Punjab

‘ਪੰਜਾਬ ਸਰਕਾਰ ਦੀ ਕਿਸਾਨਾਂ ਨਾਲ ਪੰਗਾ ਲੈਣ ਦੀ ਹਿੰਮਤ ਨਹੀਂ’ ! ਜੇਕਰ ਲਿਆ ਤਾਂ …

Cm mann meet farmer leader

ਚੰਡੀਗੜ੍ਹ : ਕਿਸਾਨੀ ਮੰਗਾਂ ਨੂੰ ਲੈ ਕੇ ਅੱਜ ਕਿਸਾਨ ਲੀਡਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਮੀਟਿੰਗ ਕੀਤੀ ਹੈ। ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਡੱਲੇਵਾਲ ਨੇ ਕਿਹਾ ਕਿ ਸਰਕਾਰ ਨੇ ਸਾਡੀਆਂ ਬਹੁਤੀਆਂ ਮੰਗਾਂ ਉੱਤੇ ਭਰੋਸਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰਾਂ ਨਾਲ ਜਦੋਂ ਵੀ ਮੀਟਿੰਗਾਂ ਹੁੰਦੀਆਂ ਹਨ, ਸਰਕਾਰਾਂ ਬਹੁਤ ਸਾਰੀਆਂ ਗੱਲਾਂ ਮੰਨ ਜਾਂਦੀਆਂ ਹੁੰਦੀਆਂ ਹਨ ਪਰ ਅਸਲ ਪਤਾ ਉਦੋਂ ਲੱਗਦਾ ਹੈ ਜਦੋਂ ਸਰਕਾਰ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਦੀ ਹੈ ਜਾਂ ਨਹੀਂ। ਡੱਲੇਵਾਲ ਨੇ ਸਰਕਾਰ ਨੂੰ ਹਲੂਣਾ ਮਾਰਦਿਆਂ ਕਿਹਾ ਕਿ ਜੇ ਸਰਕਾਰ ਨੇ ਮੰਨੀਆਂ ਹੋਈਆਂ ਮੰਗਾਂ ਲਾਗੂ ਕੀਤੀਆਂ ਹੁੰਦੀਆਂ ਤਾਂ ਲੋਕਾਂ ਨੂੰ ਸੜਕ ਉੱਤੇ ਨਾ ਆਉਣਾ ਪੈਂਦਾ।

ਕਿਸਾਨਾਂ ਦੀਆਂ ਕਿਹੜੀਆਂ ਮੰਗਾਂ ‘ਤੇ ਵਿਚਾਰ ਹੋਈ ?

• ਸਰਕਾਰ ਨੇ ਕਿਸਾਨਾਂ ਦਾ ਕੱਲਾ ਕੱਲਾ ਦਾਣਾ ਚੁੱਕਣ ਦਾ ਭਰੋਸਾ ਦਿੱਤਾ ਹੈ।
• ਉਹਨਾਂ ਨੇ ਕਿਹਾ ਕਿ ਸਰਕਾਰ ਦੇ ਸ਼ਹੀਦ ਕਿਸਾਨਾਂ ਦੇ 323 ਬੱਚਿਆਂ ਨੂੰ ਨੌਕਰੀਆਂ ਦੇ ਦੇਣ ਦਾ ਦਾਅਵਾ ਕੀਤਾ ਹੈ ਅਤੇ ਬਾਕੀਆਂ ਨੂੰ ਜਲਦ ਕਵਰ ਕਰਨ ਦੀ ਗੱਲ ਆਖੀ ਹੈ।
• ਡੱਲੇਵਾਲ ਨੇ ਦੱਸਿਆ ਕਿ ਸਰਕਾਰ ਨੇ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਲਈ 13 ਕਰੋੜ ਦੇ ਦਿੱਤਾ ਹੈ, ਬਾਕੀ 12 ਕਰੋੜ ਕਿਸਾਨਾਂ ਨੂੰ ਸਰਕਾਰ ਵੱਲੋਂ ਜਲਦ ਦਿੱਤੇ ਜਾਣਗੇ।
• ਡੱਲੇਵਾਲ ਨੇ ਸਰਕਾਰ ਨੂੰ ਸ਼ੂਗਰ ਮਿੱਲਾਂ 5 ਨਵੰਬਰ ਤੋਂ ਲੇਟ ਨਾ ਚਲਾਉਣ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਜੇ ਸ਼ੂਗਰ ਮਿੱਲਾਂ 5 ਨਵੰਬਰ ਤੋਂ ਲੇਟ ਚੱਲੀਆਂ ਤਾਂ ਸਾਨੂੰ ਇਸਦੇ ਖਿਲਾਫ਼ ਸੰਘਰਸ਼ ਵਿੱਢਣਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ 5 ਨਵੰਬਰ ਤੱਕ ਸ਼ੂਗਰ ਮਿੱਲਾਂ ਚਲਾਉਣ ਦਾ ਭਰੋਸਾ ਤਾਂ ਦਿੱਤਾ ਹੈ ਪਰ ਇਹ ਲਾਗੂ ਹੁੰਦਾ ਹੈ ਜਾਂ ਨਹੀਂ, ਇਹ ਤਾਂ ਸਮੇਂ ਉੱਤੇ ਹੀ ਨਿਰਭਰ ਹੈ।
• ਪੰਜਾਬ ਦੇ ਅੰਦਰ 80 ਫ਼ੀਸਦੀ ਨੌਕਰੀਆਂ ਪੰਜਾਬ ਦੇ ਮੁੰਡਿਆਂ ਨੂੰ ਸਿੱਧੀਆਂ ਮਿਲਣਗੀਆਂ। ਬਾਕੀ 20 ਫ਼ੀਸਦੀ ਬਾਹਰਲਿਆਂ ਨੂੰ ਤਾਂ ਹੀ ਦਿੱਤੀਆਂ ਜਾਣਗੀਆਂ ਜੇ ਉਨ੍ਹਾਂ ਨੇ ਦਸਵੀਂ ਤੱਕ ਪੰਜਾਬੀ ਪੜੀ ਹੋਵੇ। ਉਸਦਾ ਪੰਜਾਬੀ ਲਈ ਲਿਖਤੀ ਟੈਸਟ ਲਿਆ ਜਾਵੇ।
• ਕਿਸਾਨਾਂ ਨੂੰ ਬਾਹਰ ਜ਼ਮੀਨ ਖਰੀਦਣ ਉੱਤੇ ਰੋਕ ਲੱਗੀ ਹੈ ਪਰ ਪੰਜਾਬ ਵਿੱਚ ਬਾਹਰੋਂ ਆ ਕੇ ਕਿਸਾਨ ਇੱਥੇ ਜ਼ਮੀਨ ਖਰੀਦਦੇ ਹਨ। ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਅਸੀਂ ਦੂਜੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਕਰਾਂਗੇ ਅਤੇ ਕਿਸਾਨਾਂ ਨੂੰ ਬਾਹਰ ਜ਼ਮੀਨ ਖਰੀਦਣ ਦਾ ਹੱਕ ਦਿਵਾਵਾਂਗੇ ਨਹੀਂ ਤਾਂ ਪੰਜਾਬ ਵਿੱਚ ਬਾਹਰਲੇ ਕਿਸਾਨਾਂ ਨੂੰ ਜ਼ਮੀਨ ਖਰੀਦਣਾ ਬੰਦ ਕਰਾਂਗੇ।
• ਪਰਾਲੀ ਦੇ ਮੁੱਦੇ ਬਾਰੇ ਬੋਲਦਿਆਂ ਡੱਲੇਵਾਲ ਨੇ ਕਿਹਾ ਕਿ ਅਸੀਂ ਪਰਾਲੀ ਨਾ ਸਾੜਨ ਦੇ ਬਦਲੇ ਕਿਸਾਨਾਂ ਨੂੰ 6 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਮੰਗ ਸਰਕਾਰ ਅੱਗੇ ਰੱਖੀ ਹੈ। ਸਰਕਾਰ ਨੇ ਇੱਕ ਦੋ ਦਿਨਾਂ ਵਿੱਚ ਇਸ ਮੁੱਦੇ ਉੱਤੇ ਮੀਟਿੰਗ ਕਰਨ ਦਾ ਭਰੋਸਾ ਦਿੱਤਾ ਹੈ।
• ਡੱਲੇਵਾਲ ਨੇ ਕਿਹਾ ਕਿ ਸਰਕਾਰ ਨੇ ਲੰਪੀ ਸਕਿਨ ਨਾਲ ਮਰੇ ਪਸ਼ੂਆਂ ਦਾ ਪੋਸਟ ਮਾਰਟਮ ਕਰਵਾਉਣ ਦੇ ਲਈ ਕਿਹਾ ਸੀ, ਜਿਸ ਤੋਂ ਬਾਅਦ ਹੀ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਣਾ ਸੀ। ਪਰ ਅੱਜ ਅਸੀਂ ਸਰਕਾਰ ਅੱਗੇ ਮ੍ਰਿਤਕ ਪਸ਼ੂਆਂ ਦਾ ਪੋਸਟ ਮਾਰਟਮ ਨਾ ਕਰਵਾ ਕੇ ਪ੍ਰਭਾਵਿਤ ਕਿਸਾਨਾਂ ਨੂੰ ਸਿੱਧਾ ਮੁਆਵਜ਼ਾ ਦੇਣ ਦੀ ਮੰਗ ਰੱਖੀ ਹੈ, ਜਿਸਨੂੰ ਸਰਕਾਰ ਨੇ ਸਵੀਕਾਰ ਕਰ ਲਿਆ ਹੈ।

ਡੱਲੇਵਾਲ ਨੇ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਦਾ ਜਲਦ ਹੱਲ ਕਰਨ ਦੀ ਚਿਤਾਵਨੀ ਦਿੱਤੀ ਹੈ। ਮੰਗਾਂ ਨਾ ਮੰਨੇ ਜਾਣ ਉੱਤੇ ਉਨ੍ਹਾਂ ਨੇ ਸੰਘਰਸ਼ ਵਿੱਢਣ ਦੀ ਚਿਤਾਵਨੀ ਵੀ ਦਿੱਤੀ ਹੈ। ਡੱਲੇਵਾਲ ਨੇ ਕਿਹਾ ਕਿ ਸਰਕਾਰ ਦੀ ਕਿਸਾਨਾਂ ਨਾਲ ਪੰਗਾ ਲੈਣ ਦੀ ਹਿੰਮਤ ਨਹੀਂ ਹੈ। ਜੇ ਸਰਕਾਰ ਕਿਸਾਨਾਂ ਨਾਲ ਛੇੜਛਾੜ ਕਰੇਗੀ ਤਾਂ ਸਾਡੀ ਲੜਾਈ ਗਰਾਊਂਡ ਲੈਵਲ ਉੱਤੇ ਵੱਡੇ ਪੱਧਰ ਉੱਤੇ ਹੋਵੇਗੀ।