India

ਚੋਣ ਕਮਿਸ਼ਨ ਵੱਲੋਂ ਪੰਜ ਰਾਜਾਂ ਦੀਆਂ ਚੋਣਾਂ ਦਾ ਐਲਾਨ, ਪੰਜਾਬ ਵਿੱਚ ਵੋਟਾਂ 14 ਫਰਵਰੀ ਨੂੰ

‘ਦ ਖ਼ਾਲਸ ਬਿਊਰੋ : ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਸੱਤ ਗੇੜਾਂ ਵਿੱਚ ਵੋਟਾਂ ਪੈਣਗੀਆਂ। ਪੰਜਾਬ ਨੂੰ ਦੂਜੇ ਗੇੜ ਵਿੱਚ ਰੱਖਿਆ ਗਿਆ ਹੈ। ਪੰਜਾਬ ਵਿੱਚ ਵੋਟਾਂ 14 ਫਰਵਰੀ ਨੂੰ ਪੈਣਗੀਆ ਜਦ ਕਿ ਨਤੀਜੇ ਦਾ ਐਲਾਨ ਦੂਜੇ ਰਾਜਾਂ 10 ਮਾਰਚ ਨੂੰ ਕੀਤਾ ਜਾਵੇਗਾ। ਮੁੱਖ ਚੋਣ ਕਮਿਸ਼ਨਰ ਸ਼ੁਸ਼ੀਲ ਚੰਦਰਾ ਨੇ ਪ੍ਰੈਸ ਕਾਨਫ੍ਰੰਸ ਕਰਕੇ 15 ਜਨਵਰੀ ਤੱਕ ਚੋਣ ਰੈਲੀਆਂ ਤੇ ਪਾਬੰਦੀ ਲਗਾ ਦਿੱਤਾ ਹੈ। ਇਸ ਵਾਰ ਦੀਆਂ ਚੋਣਾਂ ਦੀ  ਵਿਲੱਖਣਤਾ ਇਹ ਕਿ ਉਮੀਦਵਾਰਾਂ ਨੂੰ ਨਾਮਜਦਗੀਆਂ ਦਾਖਲ ਕਰਨ ਤੋਂ ਪਹਿਲਾਂ ਅਪਰਾਧਿਕ ਪਿਛੋਕੜ ਬਾਰੇ ਜਾਣਕਾਰੀ ਜਨਤਕ ਕਰਨੀ ਲਾਜ਼ਮੀ ਕੀਤੀ ਗਈ ਹੈ। ਵੋਟਾਂ ਈਵੀਐਮ ਰਾਹੀਂ ਪੈਣਗੀਆਂ ।ਇਸ ਦੇ ਨਾਲ ਹੀ ਚੋਣ ਜਾਬਤਾ ਲਾਗੂ ਹੋ ਗਿਆ ਹੈ। ਇਸ ਵਾਰ ਆਨਲਾਈਨ ਨੋਮੀਨੇਸ਼ਨ ਦੀ ਸਹੂਲਤ ਵੀ ਦਿੱਤੀ ਗਈ ਹੈ। 

ਮੁੱਖ ਚੋਣ ਕਮਿਸ਼ਨਰ ਨੇ ਦੱਸਿਆ ਕਿ ਪੰਜ ਰਾਜਾਂ ਦੇ ਕੁੱਲ 690 ਹਲਕਿਆਂ ਲਈ ਵੋਟਾਂ ਪੈਣਗੀਆਂ । ਜਿਨਾਂ ਵਿੱਚ ਗੋਆ ਦੇ 40, ਮਨੀਪੁਰ ਦੇ 60, ਪੰਜਾਬ ਦੇ 117, ਉੱਤਰਾਖੰਡ ਦੇ 70 ਅਤੇ ਯੂ ਪੀ ਦੇ 403 ਹਲਕੇ ਸ਼ਾਮਲ ਹਨ। ਉਨ੍ਹਾਂ  ਨੇ ਕਿਹਾ ਕਿ ਚੋਣਾਂ ਦੌਰਾਨ 18.34 ਕਰੋੜ ਵੋਟਰ ਆਪਣੇ ਹੱਕ ਦਾ ਇਸਤੇਮਾਲ ਕਰਨਗੇ ਜਿਨਾਂ ਵਿੱਚ 8.55 ਕਰੋੜ ਮਹਿਲਾਵਾਂ ਅਤੇ 24 ਲੱਖ ਨਵੇਂ ਵੋਟਰ ਹਨ। ਇਸ ਵਾਰ ਵੋਟਾਂ ਪੈਣ ਦੇ ਸਮੇਂ ਵਿੱਚ ਇੱਕ ਘੰਟੇ ਦਾ ਵਾਧਾ ਕੀਤਾ ਗਿਆ ਹੈ ਤੇ ਪੋਲਿੰਗ ਬੁਥਾਂ ਦਾ ਗਿਣਤੀ ਵਧਾ ਦਿੱਤੀ ਗਈ ਹੈ । ਉਨ੍ਹਾਂ ਨੇ ਕਿਹਾ ਕਿ ਇਸ ਵਾਰ ਚੋਣਾਂ ਕਰਾਉਣੀਆਂ ਵੱਡੀ ਚਣੌਤੀ ਰਹੀ ਹੈ ਪਰ ਕਮਿਸ਼ਨ ਵੋਟਰਾਂ ਦੀ ਸੁਰੱਖਿਆ ਲਈ ਵਚਨਬੱਧ ਹੈ। ਉਨ੍ਹਾਂ ਨੇ ਦੱਸਿਆ ਕਿ ਚੋਣਾਂ ਲਈ ਰਾਜਾਂ ਅਤੇ ਕੇਂਦਰ ਸਰਕਾਰ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਹਨ।

ਵੋਟਾਂ ਦੌਰਾਨ ਪੈਸੇ, ਨਸ਼ੇ ਅਤੇ ਤਾਕਤ ਦੀ ਵਰਤੋਂ  ਨੂੰ ਨੱਥ ਪਾਉਣ ਲਈ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ । ਉਮੀਦਵਾਰ ਕਾਗਜ ਭਰਨ ਤੋਂ 48 ਘੰਟੇ ਪਹਿਲਾਂ  ਆਪਣੇ ਅਪਰਾਧਿਕ ਪਿਛੋਕੜ ਬਾਰੇ ਸੂਚਨਾ ਦੇਣ ਦੇ  ਪਾਬੰਦ ਹੋਣਗੇ। ਅਖਬਾਰਾਂ ਜਾਂ ਟੀਵੀ ਚੈਨਲਾਂ ਰਾਹੀਂ  ਉਨ੍ਹਾਂ ਵਿਰੁੱਧ ਚਲਦੇ ਕੇਸਾਂ ਬਾਰੇ ਦੱਸਣ ਲਈ ਕਿਹਾ ਗਿਆ ਹੈ । ਇਸ ਦੇ ਨਾਲ ਹੀ ਜਨ ਭਾਗੀਦਾਰੀ ਐਪ ਵੀ ਲਾਂਚ ਕੀਤੀ ਜਾ ਰਹੀ ਹੈ ਜਿਸ ‘ਤੇ ਆਮ ਨਾਗਰਿਕ ਚੋਣ ਉਲੰਘਣਾ ਦੀ ਵੀਡੀਉ ਜਾਂ ਤਸਵੀਰ ਅਪਲੋਡ ਕਰ ਸਕਣਗੇ। ਚੋਣ ਕਮਿਸ਼ਨ ਨੇ ਸ਼ਿਕਾਇਤਾ ‘ਤੇ 24 ਘੰਟੇ ਵਿੱਚ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ । ਇਸ ਦੇ ਨਾਲ ਹੀ ਸੁਵਿਧਾ ਐਪ ‘ਤੇ ਉਮੀਦਵਾਰ ਬਾਰੇ ਹਰ ਤਰਾਂ ਦਾ ਜਾਣਕਾਰੀ ਉਪਲੱਬਧ ਹੋਵੇਗੀ। ਕਰੋਨਾ ਬਾਰੇ ਹੋਰ ਜਾਣਕਾਰੀ ਦਿੰਦਿਆ ਉਨ੍ਹਾਂ ਨੇ  ਕਿਹਾ ਕਿ ਚੋਣ ਡਿਊਟੀ ਸਟਾਫ ਲਈ ਮੁੰਕਮਲ ਟੀਕਾਕਰਨ ਲਾਜਮੀ ਕੀਤਾ ਗਿਆ ਹੈ ਨਾਲ ਹੀ ਸਰਕਾਰ ਨੂੰ ਚੋਣ ਅਮਲੇ ਨੂੰ ਪਹਿਲ ਦੇ ਅਧਾਰ ਦੇ ਬੂਸਟ ਡੋਜ਼ ਦੇਣ ਦੀ ਸਿਫਾਰਸ਼ ਕੀਤੀ ਗਈ ਹੈ । ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਕੁੱਲ ਵੋਟਰਾਂ ਵਿੱਚੋਂ 15 ਕਰੋੜ ਪਹਿਲੀ ਡੋਜ਼ ਅਤੇ 9 ਕਰੋੜ ਦੂਜੀ ਡੋਜ਼ ਲੈ ਚੁੱਕੇ ਹਨ।

ਕਰੋਨਾ ਨੂੰ ਦੇਖਦਿਆਂ ਚੋਣ ਰੈਲੀਆਂ ਅਤੇ ਰੋਡ ਸ਼ੋਅ  ‘ਤੇ ਪਾਬੰਦੀ ਲਾ ਦਿੱਤੀ ਗਈ ਹੈ।  ਪਰਚਾਰ ਟੀਮ ਵਿੱਚ ਉਮੀਦਵਾਰ ਸਮੇਤ ਪੰਜ ਤੋਂ ਵੱਧ ਬੰਦੇ ਸ਼ਾਮਲ ਨਹੀ ਹੋ ਸਕਣਗੇ । ਚੋਣ ਪਰਚਾਰ ਤੇ ਸ਼ਾਮ ਅੱਠ ਤੋਂ ਸਵੇਰ ਅੱਠ ਵਜੇ ਤੱਕ ਪਾਬੰਦੀ ਰਹੇਗੀ। ਪਾਬੰਦੀਆਂ ਘਟਾਉਣ ਜਾਂ ਵਧਾਉਣ ਬਾਰੇ ਫੈਸਲਾ 15  ਜਨਵਰੀ ਤੋਂ ਬਾਅਦ ਲਿਆ ਜਾਵੇਗਾ । ਚੋਣਾਂ ਤੋਂ ਬਾਅਦ ਜੇਤੂ ਉਮੀਦਵਾਰ ਜਲੂਸ ਨਹੀ ਕੱਢ ਸਕਣਗੇ। ਚੋਣ ਕਮਿਸ਼ਨਰ ਅਨੁਸਾਰ ਪੰਜਾਬ, ਉੱਤਰਾਖੰਡ ਅਤੇ ਗੋਆ ਵਿੱਚ ਵੋਟਾਂ 14 ਫਰਵਰੀ ਨੂੰ ਪੈਣਗੀਆਂ। ਮਨੀਪੁਰ ਵਿੱਚ ਵੋਟਾਂ 27 ਫਰਵਰੀ ਅਤੇ 3 ਮਾਰਚ ਨੂੰ ਦੋ ਗੇੜਾਂ ਵਿੱਚ ਪੈਣਗੀਆਂ। ਯੂ ਪੀ ਵਿੱਚ ਵੋਟਾਂ ਦੀ ਤਰੀਕ 10 ਫਰਵਰੀ ,14 ਫਰਵਰੀ, 20 ਫਰਵਰੀ,23 ਫਰਵਰੀ , 27 ਫਰਵਰੀ ,3 ਮਾਰਚ ਅਤੇ 7 ਮਾਰਚ ਮੁਕਰਰ ਕੀਤੀ ਗਈ ਹੈ। ਸਾਰੇ ਰਾਜਾਂ ਦੀਆਂ ਵੋਟਾ ਦੀ ਗਿਣਤੀ 10 ਮਾਰਚ ਨੂੰ ਹੋਵੇਗੀ ਅਤੇ ਨਤੀਜੇ ਦਾ ਐਲਾਨ ਵੀ ਉਸੇ ਦਿਨ ਕੀਤਾ ਜਾਵੇਗਾ।