Punjab

‘ਜਦੋਂ SGPC ਦੀ ਚੋਣ ਜਿੱਤਣ ਲਈ ‘ਬੀਬੀ ਜਗੀਰ’ ਨੇ ਪਾਇਆ ਸੀ ‘5-5 ਸੌ ਦਾ ਸ਼ਗਨ’!

2002 Bibi jagir kaur gave 500 rupees for shagan

ਬਿਊਰੋ ਰਿਪੋਰਟ : 9 ਨਵੰਬਰ ਦੀ SGPC ਦੇ ਪ੍ਰਧਾਨ ਦੀ ਚੋਣ ਇਸ ਵਾਰ ਦਿਲਚਸਪ ਹੋ ਗਈ ਹੈ । 20 ਸਾਲ ਬਾਅਦ ਬੀਬੀ ਜਗੀਰ ਕੌਰ ਦੇ ਰੂਪ ਵਿੱਚ SGPC ਦੀਆਂ ਚੋਣਾਂ ਨੂੰ ਲੈਕੇ ਅਕਾਲੀ ਦਲ ਵਿੱਚ ਵੱਡੀ ਬਗਾਵਤ ਵੇਖਣ ਨੂੰ ਮਿਲੀ ਹੈ। ਪਾਰਟੀ ਤੋਂ ਬਾਹਰ ਕੱਢਣ ਤੋਂ ਬਾਅਦ ਬੀਬੀ ਜਗੀਰ ਕੌਰ ਅਤੇ ਸੁਖਬੀਰ ਬਾਦਲ ਹੁਣ ਖੁੱਲ ਕੇ ਇੱਕ ਦੂਜੇ ਦੇ ਸਾਹਮਣੇ ਖੜੇ ਹੋ ਗਏ ਹਨ । ਦੋਵੇ ਹੀ ਇੱਕ ਦੂਜੇ ਦੇ ਖਿਲਾਫ਼ SGPC ਦੇ ਮੈਂਬਰਾਂ ਨੂੰ ਧਮਕਾਉਣ ਅਤੇ ਖਰੀਦਣ ਦਾ ਇਲਜ਼ਾਮ ਲੱਗਾ ਰਹੇ ਹਨ । ਪਰ ਇਸ ਦੌਰਾਨ SGPC ਦੇ ਸਾਬਕਾ ਮੈਂਬਰ ਤਰਲੋਚਨ ਸਿੰਘ ਦੁਪਾਲਪੁਰ ਨੇ ਫੇਸਬੁੱਕ ਪੋਸਟ ਦੇ ਜ਼ਰੀਏ 2002 ਦੀਆਂ SGPC ਚੋਣਾਂ ਦਾ ਇੱਕ ਕਿਸਾ ਸਾਂਝਾ ਕਰਕੇ ਦੱਸਿਆ ਹੈ ਕਿ ਕਿਵੇਂ ਮੈਂਬਰਾਂ ਨੂੰ ਸਿੱਧੇ ਅਤੇ ਅਸਿੱਧੇ ਤੌਰ ‘ਤੇ ਲਾਲਚ ਦਿੱਤਾ ਜਾਂਦਾ ਰਿਹਾ ਹੈ। ਇਸ ਫੇਸਬੁੱਕ ਪੋਸਟ ਦੇ ਜ਼ਰੀਏ ਉਨ੍ਹਾਂ ਨੇ ਇੱਕ ਪਾਸੇ ਜਿੱਥੇ ਬੀਬੀ ਜਗੀਰ ਕੌਰ ‘ਤੇ 20 ਸਾਲ ਪਹਿਲਾਂ ਇਸੇ ਸਿਸਟਮ ਦਾ ਹਿੱਸਾ ਬਣਨ ‘ਤੇ ਸਵਾਲ ਚੁੱਕੇ ਪਰ ਨਾਲ ਹੀ ਮੌਜੂਦਾ ਸਟੈਂਡ ਦੀ ਹਿਮਾਇਤ ਵੀ ਕੀਤੀ ।

ਤਰਲੋਚਨ ਸਿੰਘ ਨੇ ਵੱਲੋਂ ਜਿਹੜੀ ਫੇਸਬੁੱਕ ਪੋਸਟ ਲਿਖੀ ਗਈ ਹੈ ਉਸ ਦਾ ਟਾਇਟਲ ਹੈ ‘ਬੀਬੀ ਜਗੀਰ ਕੌਰ ਨੇ ਦਿੱਤੇ ਸੀ 5-5 ਸੌ ਦੇ ਨੋਟ ! ?’ ਫੇਸਬੁੱਕ ਪੋਸਟ ਦੇ ਟਾਇਟਲ ਦੇ ਹੇਠਾਂ ਸਾਬਕਾ SGPC ਦੇ ਮੈਂਬਰ ਤਿਰਲੋਚਨ ਸਿੰਘ ਦੁਪਾਲਪੁਰ ਨੇ ਲਿਖਿਆ ‘2002 ਵਿੱਚ ਜਦੋਂ ਗੁਰਚਰਨ ਸਿੰਘ ਟੋਹੜਾ ਅਤੇ ਪ੍ਰਕਾਸ਼ ਸਿੰਘ ਬਾਦਲ SGPC ਦੇ ਪ੍ਰਧਾਨ ਦੀ ਚੋਣ ਨੂੰ ਲੈਕੇ ਆਹਮੋ-ਸਾਹਮਣੇ ਸਨ ਤਾਂ ਉਨ੍ਹਾਂ ਨੂੰ ਹੋਰ SGPC ਦੇ ਮੈਂਬਰਾਂ ਨਾਲ ਬਾਦਰ ਪਰਿਵਾਰ ਦੇ ਫਾਰਮ ਹਾਊਸ ਬਾਲਾਸਰ ਲਿਜਾਇਆ ਗਿਆ ਸੀ । ਪਰ ਉਹ ਆਪਣੇ ਘਰ ਆ ਗਏ ਜਿਸ ਤੋਂ ਬਾਅਦ ਬਾਦਲ ਦੇ ਲੀਡਰਾਂ ਦੇ ਕੌਡੀ ਫੇਰੇ ਤੋਂ ਤੰਗ ਆਕੇ ਉਨ੍ਹਾਂ ਨੇ ਆਪਣੇ ਮਿੱਤਰ ਗਿਆਨੀ ਹਰਬੰਸ ਸਿੰਘ ਭਾਰਟਾ ਦੇ ਘਰ ਅਗਿਆਤਵਾਸ ਵਿੱਚ ਚੱਲੇ ਗਏ । ਸਾਬਕਾ SGPC ਮੈਂਬਰ ਨੇ ਦੱਸਿਆ ਕਿ ਉਸ ਵੇਲੇ ਕਦੇ ਬੰਡੂਗਰ ਅਤੇ ਹੋਰ ਆਗੂ ਉਨ੍ਹਾਂ ਦੇ ਘਰ ਆਕੇ ਪੁੱਛਣ ਲੱਗੇ, ਵੱਡੇ ਬਾਦਲ ਸਾਹਬ ਖੁਦ ਫੋਨ ਕਰਕੇ ਮੇਰੀ ਘਰਵਾਲੀ ਨੂੰ ਕਹਿਣ ਕਿ ਬੀਬਾ ਜੀ ਥੋਨੂੰ ਤਾਂ ਕਾਕਾ ਜੀ ਬਾਰੇ ਪਤਾ ਈ ਹੋਣੈ ? ਇਵੇਂ ਹੀ ਬੀਬੀ ਜਗੀਰ ਕੌਰ ਪੁਲਿਸ ਵਾਲਿਆਂ ਵਾਂਗ ਵੱਖ-ਵੱਖ ਟਾਈਮ ‘ਤੇ ਮੈਨੂੰ ਲੱਭਣ ਲਈ ਘੇਰ ਆਈ। ਉਸ ਸਮੇਂ ਕਿਤੇ ਰਿਸ਼ਤੇਦਾਰਾਂ ਦੇ ਜਾਣ-ਆਉਣ ਮੌਕੇ ਆਮ ਤੌਰ ‘ਤੇ ਬੱਚਿਆ ਨੂੰ ਵੀਹ-ਪੰਜਾਹ ਜਾਂ ਬੜੀ ਹੱਦ ਸੌ ਰੁਪਏ ਪਿਆਰ ਵਜੋਂ ਦਿੱਤੇ ਜਾਂਦੇ ਸਨ। ਪਰ ਬੀਬੀ ਨੇ ਉਸ ਵੇਲੇ ਮੇਰੇ ਬੱਚਿਆਂ ਨੂੰ 5-5 ਸੌ ਦੇ ਨੋਟ ਫੜਾਉਂਦਿਆ ਕਿਹਾ ‘ਵੇਖ ਲਉ ਬੱਚਿਉ,ਮੈਂ ਇਹ ਸ਼ਗਨ ਤੁਹਾਡੇ ਵਿਆਹਾਂ ‘ਤੇ ਦੇਣ ਆਉਣਾ ਸੀ, ਪਰ ਤੁਹਾਡੇ ਡੈਡੀ ਨੇ ਪਹਿਲਾਂ ਹੀ ਦਿਵਾ ਦਿੱਤੇ ! ਸ਼ਾਇਦ ਉਸੇ ਵੇਲੇ ਬੀਬੀ ਜੀ ਮੇਰਾ ਬਾਲਿਆਂ ਵਾਲਾ ਛੋਟਾ ਜਿਹਾ ਘਰ ਦੇਖ ਕੇ ਮੇਰੀ ਗਰੀਬੀ ਨੂੰ ਪ੍ਰਭਾਵਿਤ ਕਰਨ ਦਾ ਯਤਨ ਕੀਤਾ ਹੋਵੇ !? ਜੋ ਵੀ ਹੈ ਬੀਬੀ ਜੀ ਵੱਲੋਂ ਮੇਰੇ ਵਾਲੇ ਮੁੱਦੇ ਹੁਣ ਉਠਾਉਣ ਦੀ ਮੈਨੂੰ ਖੁਸ਼ੀ ਹੈ ਤੇ ਆਸ ਕਰਦਾ ਹਾਂ ਕਿ ਸ੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨ 9 ਨਵੰਬਰ ਨੂੰ ਆਪਣੇ ‘ਤੇ ਲੱਗੇ ਹੋਏ ਬਾਦਲ ਪ੍ਰਸਤ ਬਣੇ ਰਹਿਣ ਵਾਗੇ ਦਾਗ਼ ਧੋ ਲੈਣਗੇ ! ਬੀਬੀ ਜੀ ਨੇ ਉਨ੍ਹਾਂ ਦੇ ਲਈ ਅਫਸਰ ਤਾਂ ਪੈਦਾ ਕਰ ਹੀ ਦਿੱਤਾ ਹੈ !!’

ਸਾਫ਼ ਹੈ ਫੇਸਬੁੱਕ ਪੋਸਟ ਦੇ ਜ਼ਰੀਏ ਸਾਬਕਾ SGPC ਦੇ ਮੈਂਬਰ ਤਿਰਲੋਚਨ ਸਿੰਘ ਬੀਬੀ ਜਗੀਰ ਕੌਰ ਨੂੰ ਇਹ ਯਾਦ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਜਿੰਨਾਂ ਮੁੱਦਿਆਂ ‘ਤੇ ਉਹ ਅੱਜ ਬਾਦਲ ਪਰਿਵਾਰ ਦੇ ਖਿਲਾਫ਼ ਖੜੇ ਹੋਏ ਹਨ ਜੇਕਰ 20 ਸਾਲ ਪਹਿਲਾਂ ਖੜੇ ਹੋਏ ਹੁੰਦੇ ਤਾਂ ਹਾਲਾਤ ਕੁਝ ਹੋਰ ਹੋਣੇ ਸਨ । ਬੱਚਿਆ ਨੂੰ 5,5 ਸੌ ਰੁਪਏ ਦੇਣ ਦਾ ਜ਼ਿਕਰ ਕਰਦੇ ਹੋਏ ਤਿਰਲੋਚਨ ਸਿੰਘ ਕਿਧਰੇ ਨਾ ਕਿਧਰੇ ਉਸ ਲਾਲਚ ਦਾ ਜ਼ਿਕਰ ਕਰ ਰਹੇ ਹਨ ਜੋ ਹਰ ਵਾਰ ਕਿਸੇ ਨਾ ਕਿਸੇ ਰੂਪ ਵਿੱਚ ਚੋਣਾਂ ਜਿੱਤਣ ਦੇ ਲਈ SGPC ਦੇ ਮੈਂਬਰਾਂ ਨੂੰ ਦਿੱਤਾ ਜਾਂਦਾ ਰਿਹਾ ਹੈ। ਪਰ ਅਖੀਰ ਵਿੱਚ ਤਿਰਲੋਚਨ ਸਿੰਘ SGPC ਦੇ ਮੈਂਬਰਾਂ ਨੂੰ ਇਸ਼ਾਰਿਆਂ ਹੀ ਇਸ਼ਾਰਿਆਂ ਵਿੱਚ ਬਾਦਲ ਪਰਿਵਾਰ ਦੀ ਵਫਾਦਾਰੀ ਛੱਡ ਕੇ ਬੀਬੀ ਜਗੀਰ ਕੌਰ ਦੀ ਹਿਮਾਇਤ ਕਰਨ ਵਾਲੇ ਵੀ ਕਹਿ ਰਹੇ ਹਨ ।