Khetibadi Punjab

ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਲਿਆ ਕਰੜੀ ਹੱਥੀਂ

ਅੱਜ ਅੰਮ੍ਰਿਤਸਰ ਵਿਖੇ ਕਿਸਾਨ ਲੀਡਰ ਸਰਵਣ ਸਿੰਘ ਪੰਧੇਰ ਅਤੇ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਨੇ ਪ੍ਰੈਸ ਕਾਨਫਰੰਸ ਕਰਕੇ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ‘ਤੇ ਤਿੱਖੇ ਸ਼ਬਦੀ ਵਾਰ ਕੀਤੇ। ਉਨ੍ਹਾਂ ਇਲਜ਼ਾਮ ਲਾਇਆ ਕਿ ਦੋਵੇਂ ਸਰਕਾਰਾਂ ਇੱਕੋ ਮੱਤ ‘ਤੇ ਕੰਮ ਕਰ ਰਹੀਆਂ ਹਨ ਅਤੇ RSS ਅਤੇ ਕਾਰਪੋਰੇਟ ਪੱਖੀ ਨੀਤੀਆਂ ਨੂੰ ਅੱਗੇ ਵਧਾ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਭਾਜਪਾ ਫਿਰਕੂਪੁਣੇ ਦੀ ਸਿਆਸਤ ਨਾਲ ਚੋਣਾਂ ਜਿੱਤਦੀ ਹੈ, ਜਦਕਿ ਪੰਜਾਬ ਸਰਕਾਰ ਵੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਕਿਸਾਨ-ਮਜ਼ਦੂਰਾਂ ਨੂੰ ਸ਼ਹਿਰੀਆਂ ਅਤੇ ਵਪਾਰੀਆਂ ਦੇ ਮੁਕਾਬਲੇ ਖੜ੍ਹਾ ਕਰਕੇ ਲੁਧਿਆਣਾ ਦੀਆਂ ਚੋਣਾਂ ਜਿੱਤਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਲੁਧਿਆਣਾ ਵਿੱਚ 24311 ਏਕੜ ਜ਼ਮੀਨ ਐਕਵਾਇਰ ਕਰਨ ਲਈ ਲਿਆਂਦੀ ਲੈਂਡ ਪੂਲਿੰਗ ਨੀਤੀ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਇਸ ਨੀਤੀ ਨੂੰ ਚੰਗਾ ਦੱਸਣ ਲਈ ਕਰੋੜਾਂ ਰੁਪਏ ਦਾ ਪ੍ਰਚਾਰ ਕਰ ਰਹੀ ਹੈ, ਪਰ ਅਸਲ ਵਿੱਚ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

ਸਰਕਾਰ ਦੀ ਯੋਜਨਾ ਮੁਤਾਬਕ, ਇੱਕ ਏਕੜ ਦੇ ਬਦਲੇ 1000 ਗਜ਼ ਰਿਹਾਇਸ਼ੀ ਪਲਾਟ (30 ਹਜ਼ਾਰ ਰੁਪਏ ਪ੍ਰਤੀ ਗਜ਼) ਅਤੇ 200 ਗਜ਼ ਕਮਰਸ਼ੀਅਲ ਪਲਾਟ (60 ਹਜ਼ਾਰ ਰੁਪਏ ਪ੍ਰਤੀ ਗਜ਼) ਦਿੱਤੇ ਜਾਣਗੇ, ਪਰ ਇਸ ਨਾਲ ਕਿਸਾਨਾਂ ਦੀ 16.2 ਕਰੋੜ ਰੁਪਏ ਦੀ ਲੁੱਟ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਖੇਤੀ ਲਾਹੇਵੰਦ ਬਣਾਉਣ ਵਾਲੀਆਂ ਨੀਤੀਆਂ ਦੀ ਲੋੜ ਹੈ, ਨਾ ਕਿ ਬਹੁਮੁੱਲੀ ਜ਼ਮੀਨਾਂ ਨੂੰ ਕੰਕਰੀਟ ਦੇ ਜੰਗਲਾਂ ਵਿੱਚ ਬਦਲਣ ਦੀ।

ਉਨ੍ਹਾਂ ਮੁੱਖ ਮੰਤਰੀ ਦੇ ਚਰਚਾ ਦੇ ਚੈਲੰਜ ਨੂੰ ਕਬੂਲ ਕਰਦਿਆਂ ਕਿਹਾ ਕਿ ਉਹ ਇਸ ਨੀਤੀ ‘ਤੇ ਸਵਾਲ ਚੁੱਕਣਗੇ। ਸਰਕਾਰ ਦੇ ਵਾਅਦਿਆਂ ‘ਤੇ ਭਰੋਸਾ ਨਹੀਂ, ਕਿਉਂਕਿ MSP, ਭਾਰਤ ਮਾਲਾ ਪ੍ਰੋਜੈਕਟ ਅਤੇ ਹੋਰ ਵਾਅਦੇ ਪੂਰੇ ਨਹੀਂ ਹੋਏ। ਉਨ੍ਹਾਂ ਅੰਮ੍ਰਿਤਸਰ ਦੇ ਮਾਨਾਵਾਲਾ ਵਿੱਚ ਜ਼ਮੀਨ ਦੀਆਂ ਘਟੀਆਂ ਕੀਮਤਾਂ ਅਤੇ ਗੁਰਦਾਸਪੁਰ ਵਿੱਚ ਅ-ਸਮਾਨ ਮੁਆਵਜ਼ੇ ਦੀਆਂ ਸਮੱਸਿਆਵਾਂ ਵੀ ਚੁੱਕੀਆਂ। ਉਹਨਾਂ ਖੇਤੀ ਰਾਜ ਮੰਤਰੀ ਵੈਸ਼ਨਵ ‘ਤੇ MSP ਵਾਧੇ ਬਾਰੇ ਗੁੰਮਰਾਹ ਕਰਨ ਦਾ ਇਲਜ਼ਾਮ ਲਾਇਆ ਅਤੇ MSP ਗਾਰੰਟੀ ਕਾਨੂੰਨ ਦੀ ਮੰਗ ਦੁਹਰਾਈ।

ਸੂਬਾ ਆਗੂ ਜਰਮਨ ਜੀਤ ਬੰਡਾਲਾ ਅਤੇ ਕੰਵਰਦਲੀਪ ਸੈਦੋ ਲੇਹਲ ਨੇ ਪੰਜਾਬ ਵਿੱਚ ਪੁਲਿਸ ਰਾਜ ਦੀ ਨਿਖੇਧੀ ਕੀਤੀ, ਨਰਿੰਦਰਦੀਪ ਸਿੰਘ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਅਤੇ ਕਾਕਾ ਸਿੰਘ ਕੋਟੜਾ ਸਮੇਤ ਗ੍ਰਿਫਤਾਰ ਕਿਸਾਨਾਂ ਦੀ ਰਿਹਾਈ ਦੀ ਮੰਗ ਕੀਤੀ।