India

ਜੰਮੂ-ਕਸ਼ਮੀਰ ’ਚ ਮੁਕਾਬਲਾ ਜਾਰੀ, 24 ਘੰਟਿਆਂ ’ਚ ਦੂਜਾ ਜਵਾਨ ਸ਼ਹੀਦ

ਬਿਉਰੋ ਰਿਪੋਰਟ: ਜੰਮੂ-ਕਸ਼ਮੀਰ ਦੇ ਕੁਪਵਾੜਾ ਦੇ ਕੋਵਤ ਇਲਾਕੇ ਵਿੱਚ ਬੁੱਧਵਾਰ ਸਵੇਰੇ ਫੌਜ ਤੇ ਅੱਤਵਾਦੀਆਂ ਵਿਚਾਲੇ ਗੋਲ਼ੀਬਾਰੀ ਹੋਈ ਜਿਸ ਵਿੱਚ ਇੱਕ ਹੋਰ ਜਵਾਨ ਸ਼ਹੀਦ ਹੋ ਗਿਆ। ਨਾਨ-ਕਮਿਸ਼ਨਡ ਅਫਸਰ ਦਿਲਾਵਰ ਸਿੰਘ ਬੁੱਧਵਾਰ ਸਵੇਰੇ ਗੋਲ਼ੀਬਾਰੀ ’ਚ ਜ਼ਖਮੀ ਹੋ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।

ਉੱਧਰ ਫੌਜ ਨੇ ਵੀ ਇਸ ਮੁਕਾਬਲੇ ਵਿੱਚ ਇਕ ਅੱਤਵਾਦੀ ਨੂੰ ਢੇਰ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਪੁੰਛ ’ਚ ਮੁਕਾਬਲਾ ਹੋਇਆ ਸੀ, ਜਿਸ ’ਚ ਲਾਂਸ ਨਾਇਕ ਸੁਭਾਸ਼ ਕੁਮਾਰ ਸ਼ਹੀਦ ਹੋ ਗਿਆ ਸੀ।

ਫੌਜ ਨੇ ਦੱਸਿਆ ਕਿ ਉਨ੍ਹਾਂ ਨੂੰ ਮੰਗਲਵਾਰ ਨੂੰ ਕੋਵਤ ’ਚ 2-3 ਅੱਤਵਾਦੀਆਂ ਦੇ ਘੁੰਮਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਅੱਤਵਾਦੀਆਂ ਨੇ ਫੌਜ ’ਤੇ ਗੋਲ਼ੀਬਾਰੀ ਕਰ ਦਿੱਤੀ, ਜਿਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ। ਦੇਰ ਰਾਤ ਦੋਵਾਂ ਪਾਸਿਆਂ ਤੋਂ ਗੋਲ਼ੀਬਾਰੀ ਤੇਜ਼ ਹੋ ਗਈ।

ਇਸ ਦੌਰਾਨ ਦਿਲਾਵਰ ਸਿੰਘ ਨੂੰ ਗੋਲੀ ਲੱਗੀ, ਜੋ ਬਾਅਦ ਵਿੱਚ ਸ਼ਹੀਦ ਹੋ ਗਿਆ। ਇਹ ਮੁਕਾਬਲਾ ਬੁੱਧਵਾਰ ਸਵੇਰੇ ਵੀ ਜਾਰੀ ਰਿਹਾ। ਸਵੇਰੇ ਜਵਾਨਾਂ ਨੇ ਇੱਕ ਅੱਤਵਾਦੀ ਨੂੰ ਮਾਰ ਦਿੱਤਾ।

ਜੁਲਾਈ 2024 ’ਚ ਹੁਣ ਤੱਕ ਜੰਮੂ-ਕਸ਼ਮੀਰ ’ਚ 8 ਵੱਡੇ ਅੱਤਵਾਦੀ ਹਮਲੇ ਹੋ ਚੁੱਕੇ ਹਨ। ਕੁੱਲ 13 ਜਵਾਨ ਸ਼ਹੀਦ ਹੋ ਗਏ, ਜਦਕਿ ਸੁਰੱਖਿਆ ਕਰਮੀਆਂ ਨੇ 12 ਅੱਤਵਾਦੀਆਂ ਨੂੰ ਮਾਰ ਦਿੱਤਾ।

ਸਬੰਧਿਤ ਖ਼ਬਰ – ਜੰਮੂ-ਕਸ਼ਮੀਰ ਦੇ ਕੁਪਵਾੜਾ ‘ਚ ਮੁਕਾਬਲਾ, 1 ਅੱਤਵਾਦੀ ਢੇਰ