Khetibadi Punjab

ਕਿਸਾਨਾਂ ਦੀ ਪੰਜਾਬ ਸਰਕਾਰ ਨਾਲ ਮੀਟਿੰਗ ਅੱਜ! ਕਿਸਾਨ ਸਰਕਾਰ ਅੱਗੇ ਰੱਖਣਗੇ ਇਹ 9 ਮੰਗਾਂ

ਬਿਉਰੋ ਰਿਪੋਰਟ: ਸ਼ੰਭੂ ਤੇ ਖਨੌਰੀ ਬਾਰਡਰ ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੇ ਮਜ਼ਦੂਰਾਂ ਦੀ ਅੱਜ ਕਿਸਾਨ ਭਵਨ ਵਿੱਚ ਪੰਜਾਬ ਸਰਕਾਰ ਦੇ ਵਫ਼ਦ ਨਾਲ ਮੀਟਿੰਗ ਹੋਣੀ ਹੈ। ਇਸ ਸਬੰਧੀ ਵੀਡੀਓ ਜਾਰੀ ਕਰਦਿਆਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਅੱਗੇ ਮੰਡੀਆਂ ਵਿੱਚ ਝੋਨੇ ਦੀ ਖਰੀਦ ਤੇ ਪ੍ਰਬੰਧਣ, DAP ਤੇ ਪਰਾਲੀ ਦੇ ਪ੍ਰਬੰਧਣ, ਕਿਸਾਨ ਅੰਦੋਲਨ 1 ਤੇ 2 ਦੇ ਸ਼ਹੀਦ ਕਿਸਾਨਾਂ ਨੂੰ ਮੁਆਵਜ਼ੇ ਦੀ ਸਥਾਈ ਪਾਲਿਸੀ ਬਣਾਉਣ, ਭਾਰਤ ਮਾਲਾ ਯੋਜਨਾ ਤਹਿਤ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਕਰਨ ਆਦਿ ਦੇ ਰਹਿੰਦੇ ਮੁੱਦੇ ਵਿਚਾਰੇ ਜਾਣਗੇ। ਇੱਕ ਬਿਆਨ ਜਾਰੀ ਕਰਦਿਆਂ ਕਿਸਾਨਾਂ ਨੇ ਆਪਣੀਆਂ ਮੰਗਾਂ ਵੀ ਗਿਣਾਈਆਂ ਹਨ ਜਿਸ ਬਾਰੇ ਸਰਕਾਰ ਨੂੰ ਅੱਜ ਮੰਗ ਪੱਤਰ ਸੌਪਿਆ ਜਾਵੇਗਾ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀਆਂ ਮੁੱਖ ਮੰਗਾਂ
  1. ਦਿੱਲੀ ਕਿਸਾਨ ਅੰਦੋਲਨ 1 ਅਤੇ 2 ਦੇ ਬਾਕੀ ਰਹਿੰਦੇ ਸ਼ਹੀਦ ਪਰਿਵਾਰਾਂ ਨੂੰ ਮੁਆਵਜ਼ੇ ਅਤੇ ਨੌਕਰੀਆਂ ਤੁਰੰਤ ਦਿੱਤੀਆਂ ਜਾਣ ਅਤੇ ਕਿਸਾਨ ਮਜ਼ਦੂਰ ਸੰਘਰਸ਼ਾਂ ਦੌਰਾਨ ਸ਼ਹੀਦ ਹੋਣ ਵਾਲੇ ਕਿਸਾਨਾਂ ਮਜਦੂਰਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਲਈ ਸਥਾਈ ਰੂਪ ਵਿੱਚ ਪਾਲਿਸੀ ਤਿਆਰ ਕਰਕੇ ਹਰ ਵਾਰ ਹੋਣ ਵਾਲੀ ਖੱਜਲ ਖੁਆਰੀ ਖ਼ਤਮ ਕੀਤੀ ਜਾਵੇ।
  2. ਸ਼ੰਭੂ ਮੋਰਚੇ ਤੋਂ ਵਾਪਸੀ ਸਮੇਂ ਜ਼ਖ਼ਮੀ ਹੋਏ ਜਿੰਨਾ 14 ਕਿਸਾਨਾਂ ਦਾ 25/09/2024 ਨੂੰ ਮੈਡੀਕਲ ਹੋ ਚੁੱਕਾ ਹੈ, ਉਨ੍ਹਾਂ ਲਈ ਮੁਆਵਜ਼ਾ ਰਾਸ਼ੀ ਅਤੇ ਯੋਗ ਕਿਸਾਨਾਂ ਮਜਦੂਰਾਂ ਲਈ ਵਾਅਦਾ ਕੀਤੀਆਂ ਸਹੂਲਤਾਂ ਜਾਰੀ ਕੀਤੀਆਂ ਜਾਣ।
  3. ਭਾਰਤ ਨਾਲ ਯੋਜਨਾ ਤਹਿਤ ਬਣ ਰਹੀਆਂ ਸੜਕਾਂ ਜਾਂ ਹੋਰ ਸਰਕਾਰੀ/ਗ਼ੈਰ ਸਰਕਾਰੀ ਪ੍ਰੋਜੈਕਟਾਂ ਲਈ ਅਕਵਾਇਰ ਕਰਨ ਦੀ ਕਵਾਇਦ ਲਈ 2013 ਭੂਮੀ ਅਧਿਗ੍ਰਹਿਣ ਐਕਟ ਨੂੰ ਪੂਰਨ ਰੂਪ ਵਿੱਚ ਲਾਗੂ ਕਰਕੇ ਜ਼ਮੀਨਾਂ ਲਈਆਂ ਜਾਣ। ਜ਼ਮੀਨ ਮਾਲਕ ਨੂੰ ਪੂਰਾ ਮੁਆਵਜਾ ਰਾਸ਼ੀ ਦਿੱਤੇ ਜਾਣ ਤੋਂ ਪਹਿਲਾਂ ਜ਼ਮੀਨ ਤੇ ਕਬਜ਼ਾ ਲੈਣ ਦੀ ਕਵਾਇਦ ਤੇ ਪੱਕੀ ਰੋਕ ਲਗਾਈ ਜਾਵੇ। ਨਿੱਜੀਕਰਨ ਨੂੰ ਵਧਾਵਾ ਦੇਣ ਵਾਲੀ, ਸਮਾਰਟ ਮੀਟਰਾਂ ਦੇ ਨਾਮ ਤੇ ਜ਼ਬਰੀ ਚਿਪ ਵਾਲੇ ਪ੍ਰੀਪੇਡ ਮੀਟਰ ਲਗਾਉਣੇ ਬੰਦ ਕੀਤੇ ਜਾਣ ਅਤੇ ਬਿਜਲੀ ਵਿਭਾਗ ਨੂੰ 2003 ਤੋਂ ਪਹਿਲਾਂ ਵਾਲੇ ਸਰੂਪ ਵਿੱਚ ਬਹਾਲ ਕੀਤਾ ਜਾਵੇ।
  4. ਨਸ਼ਾਬੰਦੀ ਪੂਰਨ ਰੂਪ ਵਿੱਚ ਲਾਗੂ ਕੀਤੀ ਜਾਵੇ ਅਤੇ ਨਸ਼ਾ ਪੀੜਤਾਂ ਦਾ ਰਾਜ ਪੰਜਾਬ ਸਰਕਾਰ ਦੁਆਰਾ ਆਪਣੇ ਖਰਚੇ ਤੇ ਕਰਵਾ ਕੇ ਉਨ੍ਹਾਂ ਨੂੰ ਰੁਜ਼ਗਾਰ ਦਿੱਤਾ ਜਾਵੇ।
  5. ਮੌਜੂਦਾ ਸਮੇਂ ਮੰਡੀਆਂ ਵਿੱਚ ਮਜ਼ਦੂਰਾਂ, ਆੜ੍ਹਤੀਆਂ ਅਤੇ ਵਪਾਰੀਆਂ ਵੱਲੋਂ ਕੀਤੀ ਹੜਤਾਲ ਦਾ ਸੁਖਾਵਾਂ ਹੱਲ ਕੱਢ ਕੇ ਝੋਨੇ ਦੀ ਬੰਦ ਪਈ ਖ਼ਰੀਦ ਮੁੜ ਸ਼ੁਰੂ ਕਰਵਾਈ ਜਾਵੇ। ਬਾਸਮਤੀ ਪਿਛਲੇ ਸਾਲ ਨਾਲੋਂ 1500 ਤੋਂ 2000 ਰੁਪਏ ਘੱਟ ਕੀਮਤ ਦੇ ਵਿਕ ਰਹੀ ਹੈ, ਪੰਜਾਬ ਸਰਕਾਰ ਵਾਅਦੇ ਅਨੁਸਾਰ ਮਾਰਕੀਟ ਵਿੱਚ ਐਂਟਰ ਕਰਕੇ ਕਿਸਾਨਾਂ ਲਈ ਘੱਟ ਤੋਂ ਘੱਟ ਰੇਟ 5500 ਪ੍ਰਤੀ ਕੁਇੰਟਲ ਦੇਣਾ ਗਰੰਟੀ ਕਰੇ। ਬਾਸਮਤੀ ਕਾਰਪੋਰੇਸ਼ਨ ਬਣਾਈ ਜਾਵੇ ਅਤੇ ਬਾਸਮਤੀ ਦੀ ਫ਼ਸਲ ਲਈ MSP ਤੈਅ ਕਰਕੇ ਓਸਤੇ ਖਰੀਦ ਕੀਤੀ ਜਾਵੇ।
  6. ਕੇਂਦਰ ਅਤੇ ਪੰਜਾਬ ਦੀਆਂ ਪ੍ਰਵਾਨਤ ਕੰਪਨੀਆਂ ਹੀ DAP ਮੰਗਵਾਉਂਦੀਆਂ ਹਨ ਇਸ ਵਾਰ DAP ਦੇ ਵੱਡੇ ਪੱਧਰ ’ਤੇ ਸੈਂਪਲ ਫੇਲ੍ਹ ਹੋਏ ਹਨ, ਦੋਸ਼ੀ ਫਰਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਮੌਜੂਦਾ ਕਣਕ ਦੇ ਸੀਜਨ ਲਈ ਡੀਏਪੀ ਮੁਹਈਆ ਕਰਵਾਈ ਜਾਵੇ ਤਾਂ ਜੋ DAP ਦੀ ਬਲੈਕ ਰੋਕੀ ਜਾ ਸਕੇ।
  7. ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਦਾ ਪ੍ਰਬੰਧ ਸਰਕਾਰ ਆਪ ਕਰੇ। ਗੁੱਜਰ ਭਾਈਚਾਰੇ ਵੱਲੋਂ ਨੈਸ਼ਨਲ ਹਾਈਵੇ ਅਤੇ ਹੋਰ ਸੜਕਾਂ ਤੇ ਕੰਢੇ ਪਸ਼ੂ ਚਰਾਉਣ ਕਾਰਨ ਰੁੱਖਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ ਅਤੇ ਜਾਨ ਮਾਲ ਦਾ ਖਤਰਾ ਬਣਿਆ ਰਹਿੰਦਾ ਹੈ, ਇਸ ਨੂੰ ਰੋਕਣ ਲਈ ਸਖ਼ਤੀ ਕੀਤੀ ਜਾਵੇ।
  8. ਪਰਾਲੀ ਸਾੜਨ ਕਾਰਨ ਕਿਸਾਨਾਂ ਖ਼ਿਲਾਫ਼ ਕੀਤੀ ਜਾ ਰਹੀ ਨਾਦਰਸ਼ਾਹੀ ਕਾਰਵਾਈ ਬੰਦ ਕਰਕੇ ਪਰਾਲੀ ਦੇ ਹੱਲ ਲਈ ਸਰਕਾਰ ਵੱਲੋਂ ਠੋਸ ਕਦਮ ਚੁੱਕੇ ਜਾਣ ਅਤੇ ਸਾਰਾ ਸਾਲ ਧੂਆਂ ਪੈਦਾ ਕਰਨ ਵਾਲੀ ਇੰਡਸਟਰੀ ਨੂੰ ਕਾਰਬਨ ਟੈਕਸ ਲਗਾ ਕੇ ਓਸ ਰਾਸ਼ੀ ਨੂੰ ਕਿਸਾਨਾਂ ਨੂੰ ਸਬਸਿਡੀ ਵਜੋਂ ਦਿੱਤਾ ਜਾਵੇ।
  9. ਗੰਨਾ ਕਾਸ਼ਤਕਾਰ ਕਿਸਾਨਾਂ ਦੇ ਸਰਕਾਰੀ ਅਤੇ ਪ੍ਰਾਈਵੇਟ ਗੰਨਾ ਮਿੱਲਾਂ ਵੱਲ ਬਚ ਰਹੇ ਕਰੋੜਾਂ ਰੁਪਏ ਦੇ ਬਕਾਏ ਤੁਰੰਤ ਜਾਰੀ ਕੀਤੇ ਜਾਣ, ਆ ਰਹੇ ਸੀਜ਼ਨ ਲਈ ਗੰਨਾ ਮਿੱਲਾਂ ਸਮੇਂ ਸਿਰ ਚਾਲੂ ਕਰਨ ਦਾ ਪ੍ਰਬੰਧ ਕੀਤਾ ਜਾਵੇ ਅਤੇ ਇਸ ਵਾਰ ਫ਼ਸਲ ਦੇ ਪੈਸੇ ਦੀ ਅਦਾਇਗੀ ਤਹਿ ਸਮੇਂ ਦੇ ਅੰਦਰ ਕਰਨੀ ਗਰੰਟੀ ਕੀਤੀ ਜਾਵੇ।