ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ
‘ਦ ਖ਼ਾਲਸ ਬਿਊਰੋ :- ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਰੈਗੂਲਰ ਜ਼ਮਾਨਤ ਮਿਲੀ ਹੈ। ਖ਼ਾਸ ਗੱਲ ਇਹ ਹੈ ਕਿ ਪੰਜਾਬ ਸਰਕਾਰ ਨੇ ਵੀ ਇਸ ਵਾਰ ਸਿੰਗਲਾ ਦੀ ਜ਼ਮਾਨਤ ਦਾ ਵਿਰੋਧ ਨਹੀਂ ਕੀਤਾ ਹੈ। ਅਦਾਲਤ ਨੇ ਪਿਛਲੀ ਸੁਣਵਾਈ ਦੌਰਾਨ ਵਿਜੇ ਸਿੰਗਲਾ ਦੀ ਜ਼ਮਾਨਤ ‘ਤੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਸੀ ਤਾਂ ਉਦੋਂ ਸੂਬਾ ਸਰਕਾਰ ਨੇ ਸਮਾਂ ਮੰਗਿਆ ਸੀ। ਅਦਾਲਤ ਵਿੱਚ ਸਿੰਗਲਾ ਦੇ ਵਕੀਲ ਨੇ ਦਾਅਵਾ ਕੀਤਾ ਸੀ ਕਿ ਸਰਕਾਰ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਰਿਕਵਰੀ ਨਹੀਂ ਕੀਤੀ ਅਤੇ ਜਿਸ ਰਿਕਾਰਡਿੰਗ ਦਾ ਹਵਾਲਾ ਦਿੱਤਾ ਗਿਆ ਹੈ , ਉਸ ਦੇ ਲਈ ਸਿੰਗਲਾ ਨੇ ਆਪਣਾ ਵਾਇਸ ਸੈਂਪਲ ਪਹਿਲਾਂ ਹੀ ਦੇ ਦਿੱਤਾ ਹੈ। ਅਦਾਲਤ ਨੇ ਸਰਕਾਰ ਨੂੰ ਫਿਟਕਾਰ ਲਗਾਉਂਦੇ ਹੋਏ ਇਸ ‘ਤੇ ਜਵਾਬ ਮੰਗਿਆ ਸੀ।
ਹਾਈਕੋਰਟ ਨੇ ਲਗਾਈ ਸੀ ਫਿਟਕਾਰ
ਡਾਕਟਰ ਵਿਜੇ ਸਿੰਗਲਾ ਦੀ ਜ਼ਮਾਨਤ ਪਟੀਸ਼ਨ ‘ਤੇ ਪਿਛਲੀ ਵਾਰ ਸੁਣਵਾਈ ਕਰਨ ਵੇਲੇ ਵੀ ਹਾਈਕੋਰਟ ਨੇ ਸਰਕਾਰੀ ਵਕੀਲ ਨੂੰ ਸਮਾਂ ਦਿੱਤਾ ਸੀ ਪਰ ਉਸ ਵਕਤ ਵੀ ਸਰਕਾਰੀ ਵਕੀਲ ਇਸ ਗੱਲ ਨੂੰ ਲੈ ਕੇ ਸਪੱਸ਼ਟ ਨਹੀਂ ਸੀ ਕਿ ਜ਼ਮਾਨਤ ਦਾ ਵਿਰੋਧ ਕਰਨ ਜਾਂ ਨਹੀਂ। ਹਾਈਕੋਰਟ ਨੇ ਆਪਣੇ ਸੀਨੀਅਰ ਜਾਂ ਫਿਰ ਸਰਕਾਰ ਤੋਂ ਪੁੱਛਣ ਲਈ ਕਿਹਾ ਸੀ, ਹਾਲਾਂਕਿ ਅਦਾਲਤ ਵਿੱਚ ਕੇਸ ਦੀ ਜਾਂਚ ਕਰ ਰਹੇ ਅਫ਼ਸਰ ਨੂੰ ਪੇਸ਼ ਕੀਤਾ ਗਿਆ, ਪਰ ਜਦੋਂ ਹਾਈਕੋਰਟ ਨੇ ਫਿਟਕਾਰ ਲਗਾਈ ਤਾਂ ਸਰਕਾਰੀ ਵਕੀਲ ਨੇ ਹੋਰ ਸਮਾਂ ਮੰਗਿਆ ਸੀ।
ਇਸ ਮਾਮਲੇ ਵਿੱਚ ਵਿਜੇ ਸਿੰਗਲਾ ਗ੍ਰਿਫਤਾਰ
ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਵਿਜੇ ਸਿੰਗਲਾ ਨੂੰ ਸਿਹਤ ਮੰਤਰੀ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ, ਅਚਾਨਕ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿੰਗਲਾ ਨੂੰ ਬਰਖ਼ਾਸਤ ਕਰ ਦਿੱਤਾ ਗਿਆ। ਉਨ੍ਹਾਂ ‘ਤੇ ਇਲਜ਼ਾਮ ਸੀ ਕਿ ਸਿਹਤ ਵਿਭਾਗ ਵਿੱਚ ਹਰ ਕੰਮ ਦੇ ਲਈ ਉਨ੍ਹਾਂ ਨੇ 1 ਫੀਸਦੀ ਕਮਿਸ਼ਨ ਮੰਗਿਆ ਸੀ, ਹਾਲਾਂਕਿ ਸਿੰਗਲਾ ਦਾ ਤਰਕ ਸੀ ਕਿ ਉਨ੍ਹਾਂ ਤੋਂ ਕੋਈ ਰਿਕਵਰੀ ਨਹੀਂ ਹੋਈ ਹੈ। ਕਿਸੇ ਕੋਲੋ ਕੋਈ ਪੈਸਾ ਨਹੀਂ ਮੰਗਿਆ ਗਿਆ ਹੈ। ਜਾਂਚ ਦੇ ਲਈ ਉਹ ਵਾਇਸ ਸੈਂਪਲ ਵੀ ਦੇ ਚੁੱਕੇ ਹਨ। ਸੀਐੱਮ ਮਾਨ ਨੇ ਸਿੰਗਲਾ ਦੇ ਪੈਸੇ ਮੰਗਣ ਦੀ ਰਿਕਾਰਡਿੰਗ ਅਤੇ ਆਪਣੀ ਗਲਤੀ ਕਬੂਲਨ ਦਾ ਦਾਅਵਾ ਕੀਤਾ ਸੀ।