India Punjab

ਬਿਨਾਂ ਪਾਣੀ, ਬਿਜਲੀ ਤੋਂ ਸੰਘਰਸ਼ ਕਰ ਰਹੇ ਇਸ ਪਿੰਡ ਨੂੰ ਚੜੂਨੀ ਨੇ ਦਿੱਤਾ ਪੂਰਾ ਸਮਰਥਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਹਰਿਆਣਾ ਦੇ ਫਰੀਦਾਬਾਦ ਜ਼ਿਲ੍ਹੇ ਦੇ ਪਿੰਡ ਖੋਰੀ ਵਿੱਚ ਪਹੁੰਚ ਕੇ ਪਿੰਡ ਵਾਸੀਆਂ ਦਾ ਸਮਰਥਨ ਕੀਤਾ। ਚੜੂਨੀ ਨੇ ਕਿਹਾ ਕਿ ਖੋਰੀ ਪਿੰਡ ਦੇ ਲੋਕ ਆਪਣੇ-ਆਪ ਨੂੰ ਇਕੱਲਾ ਨਾ ਸਮਝਣ, ਸਾਰੇ ਕਿਸਾਨ ਉਨ੍ਹਾਂ ਦੇ ਨਾਲ ਹਨ। ਚੜੂਨੀ ਨੇ ਕਿਹਾ ਕਿ ਅਸੀਂ ਸਰਕਾਰ ਨੂੰ ਮੰਗਲਵਾਰ ਤੱਕ ਦਾ ਸਮਾਂ ਦੇ ਦਿੱਤਾ ਹੈ ਕਿ ਜੇਕਰ ਮੰਗਲਵਾਰ ਤੱਕ ਸਰਕਾਰ ਸਾਡੀ ਗੱਲ ਨਹੀਂ ਮੰਨਦੀ ਤਾਂ 7 ਜੁਲਾਈ ਯਾਨਿ ਬੁੱਧਵਾਰ ਨੂੰ ਦੁਬਾਰਾ ਪੰਚਾਇਤ ਰੱਖੀ ਜਾਵੇਗੀ। ਪੰਚਾਇਤ ਵਿੱਚ ਸਾਰੇ ਪਿੰਡਵਾਸੀ ਸ਼ਾਮਿਲ ਹੋਣਗੇ। ਉਨ੍ਹਾਂ ਕਿਹਾ ਕਿ ਅਸੀਂ ਉਦੋਂ ਤੱਕ ਤੁਹਾਡੇ ਨਾਲ ਹਾਂ, ਜਦੋਂ ਤੱਕ ਤੁਹਾਡੀ ਗੱਲ ਨਹੀਂ ਮੰਨੀ ਜਾਂਦੀ। ਅਸੀਂ ਅੱਜ ਵੀ ਹਰਿਆਣਾ ਵਿੱਚ ਕਾਲ ਦੇ ਦਿੱਤੀ ਸੀ ਕਿ ਅਗਰ ਖੋਰੀ ਪਿੰਡ ਵਿੱਚ ਕੋਈ ਗੜਬੜੀ ਹੁੰਦੀ ਹੈ ਤਾਂ ਸਾਰਾ ਹਰਿਆਣਾ ਤੁਹਾਡੇ ਨਾਲ ਹੈ।

ਖੋਰੀ ਪਿੰਡਵਾਸੀਆਂ ਨੇ ਚੜੂਨੀ ਦੀ ਅਗਵਾਈ ਵਿੱਚ ਤਿੰਨ ਮੰਗਾਂ ਰੱਖੀਆਂ ਹਨ:

• ਜਿਨ੍ਹਾਂ ਸਾਥੀਆਂ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਹੈ, ਉਨ੍ਹਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ।

• ਸਰਕਾਰ ਨੂੰ ਖੋਰੀ ਪਿੰਡ ਦੀ ਸਥਾਨਕ ਕਮੇਟੀ ਨੂੰ ਵਿਚਾਰ ਵਟਾਂਦਰੇ ਲਈ ਬੁਲਾਉਣਾ ਚਾਹੀਦਾ ਹੈ।

• ਬਿਜਲੀ ਜਾਂ ਪਾਣੀ ਵਰਗੀਆਂ ਜਨਤਕ ਸਹੂਲਤਾਂ ਜੋ ਬੰਦ ਕੀਤੀਆਂ ਗਈਆਂ ਸਨ, ਉਨ੍ਹਾਂ ਨੂੰ ਤੁਰੰਤ ਚਾਲੂ ਕੀਤਾ ਜਾਵੇ।

ਦਰਅਸਲ, ਹਰਿਆਣਾ ਦੇ ਫਰੀਦਾਬਾਦ ਜ਼ਿਲ੍ਹੇ ਦੇ ਪਿੰਡ ਖੋਰੀ ਵਿੱਚ ਪੁਲਿਸ ਪਿੰਡ ਨੂੰ ਖਾਲੀ ਕਰਵਾਉਣ ਲਈ ਪਹੁੰਚੀ। ਜਦੋਂ ਪੁਲਿਸ ਪਿੰਡ ਵਿੱਚ ਪਹੁੰਚੀ ਤਾਂ ਪਿੰਡਵਾਸੀਆਂ ਦੇ ਨਾਲ ਪੁਲਿਸ ਦੀ ਝੜਪ ਹੋ ਗਈ। ਪਿੰਡਵਾਸੀਆਂ ਨੇ ਪੁਲਿਸ ‘ਤੇ ਪਥਰਾਅ ਕਰ ਦਿੱਤਾ ਤਾਂ ਜਵਾਬ ਵਿੱਚ ਪੁਲਿਸ ਨੇ ਲੋਕਾਂ ‘ਤੇ ਲਾਠੀਚਾਰਜ ਕਰ ਦਿੱਤਾ। ਦਰਅਸਲ, ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਪੁਲਿਸ ਪਿੰਡ ਖਾਲੀ ਕਰਵਾਉਣ ਲਈ ਪਹੁੰਚੀ ਸੀ ਪਰ ਪਿੰਡ ਵਿੱਚ ਪੁਲਿਸ ਨੂੰ ਪਿੰਡ ਦੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ।

ਸੁਪਰੀਮ ਕੋਰਟ ਨੇ 7 ਜੂਨ ਨੂੰ ਇਸ ਪਿੰਡ ਵਿੱਚ 10,000 ਨਾਜਾਇਜ਼ ਤੌਰ ‘ਤੇ ਬਣੇ ਮਕਾਨਾਂ ਦੇ ਢਾਹੁਣ ‘ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਸੀ। ਸੁਪਰੀਮ ਕੋਰਟ ਨੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਫਰੀਦਾਬਾਦ ਦੇ ਖੋਰੀ ਪਿੰਡ, ਜੋ ਅਰਾਵਲੀ ਸ਼੍ਰੇਣੀ ਦੇ ਸੁਰੱਖਿਅਤ ਹਰੇ ਖੇਤਰ ਵਿੱਚ ਆਉਂਦਾ ਹੈ, ਵਿੱਚ 6 ਹਫ਼ਤਿਆਂ ਦੇ ਅੰਦਰ-ਅੰਦਰ ‘ਗੈਰ ਕਾਨੂੰਨੀ ਤੌਰ ‘ਤੇ ਬਣੇ ਮਕਾਨਾਂ’ ਨੂੰ ਢਾਹੁਣ ਦੇ ਆਦੇਸ਼ ਦਿੱਤੇ ਸਨ। ਫਰੀਦਾਬਾਦ ਦੀ ਨਗਰ ਨਿਗਮ ਨੇ ਕਿਹਾ ਸੀ ਕਿ ਉਹ ਇਨ੍ਹਾਂ ਹੁਕਮਾਂ ਦੀ ਪਾਲਣਾ ਕਰੇਗੀ।
ਇਸ ਮੁੱਦੇ ‘ਤੇ ਵਿਚਾਰ ਵਟਾਂਦਰੇ ਲਈ ਅੱਜ ਪਿੰਡ ਵਿੱਚ ਇੱਕ ਮਹਾਂਪੰਚਾਇਤ ਨੂੰ ਬੁਲਾਇਆ ਗਿਆ। ਹਾਲਾਂਕਿ, ਮਹਾਂਪੰਚਾਇਤ ਦੀ ਬਜਾਏ ਪਿੰਡਵਾਸੀਆਂ ਅਤੇ ਪੁਲਿਸ ਵਿਚਾਲੇ ਝੜਪ ਹੋਈ ਕਿਉਂਕਿ ਪੁਲਿਸ ਨੇ ਪਿੰਡਵਾਸੀਆਂ ਨੂੰ ਕਿਹਾ ਕਿ ਇੱਥੇ ਵਿਸ਼ਾਲ ਇਕੱਠ ਨਹੀਂ ਹੋਣ ਦਿੱਤਾ ਜਾ ਸਕਦਾ।