India

ਕੇਂਦਰੀ ਸਿਹਤ ਮੰਤਰੀ ਦੀ ਝਾੜ ਪੈਂਦਿਆਂ ਹੀ ਰਾਮਦੇਵ ਨੇ ਲੈ ਲਿਆ ਯੂ-ਟਰਨ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਐਲੋਪੈਥੀ ‘ਤੇ ਆਪਣਾ ਵਿਵਾਦਿਤ ਬਿਆਨ ਦੇ ਕੇ ਬੁਰੀ ਤਰ੍ਹਾਂ ਫਸੇ ਯੋਗ ਗੁਰੂ ਬਾਬਾ ਰਾਮਦੇਵ ਨੇ ਹੁਣ ਯੂ-ਟਰਨ ਲੈ ਲਿਆ ਹੈ। ਕੱਲ੍ਹ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਰਾਮਦੇਵ ਨੂੰ ਬੜੇ ਸਨਾਮਾਨ ਨਾਲ ਚਿੱਠੀ ਲਿਖ ਕੇ ਉਨ੍ਹਾਂ ਦੇ ਬਿਆਨ ਨੂੰ ਬਹੁਤ ਹੀ ਮੰਦਭਾਗਾ ਦੱਸਿਆ ਸੀ। ਸਿਹਤ ਮੰਤਰੀ ਨੇ ਇਹ ਵੀ ਕਿਹਾ ਸੀ ਕਿ ਉਨ੍ਹਾਂ ਦੇ ਬਿਆਨ ਨੇ ਲੋਕਾਂ ਦੇ ਮਨਾਂ ਅਤੇ ਮੈਡੀਕਲ ਸਾਇੰਸ ਉੱਤੇ ਡੂੰਘੀ ਸੱਟ ਮਾਰੀ ਹੈ ਤੇ ਬਿਨਾਂ ਦੇਰੀ ਰਾਮਦੇਵ ਨੂੰ ਆਪਣਾ ਬਿਆਨ ਵਾਪਸ ਲੈ ਲੈਣਾ ਚਾਹੀਦਾ ਹੈ। ਉਨ੍ਹਾਂ ਦੇ ਬਿਆਨ ਉੱਤੇ ਸਪਸ਼ਟੀਕਰਨ ਨੂੰ ਵੀ ਨਾਮੰਨਜ਼ੂਰ ਕਰ ਦਿੱਤਾ ਗਿਆ ਸੀ।

ਕੇਂਦਰੀ ਸਿਹਤ ਮੰਤਰੀ ਵੱਲੋਂ ਪਈ ਝਾੜ ਤੋਂ ਬਾਅਦ ਬਾਬਾ ਰਾਮਦੇਵ ਨੇ ਇਕ ਹੋਰ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਉਹ ਮੈਡੀਕਲ ਸਾਇੰਸ ਦੇ ਹਰ ਰੂਪ ਦਾ ਸਤਕਾਰ ਕਰਦੇ ਹਨ ਤੇ ਐਲੋਪੈਥੀ ਨੇ ਬਹੁਤ ਸਾਰੀਆਂ ਜਾਨਾਂ ਬਚਾਈਆਂ ਹਨ। ਦੱਸ ਦਈਏ ਕਿ ਰਾਮਦੇਵ ਦੇ ਬਿਆਨ ‘ਤੇ ਆਈਐੱਮਏ ਨੇ ਕੇਂਦਰੀ ਸਿਹਤ ਮੰਤਰਾਲੇ ਨੂੰ ਬਕਾਇਦਾ ਪੱਤਰ ਲਿਖ ਕੇ ਸਖਤ ਕਾਰਵਾਈ ਤੇ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਸੀ।

ਰਾਮਦੇਵ ਨੇ ਡਾ: ਹਰਸ਼ਵਰਧਨ ਨੂੰ ਨਵਾਂ ਪੱਤਰ ਲਿਖ ਕੇ ਕਿਹਾ ਹੈ ਕਿ ਉਹ ਆਧੁਨਿਕ ਮੈਡੀਕਲ ਸਾਇੰਸ ਅਤੇ ਐਲੋਪੈਥੀ ਦੇ ਵਿਰੋਧੀ ਨਹੀਂ ਹਨ। ਐਲੋਪੈਥੀ ਨੇ ਲੋਕਾਂ ਦੀਆਂ ਜਿੰਦਗੀਆਂ ਬਚਾਉਣ ਵਿੱਚ ਬਹੁਤ ਤਰੱਕੀ ਕੀਤੀ ਹੈ ਤੇ ਮਨੁੱਖਤਾ ਦੀ ਸੇਵਾ ਕੀਤੀ ਹੈ। ਉਨ੍ਹਾਂ ਕਿਹਾ ਕਿ ਮੇਰਾ ਇਹ ਬਿਆਨ ਵਰਕਰਾਂ ਦੀ ਇਕ ਮੀਟਿੰਗ ਵੇਲੇ ਦਾ ਹੈ ਤੇ ਜੇਕਰ ਇਸ ਨਾਲ ਕਿਸੇ ਦੇ ਮਨ ਨੂੰ ਸੱਟ ਵੱਜੀ ਹੈ ਤਾਂ ਮੈਂ ਉਸਤੇ ਅਫਸੋਸ ਜਾਹਿਰ ਕਰਦਾ ਹਾਂ।

ਕੀ ਕਿਹਾ ਸੀ ਕੇਂਦਰੀ ਸਿਹਤ ਮੰਤਰਾਲੇ ਨੇ
ਜ਼ਿਕਰਯੋਗ ਹੈ ਕਿ ਡਾ.ਹਰਸ਼ ਵਰਧਨ ਨੇ ਰਾਮਦੇਵ ਦੇ ਬਿਆਨ ਦਾ ਨੋਟਿਸ ਲੈਂਦਿਆ ਉਨ੍ਹਾਂ ਨੂੰ ਚਿੱਠੀ ਲਿਖ ਕੇ ਕਿਹਾ ਸੀ ਕਿ ਉਨ੍ਹਾਂ ਦੇ ਬਿਆਨ ਨਾਲ ਐਲੋਪੈਥੀ ਨਾਲ ਜੁੜੇ ਡਾਕਟਰਾਂ ਦੀਆਂ ਭਾਵਨਾਵਾਂ ਟੁੱਟੀਆਂ ਹਨ ਤੇ ਇਹ ਬਿਆਨ ਕੋਰੋਨਾ ਵਿਰੁੱਧ ਚੱਲ ਰਹੀ ਲੜਾਈ ਨੂੰ ਕਮਜ਼ੋਰ ਕਰ ਸਕਦਾ ਹੈ। ਉਨ੍ਹਾਂ ਕਿਹਾ ਸੀ ਕਿ ਇਸ ਬਿਆਨ ਨੂੰ ਬਿਨਾਂ ਬਿਨਾਂ ਦੇਰੀ ਵਾਪਸ ਲੈ ਕੇ ਖੇਦ ਜਾਹਿਰ ਕੀਤਾ ਜਾਵੇ।

ਕੀ ਕਿਹਾ ਸੀ ਰਾਮਦੇਵ ਨੇ
ਜ਼ਿਕਰਯੋਗ ਹੈ ਕਿ ਰਾਮਦੇਵ ਨੇ ਐਲੋਪੈਥੀ ਨੂੰ ਸਟੂਪਿਡ ਸਾਇੰਸ ਕਹਿ ਕੇ ਸੰਬੋਧਨ ਕੀਤਾ ਸੀ। ਆਪਣੇ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਜਿਵੇਂ ਪਲਾਜਮਾ ਥੈਰੇਪੀ ਕੋਰੋਨਾ ਦੇ ਇਲਾਜ ਚੋਂ ਬਾਹਰ ਹੋ ਗਈ ਹੈ, ਠੀਕ ਉਸੇ ਤਰ੍ਹਾਂ ਕਈ ਹੋਰ ਪੈਥੀਆਂ ਨੂੰ ਵੀ ਲਿਸਟ ਚੋਂ ਹਟਾਇਆ ਜਾ ਰਿਹਾ ਹੈ। ਇਸ ਬਿਆਨ ਦਾ ਆਈਐੱਮਏ ਨੇ ਗੰਭੀਰ ਨੋਟਿਸ ਲਿਆ ਸੀ ਤੇ ਰਾਮਦੇਵ ਦੇ ਖਿਲਾਫ ਡਾਕਟਰੀ ਪੇਸ਼ੇ ਨਾਲ ਜੁੜੇ ਲੋਕਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਕਰਕੇ ਸਖਤ ਕਾਰਵਾਈ ਤੇ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਸੀ।