India Punjab

ਚੋਣ ਕਮਿਸ਼ਨ ਨੇ ਵੋਟਾਂ ਦੇ ਦਿਨ ਸਰਕਾਰੀ ਡਿਊਟੀ ਦੇਣ ਵਾਲਿਆਂ ਨੂੰ ਡਾਕ ਰਾਹੀਂ ਵੋਟ ਪਾਉਣ ਦਾ ਦਿੱਤਾ ਹੱਕ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤੀ ਚੋਣ ਕਮਿਸ਼ਨ ਨੇ ਵੋਟਾਂ ਵਾਲੇ ਦਿਨ ਡਿਊਟੀ ‘ਤੇ ਹਾਜ਼ਿਰ ਰਹਿਣ ਵਾਲੇ ਸਰਕਾਰੀ ਕਰਮਚਾਰੀਆਂ ਨੂੰ ਵੋਟ ਡਾਕ ਰਾਹੀਂ ਪਾਉਣ ਦਾ ਹੱਕ ਦੇ ਦਿੱਤਾ ਹੈ। ਚੋਣ ਕਮਿਸ਼ਨ ਨੇ ਜਾਰੀ ਪ੍ਰੈੱਸ ਨੋਟ ਵਿੱਚ ਕਿਹਾ ਹੈ ਕਿ ਅਜਿਹੇ ਕਰਮਚਾਰੀ ਜਿਹੜੇ ਵੋਟਾਂ ਵਾਲੇ ਦਿਨ ਛੁੱਟੀ ਨਹੀਂ ਲੈ ਸਕਦੇ, ਉਹ ਆਪਣੇ ਵਿਸ਼ੇਸ਼ ਹੱਕ ਦੀ ਵਰਤੋਂ ਕਰ ਸਕਣਗੇ। ਜਿਨ੍ਹਾਂ ਵਿਭਾਗਾਂ ਨੂੰ ਛੋਟ ਦਿੱਤੀ ਗਈ ਹੈ, ਉਨ੍ਹਾਂ ਵਿੱਚ ਪੁਲਿਸ, ਸਿਵਲ ਡਿਫੈਂਸ, ਸਿਹਤ ਵਿਭਾਗ, ਜੇਲ੍ਹਾਂ, ਕਰ ਤੇ ਆਬਕਾਰੀ, ਬਿਜਲੀ ਮਹਿਕਮਾ, ਖ਼ਜ਼ਾਨਾ, ਜੰਗਲਾਤ, ਆਲ ਇੰਡੀਆ ਰੇਡੀਓ, ਦੂਰ ਦਰਸ਼ਨ, ਬੀਐੱਸਐੱਨਐੱਲ, ਰੇਲਵੇ, ਪੋਸਟ ਤੇ ਟੈਲੀਗ੍ਰਾਫ਼, ਸ਼ਹਿਰੀ ਉਡਾਣ, ਐਂਬੂਲੈਂਸ ਅਤੇ ਸ਼ਿਪਿੰਗ ਸ਼ਾਮਿਲ ਹਨ।

ਚੋਣ ਕਮਿਸ਼ਨ ਵੱਲੋਂ ਇਸ ਤੋਂ ਪਹਿਲਾਂ ਚੋਣਾਂ ਦੀ ਕਵਰੇਜ ਕਰਨ ਵਾਲੇ ਮੀਡੀਆ ਕਰਮੀਆਂ ਨੂੰ ਵੀ ਡਾਕ ਰਾਹੀਂ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ ਸੀ। ਇਸਦੇ ਨਾਲ ਹੀ ਚੋਣਾਂ ਦੌਰਾਨ ਡਿਊਟੀ ਦੇਣ ਵਾਲੇ ਮੁਲਾਜ਼ਮਾਂ ਨੂੰ ਵੀ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ ਹੈ। ਚੋਣ ਕਮਿਸ਼ਨ ਵੱਲੋਂ ਕਰੋਨਾ ਦੇ ਵੱਧਦੇ ਪ੍ਰਕੋਪ ਨੂੰ ਦੇਖਦਿਆਂ ਚੋਣ ਅਮਲੇ ਨੂੰ ਫਰੰਟ ਲਾਈਨ ਵਾਰੀਅਰਜ਼ ਐਲਾਨਿਆ ਗਿਆ ਹੈ। ਚੋਣ ਅਮਲੇ ਵਾਸਤੇ ਟੀਕਾਕਰਨ ਦੀਆਂ ਦੋ ਡੋਜ਼ ਲਾਜ਼ਮੀ ਕੀਤੀਆਂ ਗਈਆਂ ਹਨ। ਇਸ ਤੋਂ ਬਿਨਾਂ ਬੂਸਟਰ ਡੋਜ਼ ਪਹਿਲ ਦੇ ਆਧਾਰ ‘ਤੇ ਲਾਉਣ ਦੀ ਸਿਫ਼ਾਰਸ਼ ਕੀਤੀ ਗਈ ਹੈ।

ਇਸ ਤੋਂ ਪਹਿਲਾਂ ਇਹ ਅਧਿਕਾਰ ਕੇਵਲ ਫ਼ੌਜੀਆਂ ਜਾਂ ਪੁਲਿਸ ਨੂੰ ਦਿੱਤਾ ਗਿਆ ਸੀ। ਦੱਸਣਯੋਗ ਹੈ ਕਿ ਮਨੀਪੁਰ ਵਿੱਚ ਚੋਣਾਂ ਦੋ ਗੇੜਾਂ ਪਹਿਲੀ ਫਰਵਰੀ ਅਤੇ ਚਾਰ ਫਰਵਰੀ ਨੂੰ ਹੋ ਰਹੀਆਂ ਹਨ। ਯੂਪੀ ਵਿੱਚ ਸੱਤ ਗੇੜ ਦੀਆਂ ਚੋਣਾਂ ਹੋਣਗੀਆਂ ਜਦਕਿ ਪੰਜਾਬ ਸਮੇਤ ਗੋਆ ਅਤੇ ਉੱਤਰਾਖੰਡ ਵਿੱਚ ਚੋਣਾਂ ਇੱਕੋ ਦਿਨ ਹੋਣਗੀਆਂ। ਪਰ ਕਮਿਸ਼ਨ ਵੱਲੋਂ ਪੰਜਾਬ ਦੀਆਂ ਤਰੀਕਾਂ ਬਦਲ ਜਾਣ ਨਾਲ ਵੋਟਾਂ ਇੱਕ ਹਫਤੇ ਲਈ ਅੱਗੇ ਪਾ ਦਿੱਤੀਆਂ ਗਈਆਂ।