‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤ ਦੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਸਮੇਤ ਦੇਸ਼ ਦੀਆਂ 12 ਵੱਡੀਆਂ ਸਿਆਸੀ ਪਾਰਟੀਆਂ ਨੇ ਕਿਸਾਨਾਂ ਦੇ 26 ਮਈ ਦੇ ਦੇਸ਼-ਵਿਆਪੀ ਵਿਰੋਧ ਦਿਵਸ ਦੇ ਸੱਦੇ ਦਾ ਸਮਰਥਨ ਕੀਤਾ ਹੈ। ਇਹ ਸਾਰੀਆਂ ਸਿਆਸੀ ਪਾਰਟੀਆਂ 26 ਮਈ ਨੂੰ ਰੋਸ ਮੁਜ਼ਾਹਰਿਆਂ ਵਿੱਚ ਸ਼ਾਮਿਲ ਹੋਣਗੀਆਂ। ਇਨ੍ਹਾਂ 12 ਸਿਆਸੀ ਪਾਰਟੀਆਂ ਨੇ ਇੱਕ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਅਸੀਂ 12 ਮਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਸਾਂਝੀ ਚਿੱਠੀ ਲਿਖ ਕੇ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ। ਉਨ੍ਹਾਂ ਮੋਦੀ ਨੂੰ ਕਿਹਾ ਕਿ ਦਿੱਲੀ ‘ਚ ਧਰਨੇ ‘ਤੇ ਬੈਠੇ ਕਿਸਾਨਾਂ ਨੂੰ ਕਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਤਿੰਨੇ ਖੇਤੀ ਕਾਨੂੰਨ ਤੁਰੰਤ ਰੱਦ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਕਿਸਾਨ ਧਰਨਾ ਖਤਮ ਕਰਕੇ ਆਪਣੇ ਘਰਾਂ ਨੂੰ ਜਾ ਸਕਣ। ਉਨ੍ਹਾਂ ਨੇ ਚਿੱਠੀ ਵਿੱਚ ਮੋਦੀ ਨੂੰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ ਐੱਮਐੱਸਪੀ ਦੇ ਕਾਨੂੰਨ ਦੀ ਗਾਰੰਟੀ ਦੇਣ ਲਈ ਵੀ ਕਿਹਾ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਕਿਸਾਨਾਂ ਨਾਲ ਤੁਰੰਤ ਗੱਲਬਾਤ ਕਰਨ ਲਈ ਵੀ ਕਿਹਾ।
ਕਿਹੜੀਆਂ ਪਾਰਟੀਆਂ ਦਾ ਕਿਸਾਨਾਂ ਨੂੰ ਮਿਲਿਆ ਸਮਰਥਨ
ਕਿਸਾਨਾਂ ਦੇ 26 ਮਈ ਦੇ ਦੇਸ਼-ਵਿਆਪੀ ਵਿਰੋਧ ਦਿਵਸ ਦੇ ਸੱਦੇ ਦਾ ਇਨ੍ਹਾਂ ਪਾਰਟੀਆਂ ਨੇ ਸਮਰਥਨ ਕੀਤਾ ਹੈ।
- ਸੋਨੀਆ ਗਾਂਧੀ ਦੀ ਕਾਂਗਰਸ ਪਾਰਟੀ
- ਐੱਚ.ਡੀ. ਦੇਵ ਗੋਵਡਾ ਦੀ ਜੇਡੀ-ਐੱਸ ਪਾਰਟੀ
- ਸ਼ਰਦ ਪਵਾਰ ਦੀ ਨੈਸ਼ਨਲ ਕਾਂਗਰਸ ਪਾਰਟੀ
- ਮਮਤਾ ਬੈਨਰਜੀ ਦੀ ਟੀਐੱਮਸੀ ਪਾਰਟੀ
- ਊਧਵ ਠਾਕਰੇ ਦੀ ਐੱਸਐੱਸ ਪਾਰਟੀ
- ਐੱਮ.ਕੇ. ਸਟਾਲਿਨ ਦੀ ਡੀਐੱਮਕੇ ਪਾਰਟੀ
- ਹੇਮੰਤ ਸੋਰੇਨ ਦੀ ਜੇਐੱਮਐੱਮ ਪਾਰਟੀ
- ਫਾਰੂਕ ਅਬਦੁੱਲ੍ਹਾ ਦੀ ਜੇਕੇਪੀਏ ਪਾਰਟੀ
- ਅਖਿਲੇਸ਼ ਯਾਦਵ ਦੀ ਐੱਸਪੀ ਪਾਰਟੀ
- ਤੇਜੱਸਵੀ ਯਾਦਵ ਦੀ ਆਰਜੇਡੀ ਪਾਰਟੀ
- ਡੀ. ਰਾਜਾ ਦੀ ਸੀਪੀਆਈ ਪਾਰਟੀ
- ਸੀਤਾਰਾਮ ਯੇਚੁਰੀ ਦੀ ਸੀਪੀਆਈ-ਐੱਮ ਪਾਰਟੀ