Punjab

ਗੰਨੇ ਦੇ ਬਕਾਏ ਨੂੰ ਲੈ ਕੇ ਕਿਸਾਨਾਂ ਵੱਲੋਂ ਚੱਕਾ ਜਾਮ, ਅਣਮਿੱਥੇ ਸਮੇਂ ਲਈ ਧਰਨੇ ‘ਤੇ ਬੈਠੇ ਕਿਸਾਨ

ਦ ਖ਼ਾਲਸ ਬਿਊਰੋ : ਗੰਨੇ ਦੇ 72 ਕਰੋੜ ਰੁਪਏ ਦੇ ਬਕਾਏ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਵੱਲੋਂ ਅੱਜ ਖੰਡ ਮਿੱਲ ਫਗਵਾੜਾ ਦੇ ਸਾਹਮਣੇ ਅਣਮਿੱਥੇ ਸਮੇਂ ਲਈ ਚੱਕਾ ਜਾਮ ਕੀਤਾ ਜਾ ਰਿਹਾ ਹੈ। ਕਿਸਾਨਾਂ ਨੇ ਦੱਸਿਆ ਕਿ ਸਰਕਾਰ ਨੇ ਪਹਿਲਾਂ ਇਹ ਥਾਂ ਵੇਚ ਦਿੱਤੀ ਸੀ ਤੇ ਬਿਆਨਾ ਹੋ ਗਿਆ ਸੀ। ਇਸ ਉਪਰੰਤ ਸਰਕਾਰ ਨੇ ਕਿਹਾਸੀ  ਕਿ ਰਜਿਸਟਰੀ ਹੋਣ ਮਗਰੋਂ ਪੈਸੇ ਆਪਣੇ ਆਪ ਕਿਸਾਨਾਂ ਦੇ ਖਾਤੇ ਆ ਜਾਣਗੇ। ਹੁਣ ਸਰਕਾਰ ਨੇ ਚਿੱਠੀ ਕੱਢ ਦਿੱਤੀ ਹੈ ਕਿ ਥਾਂ ਦੀ ਖੁਲ੍ਹੀ ਬੋਲੀ ਕੀਤੀ ਜਾਵੇ। ਬੁਲਾਰੇ ਨੇ ਕਿਹਾ ਕਿ ਹੁਣ ਪਹਿਲਾ ਖਰੀਦਦਾਰ ਅਦਾਲਤ ਜਾ ਸਕਦਾ ਹੈ ਤੇ ਮਸਲਾ ਕਈ ਸਾਲਾਂ ਤੱਕ ਲਟਕ ਸਕਦਾ ਹੈ। ਇਸ ਲਈ ਇਹ ਚੱਕਾ ਜਾਮ ਕੀਤਾ ਜਾ ਰਿਹਾ ਹੈ। 

ਗੰਨਾ ਕਾਸ਼ਤਕਾਰਾਂ ਵੱਲੋਂ ਹਾਈਵੇਅ ਜਾਮ ਕਰਨ ਦੇ ਐਲਾਨ ਮਗਰੋਂ ਫਗਵਾੜਾ ਪੁਲਿਸ ਵੱਲੋਂ ਟ੍ਰੈਫਿਕ ਡਾਇਵਰਟ ਕਰ ਕੇ ਰੂਟ ਪਲਾਨ ਜਾਰੀ ਕਰ ਦਿੱਤਾ ਗਿਆ ਹੈ। ਧਰਨੇ ਕਾਰਨ ਲੋਕਾਂ ਦੀ ਜ਼ਿਆਦਾ ਖੱਜਲ-ਖੁਆਰੀ ਨਾ ਹੋਵੇ ਇਸ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਨੇ ਵੱਖ-ਵੱਖ ਰਸਤਿਆਂ ਰਾਹੀਂ ਟ੍ਰੈਫਿਕ ਨੂੰ ਕੱਢਣ ਲਈ ਇਕ ਰੂਟ ਪਲਾਨ ਤਿਆਰ ਕੀਤਾ ਹੈ।

ਪਲਾਨ ਅਨੁਸਾਰ ਦਿੱਲੀ-ਲੁਧਿਆਣਾ ਜਾਣ ਵਾਲੇ ਭਾਰੀ ਵਾਹਨਾਂ ਨੂੰ ਮੇਹਟਾਂ ਬਾਈਪਾਸ ਡਾਇਵਰਟ ਕਰ ਦਿੱਤਾ ਗਿਆ ਹੈ, ਉਥੇ ਹੀ ਲੁਧਿਆਣਾ-ਦਿੱਲੀ ਜਾਣ ਵਾਲੇ ਹਲਕੇ ਵਾਹਨਾਂ ਨੂੰ ਮੇਹਟਾ ਬਾਈਪਾਸ ਚੌਕ ਤੋਂ ਮੇਹਲੀ ਬਾਈਸਾਪਸ ਤੇ ਬਸਰਾ ਪੈਲੇਸ ਤੋਂ ਖੋਥੜਾ ਰੋਡ ਟੂ ਅਰਬਨ ਅਸਟੇਟ ਵੱਲ ਨੂੰ ਡਾਇਵਰਟ ਕਰ ਦਿੱਤਾ ਗਿਆ ਹੈ। ਕਿਸਾਨਾਂ ਦੇ ਧਰਨੇ ਦੇ ਮੱਦੇਨਜ਼ਰ ਮੱਦੇਨਜ਼ਰ ਜ਼ਿਲ੍ਹਾ ਕਪੂਰਥਲਾ ਅਧੀਨ ਪੈਂਦੀ ਫਗਵਾੜਾ ਸਬ-ਡਵੀਜ਼ਨ ਦੇ ਪੁਲਿਸ ਪ੍ਰਸ਼ਾਸਨ ਨੇ ਰੂਟ ਮੋੜ ਦਿੱਤੇ ਹਨ।

ਇਸ ਸਬੰਧੀ ਟਰੈਫਿਕ ਇੰਚਾਰਜ ਫਗਵਾੜਾ ਅਮਨ ਕੁਮਾਰ ਨੇ ਦੱਸਿਆ ਕਿ ਐਸਐਸਪੀ ਕਪੂਰਥਲਾ ਐਸਪੀ ਅਤੇ ਫਗਵਾੜਾ ਪ੍ਰਸ਼ਾਸਨ ਨੇ ਕਿਸਾਨਾਂ ਦੇ ਧਰਨੇ ਦੇ ਮੱਦੇਨਜ਼ਰ ਟਰੈਫਿਕ ਡਾਇਵਰਟ ਰੂਟ ਪਲਾਨ ਜਾਰੀ ਕੀਤਾ ਗਿਆ ਹੈ। ਜਿਸ ਤਹਿਤ ਜਲੰਧਰ ਤੋਂ ਦਿੱਲੀ ਜਾਣ ਵਾਲੀ ਟਰੈਫਿਕ ਨੂੰ ਮੇਹਟਾ ਬਾਈਪਾਸ ਤੋਂ ਭੁੱਲਾਰਾਈ ਰੋਡ ਵੱਲ ਭੇਜਿਆ ਜਾਵੇਗਾ। ਹਲਕੇ ਵਾਹਨਾਂ ਨੂੰ ਮੇਹਲੀ ਬਾਈਪਾਸ ਤੋਂ ਜੀ.ਟੀ ਰੋਡ ‘ਤੇ ਹਰਗੋਬਿੰਦ ਨਗਰ ਵੱਲ ਮੋੜ ਦਿੱਤਾ ਗਿਆ ਹੈ। ਇਸੇ ਤਰ੍ਹਾਂ ਜੰਡਿਆਲਾ ਤੋਂ ਹਦੀਆਬਾਦ, ਗੰਢਵਾ, ਮੇਹਟਾ ਵਾਇਆ ਜਲੰਧਰ ਜਾਣ ਵਾਲੀ ਟਰੈਫਿਕ ਨੂੰ ਐਲਪੀਯੂ ਰਾਹੀਂ ਮੋੜ ਦਿੱਤਾ ਗਿਆ ਹੈ। ਲੁਧਿਆਣਾ ਤੋਂ ਜਲੰਧਰ ਜਾਣ ਵਾਲਾ ਭਾਰੀ ਵਾਹਨ ਫਿਲੌਰ-ਨੂਰਮਹਿਲ ਜੰਡਿਆਲਾ ਤੋਂ ਹੁੰਦਾ ਹੋਇਆ ਜਲੰਧਰ ਪਹੁੰਚੇਗਾ, ਇਸੇ ਤਰ੍ਹਾਂ ਹਲਕਾ ਫਗਵਾੜਾ ਦੇ ਪਿੰਡ ਮੌਲੀ ਤੋਂ ਹਦੀਆ ਮਾੜੀ ਗੰਡ ਅਤੇ ਮਹਿਤਾਨ ਐਲ.ਪੀ.ਯੂ ਰਾਹੀਂ ਜਲੰਧਰ ਪਹੁੰਚੇਗਾ।

fresh sugarcane in garden.

ਸੰਯੁਕਤ ਕਿਸਾਨ ਮੋਰਚਾ ਦੇ ਬੈਨਰ ਹੇਠ ਕਿਸਾਨ ਖੰਡ ਮਿੱਲ ਵੱਲੋਂ ਗੰਨੇ ਦੀ ਬਕਾਇਆ ਰਾਸ਼ੀ ਨਾ ਮਿਲਣ ਦੇ ਵਿਰੋਧ ਵਿੱਚ ਧਰਨਾ ਪ੍ਰਦਰਸ਼ਨ ਕਰਨ ਜਾ ਰਹੇ ਹਨ । ਕਿਸਾਨਾਂ ਦਾ ਕਹਿਣਾ ਹੈ ਕਿ ਮਿੱਲ ਵੱਲ ਕਿਸਾਨਾਂ ਦੇ 72 ਕਰੋੜ ਰੁਪਏ ਬਕਾਇਆ ਫਸਿਆ ਹੋਇਆ ਹੈ ਪਰ ਨਾ ਤਾਂ ਸਰਕਾਰ ਇਸ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਨਾ ਹੀ ਸ਼ੂਗਰ ਮਿੱਲ ਦੇ ਪ੍ਰਬੰਧਕ ਪੈਸੇ ਦੇਣ ਦਾ ਨਾਮ ਲੈ ਰਹੇ ਹਨ।

ਦੱਸ ਦੇਈਏ ਕਿ ਦੋਆਬਾ ਕਿਸਾਨ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਧਰਨੇ ‘ਤੇ ਆਉਣ ਵਾਲੇ ਕਿਸਾਨ ਨੂੰ ਪੂਰੀ ਤਿਆਰੀ ਨਾਲ ਆਉਣ । ਉਹ ਟਰਾਲੀਆਂ ‘ਤੇ ਤਰਪਾਲਾਂ ਪਾ ਕੇ ਰਾਤ ਨੂੰ ਸੌਣ ਲਈ ਮੰਜੇ ਅਤੇ ਬਿਸਤਰੇ ਲੈ ਕੇ ਆਉਣ । ਉਨ੍ਹਾਂ ਕਿਹਾ ਕਿ ਗੰਨੇ ਦੀ ਅਦਾਇਗੀ ਨੂੰ ਲੈ ਕੇ ਉਨ੍ਹਾਂ ਦਾ ਇਹ ਧਰਨਾ ਅਣਮਿੱਥੇ ਸਮੇਂ ਲਈ ਹੈ । ਜਦੋਂ ਕਿਸਾਨਾਂ ਦੇ ਖਾਤੇ ਵਿੱਚ ਪੈਸੇ ਨਹੀਂ ਆਏ ਤਾਂ ਉਹ ਧਰਨੇ ਤੋਂ ਨਹੀਂ ਉੱਠਣਗੇ।