ਗੁਰਪਤਵੰਤ ਸਿੰਘ ਪੰਨੂ ਮਾਮਲੇ ’ਤੇ ਅਮਰੀਕਾ ਦੇ ਇੱਕ ਨਾਮੀ ਡਿਪਲੋਮੈਟ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਭਾਰਤ ਵਿੱਚ ਅਮਰੀਕੀ ਰਾਜਦੂਤ ਐਰਿਕ ਗਾਰਸੇਟੀ ਨੇ ਇਹ ਬਿਆਨ ਦਿੱਤਾ ਹੈ ਕਿ ਅਮਰੀਕਾ ਵਿੱਚ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਵਿੱਚ ਭਾਰਤੀ ਅਫ਼ਸਰਾਂ ਦੀ ਸ਼ਮੂਲੀਅਤ ਦੇ ਮਾਮਲੇ ਵਿੱਚ ਰਾਸ਼ਟਰਪਤੀ ਜੋਅ ਬਾਇਡਨ ਪ੍ਰਸ਼ਾਸਨ ਨੇ ਭਾਰਤ ਤੋਂ ਜਿਹੜੇ ਕਦਮ ਚੁੱਕਣ ਦੀ ਉਮੀਦ ਕੀਤੀ ਸੀ, ਉਹ ਉਸ ਤੋਂ ਸੰਤੁਸ਼ਟ ਹਨ।
ਐਰਿਕ ਗਾਰਸੇਟੀ ਨੇ ਅੱਜ ਅਮਰੀਕੀ ਥਿੰਕ-ਟੈਂਕ ਕਾਊਂਸਿਲ ਆਨ ਫਾਰੇਨ ਰਿਲੇਸ਼ਨਜ਼’ (Council on Foreign Relations) ਵੱਲੋਂ ਕਰਵਾਏ ਸਮਾਗਮ ਦੌਰਾਨ ਕਿਹਾ, “ਕਿਸੇ ਵੀ ਰਿਸ਼ਤੇ ਵਿੱਚ ਉਤਰਾਅ-ਚੜ੍ਹਾਅ ਆਉਂਦੇ ਹਨ ਅਤੇ ਇਸ ਮਾਮਲੇ ਵਿੱਚ ਇਹ ਰਿਸ਼ਤੇ ਵਿੱਚ ਪਹਿਲਾ ਵੱਡਾ ਟਕਰਾਅ ਹੋ ਸਕਦਾ ਸੀ।”
ਗਾਰਸੇਟੀ ਨੇ ਅੱਗੇ ਕਿਹਾ, “ਸ਼ੁਕਰ ਹੈ ਕਿ ਅਸੀਂ ਜਿਹੋ ਜਿਹੀ ਜਵਾਬਦੇਹੀ ਦੀ ਆਸ ਕੀਤੀ ਸੀ ਪ੍ਰਸ਼ਾਸਨ ਹੁਣ ਤੱਕ ਉਸ ਤੋਂ ਸੰਤੁਸ਼ਟ ਹੈ। ਇਹ ਅਮਰੀਕਾ ਅਤੇ ਸਾਡੇ ਨਾਗਰਿਕਾਂ ਲਈ ਮਹੱਤਵਪੂਰਨ ਹੈ। ਇਹ ਅਪਰਾਧਿਕ ਮਾਮਲਾ ਹੈ ਜਿਸ ’ਤੇ ਮੁਕੱਦਮਾ ਚਲਾਇਆ ਗਿਆ ਹੈ। ਜੇ ਸਰਕਾਰੀ ਤੱਤ ਸ਼ਾਮਲ ਹਨ ਤਾਂ ਜਵਾਬਦੇਹੀ ਹੋਣੀ ਚਾਹੀਦੀ ਹੈ। ਅਸੀਂ ਇਸ ਜਵਾਬਦੇਹੀ ਦੀ ਉਮੀਦ ਸਿਰਫ਼ ਆਪਣੇ ਤੋਂ ਹੀ ਨਹੀਂ, ਭਾਰਤ ਤੋਂ ਵੀ ਕਰਦੇ ਹਾਂ।”
ਉੱਧਰ ਇਸ ਮਾਮਲੇ ਵਿੱਚ ਅਮਰੀਕਾ ਨੇ ਕਿਹਾ ਹੈ ਕਿ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਕਥਿਤ ਸਾਜ਼ਿਸ਼ ਦੀ ਜਾਂਚ ਇੱਕ ਕਾਨੂੰਨੀ ਮਾਮਲਾ ਹੈ। ਇਸ ਦੀ ਜਾਂਚ ਚੱਲ ਰਹੀ ਹੈ ਤੇ ਹਾਲੇ ਇਹ ਜਿਊਰੀ ਦੇ ਸਾਹਮਣੇ ਸਾਬਤ ਨਹੀਂ ਹੋਇਆ। ਯੂਐਸ ਸਟੇਟ ਡਿਪਾਰਟਮੈਂਟ (US State Department) ਨੇ ਕਿਹਾ ਕਿ ਜਦੋਂ ਤੱਕ ਜਿਊਰੀ ਦੇ ਸਾਹਮਣੇ ਇਲਜ਼ਾਮ ਸਾਬਤ ਨਹੀਂ ਹੋ ਜਾਂਦੇ, ਉਦੋਂ ਤਕ ਉਹ ਇਸ ਬਾਰੇ ਕੁਝ ਨਹੀਂ ਬੋਲੇਗਾ।
ਦੱਸ ਦੇਈਏ ਅਮਰੀਕੀ ਸੰਘ ਦੇ ਵਕੀਲਾਂ ਨੇ ਪਿਛਲੇ ਸਾਲ ਨਵੰਬਰ ਵਿੱਚ ਭਾਰਤੀ ਨਾਗਰਿਕ ਨਿਖਿਲ ਗੁਪਤਾ ’ਤੇ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਵਿੱਚ ਭਾਰਤ ਸਰਕਾਰ ਦੇ ਇੱਕ ਅਫ਼ਸਰ ’ਤੇ ਇਲਜ਼ਾਮ ਲਾਇਆ ਸੀ। ਪੰਨੂ ਕੋਲ ਅਮਰੀਕਾ ਤੇ ਕੈਨੇਡਾ ਦੋਵਾਂ ਦੀ ਨਾਗਰਿਕਤਾ ਹੈ।