India Punjab

ਖੇਤੀ ਕਾਨੂੰਨ ਵੀ ਰੱਦ ਹੋਣਗੇ ਅਤੇ ਸਰਕਾਰ ਦੀ ਬਦਨਾਮੀ ਵੀ ਹੋਵੇਗੀ – ਕਿਸਾਨ ਲੀਡਰ ਚੜੂਨੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਬੀਬੀਸੀ ਨੂੰ ਇੰਟਰਵਿਊ ਦਿੰਦਿਆਂ ਕਿਹਾ ਕਿ ‘ਕਿਸਾਨੀ ਅੰਦੋਲਨ ਪੰਜਾਬ ਤੋਂ ਸ਼ੁਰੂ ਹੋਇਆ ਸੀ, ਜੋ ਕਿ ਅੱਜ ਪੂਰੇ ਦੇਸ਼ ਵਿੱਚ ਫੈਲ ਗਿਆ ਹੈ। ਇਹ ਇਸ ਅੰਦੋਲਨ ਦੀ ਉਪਲੱਬਧੀ ਹੈ। ਇਹ ਅੰਦੋਲਨ ਕਿਸਾਨਾਂ ਤੋਂ ਸ਼ੁਰੂ ਹੋਇਆ ਸੀ, ਪਰ ਅੱਜ ਵੱਡੇ-ਵੱਡੇ ਬੁੱਧੀਜੀਵੀਆਂ, ਅਫਸਰਾਂ ਤੱਕ ਇਹ ਅੰਦੋਲਨ ਪਹੁੰਚ ਗਿਆ ਹੈ। ਕੱਲ੍ਹ ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਵੀ ਕਿਸਾਨੀ ਅੰਦੋਲਨ ਦਾ ਸਮਰਥਨ ਕੀਤਾ ਹੈ।

ਬੀਜੇਪੀ ਨੇ ਜਾਤੀਵਾਦੀ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਸੀ, ਜਿਸ ‘ਚ ਉਹ ਕਾਮਯਾਬ ਨਹੀਂ ਹੋ ਸਕੇ। ਕੇਂਦਰ ਸਰਕਾਰ ਹਾਲੇ ਤੱਕ ਖੇਤੀ ਕਾਨੂੰਨਾਂ ਨੂੰ ਰੱਦ ਨਾ ਕਰਨ ‘ਤੇ ਅੜੀ ਹੋਈ ਹੈ, ਪਰ ਅਸੀਂ ਪਹਿਲਾਂ ਹੀ ਕਹਿ ਕੇ ਆਏ ਸੀ ਕਿ ਅਸੀਂ ਛੇ ਮਹੀਨਿਆਂ ਦੀ ਤਿਆਰੀ ਕਰਕੇ ਆਏ ਸੀ ਅਤੇ ਉਸ ਤਿਆਰੀ ਦੇ ਤਹਿਤ ਸਾਨੂੰ ਹਾਲੇ ਸਾਢੇ ਤਿੰਨ ਮਹੀਨੇ ਹੋਏ ਹਨ, ਸਾਡੇ ‘ਚ ਅਜੇ ਢਾਈ ਮਹੀਨੇ ਹੋਰ ਬੈਠਣ ਦੀ ਗੁੰਜਾਇਸ਼ ਹੈ। ਗਰਮੀਆਂ ਤੋਂ ਬਚਾਅ ਲਈ ਅਸੀਂ ਏਸੀ ਲਾ ਦਿੱਤੇ ਹਨ’।

ਕਦੋਂ ਤੱਕ ਚੱਲੇਗਾ ਅੰਦੋਲਨ ?

ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ‘20 ਜੁਲਾਈ ਨੂੰ ਸਾਡਾ ਟਰੈਕਟਰਾਂ ਦਾ ਪਹਿਲਾ ਪ੍ਰਦਰਸ਼ਨ ਸੀ, ਉਸ ਸਮੇਂ ਵੀ ਬਹੁਤ ਗਰਮੀ ਸੀ। ਅੰਦੋਲਨ ਅਸੀਂ ਖੇਤੀ ਕਾਨੂੰਨ ਰੱਦ ਹੋਣ ਤੱਕ ਸ਼ਾਂਤੀਪੂਰਵਕ ਤਰੀਕੇ ਨਾਲ ਜਾਰੀ ਰੱਖਾਂਗੇ। ਅਸੀਂ ਸਾਲ 2024 ਤੱਕ ਵੀ ਅੰਦੋਲਨ ਚਲਾਵਾਂਗੇ ਕਿਉਂਕਿ ਉਦੋਂ ਚੋਣਾਂ ਹਨ ਅਤੇ ਜਦੋਂ ਅਗਲੀ ਸਰਕਾਰ ਬਣੇਗੀ ਤੇ ਜੇ ਉਸਨੇ ਕਾਨੂੰਨ ਬਦਲ ਦਿੱਤੇ ਤਾਂ ਠੀਕ ਹੈ, ਜੇ ਉਸ ਸਰਕਾਰ ਨੇ ਵੀ ਕਾਨੂੰਨ ਨਾ ਬਦਲੇ ਤਾਂ ਅੰਦੋਲਨ ਫਿਰ ਚਲਾਵਾਂਗੇ’।

ਬੀਜੇਪੀ ਤੋਂ ਖਤਮ ਹੋਇਆ ਵਿਸ਼ਵਾਸ – ਚੜੂਨੀ

ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ‘ਬੀਜੇਪੀ ਬੇਇਤਬਾਰੀ ਪਾਰਟੀ ਹੈ, ਜੇ ਇਹ ਕਹਿ ਰਹੀ ਹੈ ਕਿ ਇਹ ਕਾਨੂੰਨ ਕੁੱਝ ਸਮੇਂ ਲਈ ਮੁਅੱਤਲ ਕਰ ਦੇਵੇਗੀ, ਤਾਂ ਵੀ ਇਸ ‘ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਕਿ ਬੀਜੇਪੀ ਬਾਅਦ ਵਿੱਚ ਕਾਨੂੰਨ ਰੱਦ ਕਰ ਦੇਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰ ਵਾਰ ਝੂਠ ਹੀ ਬੋਲਦੇ ਹਨ, ਉਨ੍ਹਾਂ ਤੋਂ ਵਿਸ਼ਵਾਸ ਹੀ ਖਤਮ ਹੋ ਗਿਆ ਹੈ। ਜਦੋਂ ਅਸੀਂ ਇਹ ਕਾਨੂੰਨ ਮੰਗੇ ਹੀ ਨਹੀਂ ਤਾਂ ਬਿਨਾਂ ਮੰਗ ਕੀਤਿਆਂ ਹੀ ਸਾਡੇ ‘ਤੇ ਇਹ ਕਾਨੂੰਨ ਥੋਪੇ ਗਏ ਹਨ। ਕਾਨੂੰਨ ਥੋਪ ਕੇ ਇਹ ਕਹਿੰਦੇ ਹਨ ਕਿ ਇਸ ਨਾਲ ਕਿਸਾਨਾਂ ਦਾ ਬਹੁਤ ਫਾਇਦਾ ਹੋਵੇਗਾ। ਪੂਰਾ ਦੇਸ਼ ਕਹਿ ਰਿਹਾ ਹੈ ਕਿ ਸਾਨੂੰ ਇਹ ਫਾਇਦਾ ਨਹੀਂ ਚਾਹੀਦਾ। ਸਾਰੇ ਦੇਸ਼ ਦਾ ਖੇਤੀਬਾੜੀ ਕਾਰੋਬਾਰ ਇਨ੍ਹਾਂ ਕਾਨੂੰਨਾਂ ਦੇ ਜ਼ਰੀਏ ਕਾਰਪੋਰੇਟ ਦੇ ਹਵਾਲੇ ਕੀਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸਾਡੇ 50-60 ਪ੍ਰਤੀਸ਼ਤ ਲੋਕਾਂ ਦਾ ਰੁਜ਼ਗਾਰ ਹੀ ਇਸ ‘ਤੇ ਨਿਰਭਰ ਕਰਦਾ ਹੈ, ਜੇ ਇਹੀ ਕਾਰਪੋਰੇਟ ਦੇ ਹਵਾਲੇ ਹੋ ਗਿਆ ਤਾਂ ਨੌਜਵਾਨ ਭੁੱਖਾ ਮਰੇਗਾ’।

ਖੇਤੀ ਕਾਨੂੰਨ ਰੱਦ ਕਰਨ ਨਾਲ ਸਰਕਾਰ ਨੂੰ ਹੀ ਹੋਵੇਗਾ ਫਾਇਦਾ – ਚੜੂਨੀ

ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ‘ਜਨਤਾ ਦੇ ਵਿੱਚ ਪਰਮਾਤਮਾ ਵੱਸਦਾ ਹੈ ਅਤੇ ਅਸੀਂ ਪਰਤਾਮਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਇਸ ਅੰਦੋਲਨ ਦੀ, ਜਨਤਾ ਦੀਆਂ ਭਾਵਨਾਵਾਂ ਦੀ ਆਵਾਜ਼ ਜ਼ਰੂਰ ਸੁਣਨ ਅਤੇ ਅੰਦੋਲਨ ਸਫਲ ਹੋਵੇ। ਅਸੀਂ ਖੇਤੀ ਕਾਨੂੰਨਾਂ ਨੂੰ ਬਿਲਕੁਲ ਖਤਮ ਕਰਨਾ ਚਾਹੰਦੇ ਹਾਂ, ਇਸ ਨਾਲ ਸਰਕਾਰ ਨੂੰ ਕੋਈ ਨੁਕਸਾਨ ਨਹੀਂ ਹੈ, ਸਗੋਂ ਫਾਇਦਾ ਹੈ। ਇਹ ਕਾਨੂੰਨ ਬਣਨ ਤੋਂ ਪਹਿਲਾਂ ਵੀ ਕਿਸਾਨ ਸੁਖੀ ਨਹੀਂ ਸੀ। ਪਿਛਲੇ 20 ਸਾਲਾਂ ਵਿੱਚ ਸਾਢੇ ਤਿੰਨ ਤੋਂ ਚਾਰ ਲੱਖ ਕਿਸਾਨਾਂ ਨੇ ਸਿਰਫ ਕਰਜ਼ੇ ਕਰਕੇ ਖੁਦਕੁਸ਼ੀਆਂ ਕਰ ਲਈਆਂ ਹਨ। ਕਰੋੜਾਂ ਲੋਕ ਭੁੱਖ ਨਾਲ ਮਰ ਗਏ, ਬਿਮਾਰੀ ਨਾਲ ਮਰ ਗਏ, ਅਸੀਂ ਤਾਂ ਪਹਿਲਾਂ ਵੀ ਕਿਹੜਾ ਸੁਖੀ ਹਾਂ’।

ਹਿੰਦੁਸਤਾਨ ਦਾ ਰਹਿ ਕੀ ਗਿਆ ?

ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ‘ਸਾਰਾ ਦੇਸ਼ ਤਾਂ ਪੂੰਜੀਪਤੀਆਂ ਨੇ ਖਰੀਦ ਲਿਆ ਤਾਂ ਫਿਰ ਇਹ ਦੇਸ਼ ਆਜ਼ਾਦ ਕਿਵੇਂ ਹੋਇਆ ? ਇੱਥੇ ਰੇਲਗੱਡੀਆਂ, ਹਵਾਈ ਜਹਾਜ਼, ਬੰਦਰਗਾਹਾਂ, ਸੜਕਾਂ ਗੁਲਾਮ ਹੋ ਗਈਆਂ ਹਨ। ਬੈਂਕ ਸਾਡੇ ਨਹੀਂ ਰਹੇ, ਕੰਪਨੀਆਂ ਸਾਡੀਆਂ ਨਹੀਂ ਰਹੀਆਂ, ਫਿਰ ਹਿੰਦੁਸਤਾਨ ਦਾ ਰਹਿ ਕੀ ਗਿਆ ਹੈ’।

ਖੇਤੀ ਕਾਨੂੰਨ ਰੱਦ ਹੋਣ ਨਾਲ ਵੀ ਨਹੀਂ ਖਤਮ ਹੋਵੇਗਾ ਕਿਸਾਨੀ ਸੰਕਟ – ਚੜੂਨੀ

ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ‘ਖੇਤੀ ਕਾਨੂੰਨ ਰੱਦ ਹੋਣ ਨਾਲ ਕਿਸਾਨੀ ਸੰਕਟ ਤਾਂ ਖਤਮ ਨਹੀਂ ਹੋਵੇਗਾ ਪਰ ਇਸ ਨਾਲ ਇਹ ਜੋ ਹੁਣ ਵੇਚ ਰਹੇ ਹਨ, ਉਹ ਵਿਕਣ ਤੋਂ ਬਚ ਜਾਵੇਗਾ। ਸਾਡੀਆਂ ਸਾਰੀਆਂ ਜ਼ਮੀਨਾਂ ਬੈਂਕਾਂ ਕੋਲ ਹਨ ਪਰ ਇਨ੍ਹਾਂ ਕਾਨੂੰਨਾਂ ਨਾਲ ਅਸੀਂ ਵਿਕ ਜਾਵਾਂਗੇ’।

ਕਿਸਾਨ ਲੀਡਰਾਂ ‘ਚ ਏਕਤਾ ਪੂਰੀ ਬਰਕਰਾਰ ਹੈ – ਚੜੂਨੀ

ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ‘ਕਿਸਾਨ ਲੀਡਰਾਂ ਵਿੱਚ ਏਕਤਾ ਪੂਰੀ ਬਰਕਰਾਰ ਹੈ। ਸਾਡੀ ਮੁੱਦੇ ‘ਤੇ ਏਕਤਾ ਹੈ। ਇਸ ਮੁੱਦੇ ਵਾਸਤੇ ਦੇਸ਼ ਦੇ ਸਾਰੇ ਸੰਗਠਨ ਇਕੱਠੇ ਹਨ, ਭਾਵੇਂ ਜੋ ਇੱਥੇ ਨਹੀਂ ਆਏ, ਉਹ ਵੀ ਸਾਨੂੰ ਆਪਣੀਆਂ ਜਗ੍ਹਾਵਾਂ ਤੋਂ ਪੂਰਾ ਸਮਰਥਨ ਦੇ ਰਿਹਾ ਹੈ’।

ਪੱਛਮੀ ਬੰਗਾਲ ‘ਚ ਨਹੀਂ ਬਣੇਗੀ ਬੀਜੇਪੀ ਪਾਰਟੀ – ਚੜੂਨੀ

ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ‘ਇਹ ਇੱਕ ਲੜਾਈ ਹੈ, ਜਿਸ ਵਿੱਚ ਰਿਸਕ ਤਾਂ ਲੈਣਾ ਹੀ ਪੈਂਦਾ ਹੈ। ਦੋਵਾਂ ਪਾਸਿਆਂ ਦਾ ਨੁਕਸਾਨ ਵੀ ਹੋ ਸਕਦਾ ਹੈ, ਸਾਡਾ ਨੁਕਸਾਨ ਵੀ ਹੋ ਸਕਦਾ ਹੈ ਅਤੇ ਦੂਜੇ ਪਾਸੇ ਦਾ ਨੁਕਸਾਨ ਵੀ ਹੋ ਸਕਦਾ ਹੈ। ਇਹ ਤਾਂ ਉਸ ਮਾਲਕ ਨੂੰ ਪਤਾ ਹੈ, ਸਾਡਾ ਤਾਂ ਕਰਮ ਕਰਨਾ ਫਰਜ਼ ਹੈ, ਲੜਾਈ ਲੜਨਾ ਫਰਜ਼ ਹੈ। ਪੱਛਮੀ ਬੰਗਾਲ ਵਿੱਚ ਮਾਹੌਲ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਬੀਜੇਪੀ ਪੱਕਾ ਹਾਰੇਗੀ। ਹਾਂ, ਜੇ ਈਵੀਐੱਮ (Electronic Voting Machine) ਨੇ ਇਨ੍ਹਾਂ ਦੀ ਮਦਦ ਕਰ ਦਿੱਤੀ ਤਾਂ ਫਿਰ ਰੱਬ ਜਾਣੇ’।

ਬੀਜੇਪੀ ਦਾ ਵਿਰੋਧ ਜਾਰੀ ਰਹੇਗਾ – ਚੜੂਨੀ

ਗੁਰਨਾਮ ਸਿੰਘ ਚੜੂਨੀ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ‘70 ਸਾਲ ਤੋਂ ਅਸੀਂ ਇਨ੍ਹਾਂ ਰਾਜਨੀਤਿਕਾਂ ਨੂੰ ਵੋਟ ਦਿੰਦੇ ਆ ਰਹੇ ਹਾਂ। ਹੁਣ, ਅਸੀਂ ਇੱਕ ਵਾਰੀ ਜਨਤਾ ਵਾਸਤੇ ਜਨਤਾ ਕੋਲੋਂ ਪੱਲਾ ਪਸਾਰ ਕੇ ਵੋਟ ਮੰਗੀ ਹੈ ਕਿ ਇਨ੍ਹਾਂ ਦਾ ਬਾਈਕਾਟ ਕਰੋ। ਅਸੀਂ ਇਨ੍ਹਾਂ ਨੂੰ ਕਿਉਂ ਆਪਣੇ ਪਿੰਡਾਂ ਵਿੱਚ ਵੜ੍ਹਨ ਦੇਈਏ, ਪਿੰਡ ਸਾਡੇ ਹਨ। ਅਸੀਂ ਹਰਿਆਣਾ ਦੇ ਲੋਕਾਂ ਨੂੰ ਵਧਾਈ ਦਿੰਦੇ ਹਾਂ ਜੋ ਇਨ੍ਹਾਂ ਨੂੰ ਜਗ੍ਹਾ-ਜਗ੍ਹਾ ਤੋਂ ਭਜਾ ਰਹੇ ਹਨ। ਬਸ, ਲੋਕਾਂ ਨੂੰ ਅਸੀਂ ਇੰਨੀ ਅਪੀਲ ਕਰਦੇ ਹਾਂ ਕਿ ਉਹ ਇਨ੍ਹਾਂ ਲੀਡਰਾਂ ਨੂੰ ਪੁੱਠਾ ਨਾ ਬੋਲਣ’।

26 ਜਨਵਰੀ ਨੂੰ ਨਹੀਂ ਦਿੱਤੀ ਸੀ ਕੋਈ ਭੜਕਾਊ ਕਾਲ – ਚੜੂਨੀ

ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ‘26 ਜਨਵਰੀ ਨੂੰ ਅਸੀਂ ਕੋਈ ਵੀ ਭੜਕਾਊ ਕਾਲ ਨਹੀਂ ਦਿੱਤੀ ਸੀ। ਮੈਂ ਕਿਸਾਨਾਂ ਨੂੰ ਇਹ ਕਿਹਾ ਸੀ ਕਿ ਜੇ ਦਿੱਲੀ ਪੁਲਿਸ ਕਿਸੇ ਵੀ ਕਿਸਾਨ ਨੂੰ ਨੋਟਿਸ ਭੇਜਦੀ ਹੈ ਤਾਂ ਕੋਈ ਵਾ ਪੇਸ਼ ਨਾ ਹੋਵੇ। ਲੋਕਾਂ ਨੂੰ 1700 ਨੋਟਿਸ ਆਏ ਹਨ। ਇਹ ਕਿੱਧਰ ਦੀ ਗੱਲ ਹੈ। ਜੇ ਦਿੱਲੀ ਪੁਲਿਸ ਤੁਹਾਨੂੰ ਫੜ੍ਹਨ ਵਾਸਤੇ ਆਉਂਦੀ ਹੈ ਤਾਂ ਤੁਸੀਂ ਉਸਨੂੰ ਬਿਠਾ ਲਿਉ। ਹਾਂ, ਉਸਦਾ ਇੱਜ਼ਤ ਮਾਨ ਕਰੋ ਪਰ ਛੱਡਣਾ ਨਹੀਂ। ਉਨ੍ਹਾਂ ਨੂੰ ਉਦੋਂ ਛੱਡਣਾ ਹੈ ਜਦੋਂ ਤੁਹਾਡੇ ਜ਼ਿਲ੍ਹੇ ਦਾ ਪ੍ਰਸ਼ਾਸਨ ਆ ਕੇ ਤੁਹਾਨੂੰ ਆਪਣੀ ਜ਼ਿੰਮੇਵਾਰੀ ਦਾ ਭਰੋਸਾ ਦੇਵੇਗਾ।

26 ਜਨਵਰੀ ਨੂੰ ਕਿਸਾਨਾਂ ਨੇ ਜੇ ਇੱਕ ਵੀ ਪੱਤਾ ਤੋੜਿਆ ਹੋਵੇ ਤਾਂ ਉਹ ਦੱਸ ਦਿਉ। ਲਾਲ ਕਿਲ੍ਹੇ ‘ਤੇ ਤਾਂ ਧਾਰਮਿਕ ਝੰਡਾ ਚੜ੍ਹਾਇਆ ਸੀ ਪਰ ਬੇਈਮਾਨਾਂ ਨੇ ਖਾਲਿਸਤਾਨੀ ਝੰਡਾ ਬਣਾ ਦਿੱਤਾ। ਕਾਨੂੰਨ ਦੀ ਗੱਲ ਸਮਝੋ। ਕਾਨੂੰਨ ਜਨਤਾ ਨੂੰ ਵਿਵਸਥਿਕ ਰੱਖਣ ਵਾਸਤੇ ਹੁੰਦੇ ਹਨ। ਜਨਤਾ ਨੂੰ ਪਰੇਸ਼ਾਨ ਕਰਨ ਵਾਸਤੇ ਕਦੇ ਕੋਈ ਕਾਨੂੰਨ ਨਹੀਂ ਬਣਦੇ’।

ਖੇਤੀ ਕਾਨੂੰਨ ਰੱਦ ਹੀ ਹੋਣਗੇ – ਚੜੂਨੀ

ਗੁਰਨਾਮ ਸਿੰਘ ਚੜੂਨੀ ਨੇ ਦਾਅਵਾ ਕਰਦਿਆਂ ਕਿਹਾ ਕਿ ‘ਜੇ ਅੰਦੋਲਨ ਲੰਮਾ ਚੱਲਿਆ ਤਾਂ ਪੱਕੇ ਮਕਾਨ ਵੀ ਬਣਾਉਣੇ ਪੈਣਗੇ, ਸਾਨੂੰ ਤਾਂ ਇਨ੍ਹਾਂ ਨੇ ਠਾਈਗਰੇ ਬਣਾ ਦਿੱਤਾ ਹੈ ਕਿ ਨਾ ਤੁਸੀਂ ਘਰ ਜਾਣ ਜੋਗੇ ਅਤੇ ਨਾ ਤੁਹਾਡੀ ਗੱਲ ਮੰਨੀ ਜਾ ਰਹੀ ਹੈ। ਇਹ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਮੰਨਣਗੇ ਵੀ ਅਤੇ ਆਪਣੀ ਬਦਨਾਮੀ ਵੀ ਕਰਵਾਉਣਗੇ’।