕ ਦਾ ਐਮ.ਐਸ.ਪੀ. 3077 ਰੁਪਏ ਬਣਦਾ ਪਰ ਦਿੱਤਾ 2275 ਰੁਪਏ ਹੈ ਜਿਸ ਨਾਲ ਪੰਜਾਬ ਦੀ ਕਿਸਾਨੀ ਨੂੰ 802 ਪ੍ਰਤੀ ਕੁਇੰਟਲ ਘਾਟਾ ਪੈ ਰਿਹਾ ਹੈ।

ਪੰਜਾਬ ਵਿੱਚ ਕੁੱਲ 35 ਲੱਖ ਹੈਕਟੇਅਰ ਤੇ ਕਣਕ ਦੀ ਬਿਜਾਈ ਹੁੰਦੀ ਤੇ ਸੂਬੇ ਵਿੱਚ ਔਸਤ ਝਾੜ 48 ਕੁਇੰਟਲ ਪ੍ਰਤੀ ਹੈਕਟੇਅਰ ਨਿਕਲਦਾ ਜਿਸ ਹਿਸਾਬ ਨਾਲ ਪ੍ਰਤੀ ਹੈਕਟੇਅਰ ਕਿਸਾਨ ਨੂੰ 38,496 ਦਾ ਘਾਟਾ ਪੈਂਦਾ ਅਤੇ ਪੂਰੇ ਪੰਜਾਬ ਦੀ ਕਿਸਾਨੀ ਨੂੰ ਕੁੱਲ ਬਿਜਾਈ ਦੇ ਹਿਸਾਬ ਨਾਲ 13500 ਕਰੋੜ ਦਾ ਘਾਟਾ ਝੱਲਣਾ ਪੈ ਰਿਹਾ ਜਿਸਨੂੰ ਜਥੇਬੰਦੀ ਕਦੇ ਬਰਦਾਸ਼ਤ ਨਹੀਂ ਕਰੇਗੀ ।

ਸੂਬਾ ਪ੍ਰੈੱਸ ਸਕੱਤਰ ਇੰਦਰਪਾਲ ਸਿੰਘ ਨੇ ਕਿਹਾ ਕਿ ਲੋਕਤੰਤਰ ਦੇ ਚੌਥੇ ਬੰਬ ਵਜੋਂ ਜਾਣੇ ਜਾਂਦੇ ਮੀਡੀਆ ਤੇ ਮੋਦੀ ਸਰਕਾਰ ਵੱਲੋਂ ਹਮਲਾ ਕਰਨਾ ਬਹੁਤ ਹੀ ਘਿਨੌਣੀ ਕਰਵਾਈ ਹੈ ਸੰਯੁਕਤ ਮੋਰਚਾ ਦੇ ਫ਼ੈਸਲੇ ਅਨੁਸਾਰ ਨਿਊਜ਼ ਕਲਿੱਕ ਦੇ ਪੱਤਰਕਾਰਾਂ ਨੂੰ ਝੂਠੀ ਸਾਜਿਸ਼ ਤਹਿਤ ਫਸਾਉਣ ਖ਼ਿਲਾਫ਼ ਭਾਰਤ ਪੱਧਰ ਤੇ 1ਨਵੰਬਰ ਤੋਂ 5 ਨਵੰਬਰ ਤੱਕ ਪਿੰਡ ਪਿੰਡ ਰੋਸ ਲਹਿਰ ਚਲਾਈ ਜਾਵੇਗੀ ਜਿਸ ਦੀ ਲੜੀ ਤਹਿਤ 6 ਨਵੰਬਰ ਨੂੰ ਤਹਿਸੀਲ ਅਤੇ ਡੀ.ਸੀ. ਦਫ਼ਤਰਾਂ ਅੱਗੇ ਰੋਸ਼ ਪ੍ਰਦਰਸ਼ਨ ਕਰ ਐੱਫ਼.ਆਈ.ਆਰ. ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। ਇੱਥੇ ਦੱਸਣਯੋਗ ਹੈ ਕਿ ਨਿਊਜ਼ ਕਲਿੱਕ ਉਹ ਮੀਡੀਆ ਅਦਾਰਾ ਹੈ ਜਿਸ ਨੇ ਦਿੱਲੀ ਦੀਆਂ ਬਰੂੰਹਾਂ ਤੇ ਚੱਲੇ ਇਤਿਹਾਸਕ ਕਿਸਾਨੀ ਅੰਦੋਲਨ ਦੀ ਗੂੰਜ ਪੂਰੀ ਦੁਨੀਆ ਤੱਕ ਪਹੁੰਚਦੀ ਕੀਤੀ ਸੀ।

ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੱਤੀ ਕਿ 26, 27 ਅਤੇ 28 ਨਵੰਬਰ ਨੂੰ ਤਿੰਨ ਰੋਜ਼ਾ ਧਰਨੇ ਸਾਰੇ ਦੇਸ਼ ਅੰਦਰ ਸੂਬਿਆਂ ਦੀਆਂ ਰਾਜਧਾਨੀਆਂ ਵਿੱਚ ਵੱਡੀ ਪੱਧਰ ਤੇ ਧਰਨੇ ਦਿੱਤੇ ਜਾਣਗੇ, ਜਿਹੜੇ ਕਿ ਕੇਂਦਰ ਸਰਕਾਰ ਵਿਰੁੱਧ ਹੋਣਗੇ, ਸਾਰੇ ਸੰਘਰਸ਼ਾਂ ਦੌਰਾਨ ਕਿਸਾਨਾਂ ਖ਼ਿਲਾਫ਼ ਦਰਜ ਕੀਤੇ ਕੇਸ ਰੱਦ ਕੀਤੇ ਜਾਣ, ਲਖਮੀਰ ਖੀਰੀ ਕਤਲੇਆਮ ਦੇ ਸਾਜ਼ਿਸ਼ ਕਰਤਾ ਕੇਂਦਰੀ ਮੰਤਰੀ ਮਿਸ਼ਰਾ ਨੂੰ ਮੰਤਰੀ ਦੇ ਅਹੁਦੇਦਾਰਾਂ ਤੋਂ ਬਰਤਰਫ਼ ਕੀਤਾ ਜਾਵੇ।
ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਨੇ ਮੰਗ ਕੀਤੀ ਕਿ ਸਵਾਮੀਨਾਥਨ ਦੇ ਵਿਛੋੜੇ ਤੋਂ ਬਾਅਦ ਤਾਂ ਉਸ ਦੀਆਂ ਸਿਫ਼ਾਰਸ਼ਾਂ ਲਾਗੂ ਕਰਕੇ ਫ਼ਸਲਾਂ ਦੀਆਂ ਲਾਗਤਾਂ ਕੀਮਤਾਂ ਨਿਯਮਤ ਕੀਤੀਆਂ ਜਾਣ।