India

ਕਿਸਾਨ ਆਗੂ ਫਿਰ ਤੋਂ ਚੋਣ ਅਖਾੜੇ ‘ਚ ਉਤਰਨਗੇ: ਗੁਰਨਾਮ ਚੜੂਨੀ ਨੇ ਕੀਤਾ ਚੋਣਾਂ ਲੜਨ ਦਾ ਐਲਾਨ

ਹਰਿਆਣਾ : ਕਿਸਾਨ ਆਗੂ ਅਤੇ 2020 ਕਿਸਾਨ ਅੰਦੋਲਨ ਦੇ ਪ੍ਰਮੁੱਖ ਚਿਹਰੇ ਗੁਰਨਾਮ ਸਿੰਘ ਚੜੂਨੀ ਨੇ ਹਰਿਆਣਾ ਵਿਧਾਨ ਸਭਾ ਅਤੇ ਪੰਜਾਬ ਦੀਆਂ ਉਪ ਚੋਣਾਂ ਲੜਨ ਦਾ ਐਲਾਨ ਕੀਤਾ ਹੈ। ਗੁਰਨਾਮ ਚੜੂਨੀ ਨੇ ਬੀਤੀ ਸ਼ਾਮ ਇਹ ਐਲਾਨ ਕੀਤਾ ਹੈ। ਇਹ ਚੋਣਾਂ ਸੰਯੁਕਤ ਸੰਘਰਸ਼ ਪਾਰਟੀ (ਐਸਐਸਪੀ) ਦੇ ਬੈਨਰ ਹੇਠ ਲੜੀਆਂ ਜਾਣਗੀਆਂ। 2022 ਵਿੱਚ ਹਾਰ ਤੋਂ ਬਾਅਦ ਕਿਸਾਨ ਇੱਕ ਵਾਰ ਫਿਰ ਚੋਣ ਲੜਨਗੇ।

ਜਾਣਕਾਰੀ ਅਨੁਸਾਰ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ (ਸੰਯੁਕਤ ਸੰਘਰਸ਼ ਪਾਰਟੀ) ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਤੋਂ ਚੋਣ ਲੜੇਗੀ, ਜੋ ਲੋਕ ਸਭਾ ਚੋਣਾਂ ਤੋਂ ਬਾਅਦ ਖਾਲੀ ਹੋ ਗਈਆਂ ਹਨ। ਉਹ ਗਿੱਦੜਬਾਹਾ, ਬਰਨਾਲਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਵਿੱਚ ਆਪਣੇ ਕਿਸਾਨ ਆਗੂਆਂ ਨੂੰ ਮੈਦਾਨ ਵਿੱਚ ਉਤਾਰਨਗੇ। ਇੰਨਾ ਹੀ ਨਹੀਂ ਉਹ ਇਸ ਸਾਲ ਹੋਣ ਵਾਲੀਆਂ ਹਰਿਆਣਾ ਚੋਣਾਂ ਵੀ ਲੜਨਗੇ।

ਚੜੂਨੀ ਪੇਹਵਾ ਤੋਂ ਚੋਣ ਲੜਨਗੇ

ਇਸ ਦੌਰਾਨ ਚੜੂਨੀ ਨੇ ਖੁਦ ਚੋਣ ਲੜਨ ਦੀ ਗੱਲ ਕਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਖੁਦ ਪੇਹਵਾ ਤੋਂ ਚੋਣ ਲੜਨਗੇ। ਕਿਸੇ ਹੋਰ ਸੀਟ ਤੋਂ ਕੌਣ ਚੋਣ ਲੜੇਗਾ ਇਸ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ। ਇਸ ਬਾਰੇ ਐਸਐਸਪੀ ਦੇ ਸੀਨੀਅਰ ਆਗੂ ਮਿਲ ਕੇ ਫੈਸਲਾ ਕਰਨਗੇ।

2022 ਵਿੱਚ ਜ਼ਬਤ ਹੋਈਆਂ ਸਨ ਜਮਾਨਤਾਂ

ਇਹ ਪਹਿਲੀ ਵਾਰ ਨਹੀਂ ਹੈ ਕਿ ਕਿਸਾਨ ਆਗੂ ਮੈਦਾਨ ਵਿੱਚ ਉਤਰੇ ਹਨ। 2020 ਕਿਸਾਨ ਅੰਦੋਲਨ-1 ਦੀ ਸਮਾਪਤੀ ਤੋਂ ਬਾਅਦ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਵੀ ਕਿਸਾਨ ਆਗੂਆਂ ਨੇ ਚੋਣ ਲੜੀ ਸੀ। ਚੋਣ ਲੜਨ ਦੇ ਫੈਸਲੇ ਨੂੰ ਲੈ ਕੇ ਕਿਸਾਨ ਆਗੂਆਂ ਵਿੱਚ ਫੁੱਟ ਸੀ। ਜਿਸ ਦਾ ਖਮਿਆਜ਼ਾ ਚੋਣ ਲੜਨ ਵਾਲੇ ਕਿਸਾਨ ਆਗੂਆਂ ਨੂੰ ਭੁਗਤਣਾ ਪਿਆ ਸੀ। ਕਿਸਾਨ ਆਗੂਆਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਸਨ।

ਰਾਜੇਵਾਲ ਨੂੰ ਸਿਰਫ਼ 3.5% ਵੋਟਾਂ ਮਿਲੀਆ

ਦਿੱਲੀ ਦੀਆਂ ਸਰਹੱਦਾਂ ‘ਤੇ ਸਾਲ ਭਰ ਚੱਲੇ ਅੰਦੋਲਨ ਦੀ ਅਗਵਾਈ ਕਰਨ ਵਾਲੇ ਪੰਜਾਬ ਦੇ ਕਿਸਾਨਾਂ ਦੀ ਤਰਫੋਂ ਐਲਾਨੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਬਲਬੀਰ ਸਿੰਘ ਰਾਜੇਵਾਲ ਨੂੰ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ। ਉਹ ਛੇਵੇਂ ਸਥਾਨ ‘ਤੇ ਰਿਹਾ ਅਤੇ ਆਪਣੀ ਜਮਾਨਤ ਵੀ ਨਹੀਂ ਬਚਾ ਸਕਿਆ। ਉਨ੍ਹਾਂ ਨੂੰ ਲੁਧਿਆਣਾ ਜ਼ਿਲ੍ਹੇ ਦੇ ਸਮਰਾਲਾ ਵਿਧਾਨ ਸਭਾ ਹਲਕੇ ਵਿੱਚ ਸਿਰਫ਼ 3.5% ਵੋਟਾਂ ਮਿਲੀਆਂ ਸਨ।