The Khalas Tv Blog Punjab ਜ਼ੀਰਾ ਮੋਰਚੇ ਤੋਂ ਹੋ ਗਿਆ ਐਲਾਨ “ਸਰਕਾਰ ਲਿਖਤੀ ਭਰੋਸਾ ਦੇਵੇ,ਮੋਰਚਾ ਤਾਂ ਖ਼ਤਮ ਕਰਾਂਗੇ,”
Punjab

ਜ਼ੀਰਾ ਮੋਰਚੇ ਤੋਂ ਹੋ ਗਿਆ ਐਲਾਨ “ਸਰਕਾਰ ਲਿਖਤੀ ਭਰੋਸਾ ਦੇਵੇ,ਮੋਰਚਾ ਤਾਂ ਖ਼ਤਮ ਕਰਾਂਗੇ,”

ਜ਼ੀਰਾ : ਮੁੱਖ ਮੰਤਰੀ ਪੰਜਾਬ ਵੱਲੋਂ ਜ਼ੀਰਾ ਸ਼ਰਾਬ ਫੈਕਟਰੀ ਨੂੰ ਬੰਦ ਕੀਤੇ ਜਾਣ ਦੇ ਐਲਾਨ ਮਗਰੋਂ ਵੀ ਧਰਨਾਕਾਰੀਆਂ ਨੇ ਮੋਰਚਾ ਚੁੱਕਣ ਤੋਂ ਮਨਾ ਕਰ ਦਿੱਤਾ ਹੈ। ਉਹਨਾਂ ਕੁੱਝ ਸ਼ਰਤਾਂ ਰਖੀਆਂ ਹਨ ਤੇ ਸਾਫ ਕੀਤਾ ਹੈ ਕਿ ਇਹਨਾਂ ‘ਤੇ ਅਮਲ ਹੋਣ ਮਗਰੋਂ ਹੀ ਮੋਰਚਾ ਚੁੱਕਿਆ ਜਾਵੇਗਾ।ਅੱਜ ਪਿੰਡ ਮਹੀਆਂ ਵਾਲਾ ਵਿਖੇ ਮੋਰਚੇ ਦੀ ਜਿੱਤ ਮਗਰੋਂ ਸ਼ੁਕਰਾਨੇ ਵਜੋਂ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਸਮਾਪਤੀ ਮਗਰੋਂ ਕੀਤੀ ਗਈ ਇੱਕ ਪ੍ਰੈਸ ਕਾਨਫਰੰਸ ਵਿੱਚ ਮੋਰਚੇ ਦੇ ਆਗੂਆਂ ਨੇ ਇਹ ਐਲਾਨ ਕੀਤੇ ਹਨ।

ਜ਼ੀਰਾ ਮੋਰਚੇ ਦੀਆਂ 3 ਮੁੱਖ ਮੰਗਾਂ

1.ਸ਼ਰਾਬ ਫੈਕਟਰੀ ਨੂੰ ਬੰਦ ਕਰਨ ਬਾਰੇ ਲਿਖਤੀ ਰੂਪ ਵਿੱਚ ਦਿੱਤਾ ਜਾਵੇ

2.ਧਰਨਾਕਾਰੀਆਂ ‘ਤੇ ਹੋਏ ਪਰਚੇ ਰੱਦ ਕੀਤੇ ਜਾਣ

3.ਧਰਨਾਕਾਰੀਆਂ ਦੀਆਂ ਅਟੈਚ ਕੀਤੀਆਂ ਗਈਆਂ ਜਾਇਦਾਦਾਂ ਨੂੰ ਬਹਾਲ ਕੀਤਾ ਜਾਵੇ

ਮੋਰਚੇ ਦੇ ਆਗੂਆਂ ਨੇ ਸਰਕਾਰ ਨੂੰ ਬਾਕੀ ਮੰਗਾਂ ਮੰਨਣ ਦੀ ਵੀ  ਅਪੀਲ ਕੀਤੀ ਹੈ । ਇਸ ਤੋਂ ਇਲਾਵਾ ਉਹਨਾਂ ਕਿਹਾ ਹੈ ਕਿ ਹਾਲੇ ਤੱਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਕੋਈ ਵੀ ਨੋਟੀਫਿਕੇਸ਼ਨ ਲੈ ਕੇ ਮੋਰਚੇ ‘ਤੇ ਨਹੀਂ ਪਹੁੰਚਿਆ ਹੈ । ਕਿਸੇ ਵੀ ਤਰਾਂ ਦੀ ਲਿਖਤ ਮਿਲਣ ‘ਤੇ ਉਸ ਨੂੰ ਸਹੀ ਤਰੀਕੇ ਨਾਲ ਜਾਂਚਿਆ ਜਾਵੇਗਾ ਤੇ ਫਿਰ ਅਗਲਾ ਐਲਾਨ ਕੀਤਾ ਜਾਵੇਗਾ।

ਹਾਈਕੋਰਟ ਵਿੱਚ ਚੱਲ ਰਹੇ ਕੇਸ ਸਬੰਧੀ ਪੁੱਛੇ ਗਏ ਇੱਕ ਸਵਾਲ ਦੇ ਜੁਆਬ ਵਿੱਚ ਮੋਰਚੇ ਦੇ ਆਗੂਆਂ ਨੇ ਕਿਹਾ ਹੈ ਕਿ ਸੂਬੇ ਦਾ ਮੁਖੀ ਹੋਣ ਦੇ ਨਾਤੇ ਮੁੱਖ ਮੰਤਰੀ ਕੋਲ ਵੀ ਕੁੱਝ ਤਾਕਤਾਂ ਹੁੰਦੀਆਂ ਹਨ ਤੇ ਉਹ ਵੀ ਕੁੱਝ ਇਸ ਤਰਾਂ ਦੇ ਫੈਸਲੇ ਲੈ ਸਕਦਾ ਹੈ । ਜੇਕਰ ਸੂਬੇ ਵਿੱਚ ਕਿਸੇ ਇੰਡਸਟਰੀ ਨਾਲ ਹਵਾ ਪਾਣੀ ਖਰਾਬ ਹੋਣ ਦਾ ਖਤਰਾ ਬਣਦਾ ਹੈ ਤਾਂ ਮੁੱਖ ਮੰਤਰੀ ਉਸ ਨੂੰ ਬੰਦ ਕਰਨ ਦੇ ਹੁਕਮ ਜਾਰੀ ਕਰ ਸਕਦਾ ਹੈ । ਪਰ ਗੱਲ ਇਥੇ ਆ ਕੇ ਅੜ ਜਾਂਦੀ ਹੈ ਕਿ ਸਾਡੇ ਕੋਲ ਕੋਈ ਨੋਟਿਫੀਕੇਸ਼ਨ ਆਇਆ ਹੀ ਨਹੀਂ ਹੈ। ਜੇਕਰ ਸਰਕਾਰ ਇਹ ਲਿਖਤੀ ਰੂਪ ਵਿੱਚ ਦਿੰਦੀ ਹੈ ਕਿ ਫੈਕਟਰੀ ਨੂੰ ਪੱਕੇ ਤੋਰ ‘ਤੇ ਬੰਦ ਕੀਤਾ ਜਾ ਰਿਹਾ ਹੈ ਤਾਂ ਧਰਨਾ ਚੱਕ ਲਿਆ ਜਾਵੇਗਾ।

ਪੰਜਾਬ ਸਰਕਾਰ ਨੇ ਫੈਕਟਰੀ ਨੂੰ ਬੰਦ ਕਰਨ ਦਾ ਬਿਆਨ ਤਾਂ ਦੇ ਦਿੱਤਾ ਹੈ ਪਰ ਹੁਣ ਇਹ ਵੀ ਕੰਮ ਸਰਕਾਰ ਦਾ ਹੈ ਕਿ ਉਹ ਇਸ ਸਬੰਧੀ ਲਿਖਤੀ ਰੂਪ ਵਿੱਚ ਪੱਤਰ ਜਾਰੀ ਕਰੇ। ਇਹ ਸਵਾਲ ਵੀ ਹੁਣ ਸਰਕਾਰ ਤੇ ਪ੍ਰਸ਼ਾਸਨ ਅੱਗੇ ਖੜਾ ਹੈ ਕਿ ਇਸ ਸਬੰਧ ਵਿੱਚ ਕਾਰਵਾਈ ਹਾਲੇ ਤੱਕ ਕਿਉਂ ਨਹੀਂ ਹੋਈ ਹੈ ?

ਹਾਲਾਂਕਿ ਇਕ ਸਵਾਲ ਦੇ ਜੁਆਬ ਵਿੱਚ ਧਰਨਾ ਆਗੂਆਂ ਨੇ ਦੱਸਿਆ ਹੈ ਕਿ ਪ੍ਰਸ਼ਾਸਨ ਨੇ ਇਹ ਕਿਹਾ ਹੈ ਕਿ ਆਉਣ ਵਾਲੇ 2-3 ਦਿਨਾਂ ਵਿੱਚ ਹੀ ਲਿਖਤੀ ਰੂਪ ਵਿੱਚ ਨੋਟਿਫੀਕੇਸ਼ਨ ਮੋਰਚੇ ਨੂੰ ਮਿਲ ਜਾਵੇਗਾ।

ਇਸ ਤੋਂ ਇਲਾਵਾ ਮੋਰਚੇ ਦੇ ਆਗੂਆਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਫੈਕਟਰੀ ਸ਼ਰਾਬ ਤੋਂ ਇਲਾਵਾ 5 ਤਰਾਂ ਦੇ ਕੈਮੀਕਲ ਵੀ ਤਿਆਰ ਕਰਦੀ ਸੀ ।

Exit mobile version