‘ਦ ਖ਼ਾਲਸ ਬਿਊਰੋ : ਨਵਜੋਤ ਸਿੰਘ ਸਿੱਧੂ ਦੇ ਕਾਲਪਨਿਕ ਪੰਜਾਬ ਮਾਡਲ ਦੇ ਸ਼ੀਸ਼ਿਆਂ ਰਾਹੀ ਪੰਜਾਬ ਦੇਸਾਂ ਵਿੱਚੋਂ ਦੇਸ ਪੰਜਾਬ ਜਿਹਾ ਦਿੱਸਦਾ ਹੈ। ਪੰਜਾਬ ਮਾਡਲ ਵਿੱਚ ਕੀਤੇ ਵਾਅਦਿਆਂ ਵਿੱਚੋਂ ਪੰਜਾਬ ਵਾਸੀਆਂ ਦੀ ਭਲਾਈ ਦੀ ਝਲਕ ਅਤੇ ਧੁਰ ਅੰਦਰਲੀ ਫਿਕਰਮੰਦੀ ਦੀ ਝਲਕ ਪੈਂਦੀ ਹੈ। ਪੰਜਾਬ ਮਾਡਲ ਪੰਜਾਬੀਆਂ ਨੂੰ ਦਮ ਘੁੱਟਵੀਂ ਜਿੰਦਗੀ ਵਿੱਚੋਂ ਕੱਢ ਕੇ ਸੁੱਖ ਦਾ ਸਾਹ ਦਵਾਉਣ ਦੀ ਬਾਤ ਪਾਉਦਾ ਹੈ। ਸਿੱਧੂ ਦਾ ਪੰਜਾਬ ਮਾਡਲ ਲਾਗੂ ਹੋ ਜਾਵੇ ਤਾਂ ਨਾ ਪੰਜਾਬ ਵਿੱਚ ਵਹਿੰਦੇ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਠੱਲ ਪਾਉਣ ਦੀ ਚਿੰਤਾਂ ਰਹੇ ਨਾ ਰੁਜ਼ਗਾਰ ਦਾ ਫਿਕਰ। ਸਿਹਤ ਦੇ ਦੁੱਖਾਂ ਦਾ ਤਾਂ ਟਾਂਟਾਂ ਵੀ ਵੱਢਿਆ ਜਾਵੇਗਾ । ਬੱਚਿਆਂ ਨੂੰ ਮਹਿੰਗੇ ਸਕੂਲਾਂ ਵਿੱਚ ਪੜਾਉਣ ਦੇ ਭਾਰ ਤੋਂ ਮਾਪੇ ਹੋਣਗੇ ਮੁਕਤ। ਮਾਡਲ ਵਿਚਲੇ ਭਰੋਸੇ ਅਸਲ ਰੂਪ ਧਾਰ ਗਏ ਤਾਂ ਲਾਈਵ ਵਿਧਾਨ ਸਭਾ ਸ਼ੈਸ਼ਨ ਵਿੱਚ ਜੂਤ ਪਤਾਣ ਹੋਣ ਵਾਲੇ ਵਿਧਾਇਕਾਂ ਦੇ ਹੱਤ ਬੰਨੇ ਜਾਣਗੇ। ਲੁਧਿਆਣਾ ਤੋਂ ਕਾਂਗਰਸ ਦੇ ਐਮਪੀ ਰਵਨੀਤ ਸਿੰਘ ਬਿੱਟੂ ਨੇ ਸਿੱਧੂ ਨੂੰ ਸੁਪਰ ਸੀਐਮ ਦਾ ਖਿਤਾਬ ਦੇ ਦਿੱਤਾ ਹੈ। ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵੱਲੋਂ ਆਪਣੇ ਸਹੁਰਾ ਸਾਬ ਅਤੇ ਪੰਜ ਵਾਰ ਸੀਐਮ ਰਹੇ ਪ੍ਰਕਾਸ ਸਿੰਘ ਬਾਦਲ ਲਈ ਰਾਖਵੇਂ ਕੀਤੇ ਸੁਪਰ ਸੀਐਮ ਦਾ ਅਹੁਦਾ ਕਿਤੇ ਹੱਥੋਂ ਤਿਲਕ ਨਾ ਜਾਵੇ।
ਸਿੱਧੂ ਨੇ ਪੰਜਾਬ ਮਾਡਲ ਵਿੱਚ ਜਿਹੜੇ ਵਾਅਦੇ ਕੀਤੇ ਹਨ ਉਨ੍ਹਾਂ ਚੋਂ ਕਈਆਂ ਨੂੰ ਆਪਣੀ ਸ਼ੈਲੀ ਵਿੱਚ ਲਪੇਟ ਕੇ ਪਰੋਸਿਆ ਗਿਆ ਹੈ। ਕੁਝ ਵਾਅਦੇ ਅਜਿਹੇ ਵੀ ਹਨ ਜਿਹੜੇ ਇਸ ਤੋਂ ਪਹਿਲਾਂ ਬੇਹਤਰ ਰੂਪ ਵਿੱਚ ਲਾਗੂ ਹੋ ਚੁੱਕੇ ਹਨ। ਪਰਵਾਸੀ ਪੰਜਾਬੀਆਂ ਲਈ ਕੀਤੇ ਵਾਅਦਿਆਂ ਵਿੱਚੋਂ ਉਨ੍ਹਾਂ ਨਾਲ ਸਬੰਧਤ ਕੇਸਾਂ ਦਾ 30 ਦਿਨਾਂ ਦੇ ਅੰਦਰ ਨਿਪਟਾਰਾ ਕਰਨਾ ਹੈ। ਦੂਜੇ ਵਾਅਦੇ ਤਾਂ ਪੁਰਾਣੇ ਹਨ ਇਹ ਵੱਖਰੀ ਗੱਲ ਹੈ ਕਿ ਦਿਆਨਤਦਾਰੀ ਨਾਲ ਲਾਗੂ ਨਹੀਂ ਕੀਤੇ ਗਏ। ਪਿੰਡਾਂ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਪੇਂਡੂ ਉਲੰਪਿਕ ਸ਼ੁਰੂ ਕਰਨਾ ਮਾਡਲ ਦੀ ਵਿਲੱਖਣਤਾ ਹੈ। ਪਿੰਡਾਂ ਦੀਆਂ ਖੇਤੀਬਾੜੀ ਸ਼ਾਮਲਾਟ ਜ਼ਮੀਨਾਂ ਵਿੱਚੋਂ ਤੀਜਾ ਹਿੱਸਾ ਰਾਖਵੇਂ ਵਰਗ ਨੂੰ ਦੇਣ, ਐਸਸੀ ਬੱਚਿਆਂ ਨੂੰ ਸਮੇਂ ਸਿਰ ਸਕਾਲਰਸ਼ਿਪ ਵੰਡਣ ਅਤੇ ਲੋੜਮੰਦਾ ਨੂੰ ਪੰਜ ਮਰਲਾ ਪਲਾਟ ਦੇਣ ਦੀ ਸਕੀਮ ਦਿਲ ਲਭਾਊ ਹੈ।
ਬੁਜ਼ਰਗਾਂ ਦੀ ਸੇਵਾ ਸੰਭਾਲ ਲਈ ਨਵੀਂ ਪਹਿਲ ਕਰਦਿਆਂ ਆਗਿਆਕਾਰ ਪਰਿਵਾਰਾਂ ਨੂੰ ਇੱਕ ਹਜ਼ਾਰ ਰੁਪਏ ਮਹੀਨਾ ਦੇਣ ਦੀ ਯੋਜਨਾ ਹੈ। ਇਨਫੈਕਸ਼ਨ ਨਾਲ ਮੌਤ ਦੇ ਮੂੰਹ ਵਿੱਚ ਜਾਣ ਵਾਲੇ ਡਾਕਟਰਾਂ ਦੇ ਵਾਰਸਾਂ ਨੂੰ 20 ਲੱਖ ਰੁਪਏ ਦਾ ਮੁਆਵਜ਼ਾ ਮਿਲਿਆ ਕਰੇਗਾ। ਵਕੀਲਾਂ ਵਾਸਤੇ ਵੀ ਵਿੱਤੀ ਮਦਦ ਦੇਣ ਦੀ ਗੱਲ ਕੀਤੀ ਗਈ ਹੈ। ਅਮਨ ਕਾਨੂੰਨ ਨੂੰ ਜਾਰੀ ਰੱਖਣ ਲਈ ਸ਼ਹਿਰਾਂ ਵਿੱਚ ਸੀਸੀਟੀਵੀ ਕੈਮਰੇ ਲਾਉਣ ਦੀ ਯੋਜਨਾ ਹੈ। ਮਾਡਲ ਪੰਜਾਬ ਵਿੱਚ ਸਰਕਾਰੀ ਨੌਕਰੀਆਂ ਲਈ ਜਾਣ ਵਾਲੀ ਪ੍ਰੀਖਿਆ ਮੁਫਤ ਕਰੇਗਾ । ਜਿਲ੍ਹਾਂ ਪੱਧਰ ‘ਤੇ ਵਰਲਡ ਕਲਾਸ ਸਕਿਲਿੰਗ ਸੈਂਟਰ ਖੋਲੇ ਜਾਣਗੇ ਅਤੇ ਸਰਕਾਰੀ ਸਕੂਲਾਂ ਵਿੱਚ ਹਰ ਹਫਤੇ ਵੋਕੇਸ਼ਨਲ ਪੜਾਈ ਹੋਇਆ ਕਰੇਗੀ। ਹਰ ਤਿੰਨ ਸਾਲ ਬਾਅਦ ਸਿਲੇਬਸ ਵਿੱਚ ਸੁਧਾਰ ਕਰਨਾ ਸਮੇਂ ਦੀ ਲੋੜ ਦੱਸਿਆ ਗਿਆ ਹੈ। ਹਰੇਕ ਪੰਜਾਬੀ ਦਾ ਪੰਜ ਲੱਖ ਦਾ ਮੁਫਤ ਬੀਮਾ ਕੀਤਾ ਜਾਵੇਗਾ ਅਤੇ ਨੈਸ਼ਨਲ ਹਾਈਵੇਅ ‘ਤੇ ਹਰ 50 ਕਿਲੋਮੀਟਰ ਦੇ ਫਾਸਲੇ ‘ਤੇ ਟਰੋਮਾ ਸੈਂਟਰ ਖੋਲੇ ਜਾਣਗੇ ਜਿਨ੍ਹਾਂ ਵਿੱਚ ਇਲਾਜ ਮੁਫਤ ਹੋਣ ਲੱਗੇਗਾ। ਸਰਕਾਰੀ ਹਸਪਤਾਲਾ ਵਿੱਚ ਐਕਸਰੇ, ਸੀਟੀ ਸਕੈਨ ਅਤੇ ਐਮਆਰਆਈ ਜਿਹੇ ਮਹਿੰਗੇ ਟੈਸਟ ਫਰੀ ਹੋਣਗੇ।
ਪੰਜਾਬੀਆਂ ਦੀ ਦੁੱਖ ਦੀ ਨਬਜ਼ ‘ਤੇ ਹੱਥ ਧਰਦਿਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਹੁਰਮਤੀ ਦੇ ਕੇਸਾਂ ਦੇ ਨਿਪਚਾਰੇ ਲਈ ਫਾਸਟ ਟਰੈਕ ਅਦਾਲਤਾਂ ਕਾਇਮ ਕੀਤੀਆਂ ਜਾਣਗੀਆਂ । ਨਜਾਇਜ਼ ਸ਼ਰਾਬ ਦੇ ਧੰਦੇ ਨੂੰ ਬੰਦ ਕਰਨ ਲਈ ਪੰਜਾਬ ਸਟੇਟ ਲੀਕਰ ਕਾਰਪੋਰੇਸ਼ਨ , ਰੇਤ ਮਾਫੀਆ ਨੂੰ ਨੱਥ ਪਾਉਣ ਲਈ ਸਟੇਟ ਮਾਈਨਿੰਗ ਕਾਰਪੋਰੇਸ਼ਨ ਅਤੇ ਅਮੀਰਾਂ ਅਤੇ ਗਰੀਬਾਂ ਵਿਚਲਾ ਪਾੜਾ ਮੇਟਣ ਲਈ ਸਟੇਟ ਲੇਬਰ ਰਿਫਾਰਮਸ਼ ਕਮਿਸ਼ਨ ਪਹਿਲ ਦੇ ਅਧਾਰ ‘ਤੇ ਬਣਾਇਆ ਜਾਵੇਗਾ। ਪਰਵਾਸੀ ਪੰਜਾਬੀਆਂ ਲਈ ਐਨ ਆਰ ਆਈ ਕਮਿਸ਼ਨ ਕਾਇਮ ਕਰਨਾ ਵੀ ਪੰਜਾਬ ਮਾਡਲ ਦਾ ਹਿੱਸਾ ਹੈ ਪਰ ਇਹ ਹਾਥੀ ਬਣਿਆ ਕਮਿਸ਼ਨ ਪਹਿਲਾਂ ਹੀ ਸਰਕਾਰ ਨੇ ਕਈ ਚਿਰ ਪਹਿਲਾਂ ਸਿਵਲ ਸਕੱਤਰੇਤ ਵਿੱਚ ਬੰਨ੍ਹ ਰੱਖਿਆ ਹੈ।
ਕਾਂਗਰਸ ਹਾਈਕਮਾਂਡ ਵੱਲੋਂ ਸਿੱਧੂ ਦੇ ਪੰਜਾਬ ਮਾਡਲ ਨੂੰ ਲਾਗੂ ਕਰਨ ਦਾ ਵਾਅਦਾ ਕੀਤਾ ਜਾ ਰਿਹਾ ਹੈ। ਸਿੱਧੂ ਤਾਂ ਇਹ ਵੀ ਕਹਿ ਚੁੱਕੇ ਹਨ ਕਿ ਪੰਜਾਬ ਮਾਡਲ ਕਾਂਗਰਸ ਦੇ ਚੋਣ ਮੈਨੀਫੈਸਟੋ ਦਾ ਹਿੱਸਾ ਹੋਵੇਗਾ। ਵੋਟਾਂ ਵਿੱਚ ਸਿਰਫ ਇੱਕ ਹਫਤੇ ਤੋਂ ਵੀ ਘੱਟ ਦਾ ਸਮਾਂ ਰਹਿ ਗਿਆ ਹੈ। ਕਾਂਗਰਸ ਦਾ ਚੋਣ ਮੈਨੀਫੈਸਟੋ ਹਾਲੇ ਤਾਂ ਹਾਥੀ ਦੇ ਬੁੱਲ੍ਹ ਦੀ ਤਰ੍ਹਾਂ ਲਟਕਿਆ ਦਿਸਦਾ ਹੈ। ਨਵਜੋਤ ਸਿੱਧੂ ਦੇ ਸੁਭਾਅ ਨੂੰ ਜਿਹੜੇ ਜਾਣਦੇ ਨੇ ਉਨ੍ਹਾਂ ਦਾ ਦਿਲ ਜਰੂਰ ਡਰ ਰਿਹੈ ਕਿ ਜੇ ਮਾਡਲ ਅਤੇ ਮੈਨੀਫੈਸਟੋ ਇੱਕ ਨਾ ਹੋਏ ਤਾਂ ਪ੍ਰਧਾਨ ਜੀ ਕਿੱਧਰੇ ਮੁੜ ਘਰਦੇ ਬਾਹਰਲੇ ਗੇਟ ਨੂੰ ਜਿੰਦਰਾ ਮਾਰ ਕੇ ਨਾ ਬੈਠ ਜਾਣ। ਉਂਝ ਪੰਜਾਬ ਮਾਡਲ ਚੋਂ ਡਿਗਦਾ ਪੰਜਾਬ ਮੁੜ ਖੜ੍ਹਾਂ ਹੁੰਦਾ ਜਰੂਰ ਦਿੱਸਦਾ ਹੈ।