ਚੰਡੀਗੜ੍ਹ : ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਾਅਵਾ ਕੀਤਾ ਹੈ ਕਿ ਆਪ ਦੇ ਕਾਰਜਕਾਲ ਦੇ ਪਹਿਲੇ ਸਾਲ ਦੇ ਦੌਰਾਨ ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਸਰਕਾਰੀ ਸਕੂਲਾਂ ਵਿੱਚ ਕਿਤਾਬਾਂ ਮਾਰਚ ਮਹੀਨੇ ਦੇ ਅੰਤ ਵਿੱਚ ਹੀ ਪਹੁੰਚ ਗਈਆਂ ਹੋਣ।
ਮਾਨ ਸਰਕਾਰ ਦੇ ਹੋਰ ਕੰਮ ਗਿਣਵਾਉਂਦੇ ਹੋਏ ਮੰਤਰੀ ਬੈਂਸ ਨੇ ਵਰਦੀਆਂ ਉਪਲਬੱਧ ਕਰਵਾਏ ਜਾਣ ਦੀ ਵੀ ਜ਼ਿਕਰ ਕੀਤਾ ਹੈ। ਸਰਕਾਰੀ ਸਕੂਲਾਂ ਦੀ ਇਸ ਬਦਲਦੀ ਤਸਵੀਰ ਕਾਰਨ ਹੁਣ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਵੀ ਵਧਣ ਲੱਗ ਗਈ ਹੈ।
ਬੈਂਸ ਨੇ ਪਿਛਲੀਆਂ ਸਰਕਾਰਾਂ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਹੈ ਕਿ ਉਹ ਦਿਖਾ ਦੇਣ ਕੀ ਆਪਣੇ ਕਾਰਜਕਾਲ ਦੇ ਪਹਿਲੇ ਮਹੀਨਿਆਂ ਚ ਉਹਨਾਂ ਨੇ ਕੀ ਕੀਤਾ ਸੀ। ਜਦੋਂ ਉਹ ਸੱਤਾ ਵਿੱਚ ਸਨ ਤਾਂ ਆਪ ਕੁੱਝ ਕੀਤਾ ਨਹੀਂ,ਹੁਣ ਆਪ ਸਰਕਾਰ ਦੇ ਆਉਣ ਤੇ ਉਸ ਤੇ ਸਵਾਲ ਚੁੱਕ ਰਹੇ ਹਨ ।ਬੈਂਸ ਨੇ ਸਾਬਕਾ ਸਿੱਖਿਆ ਮੰਤਰੀ ਪੰਜਾਬ ਪਰਗਟ ਸਿੰਘ ਨੂੰ ਵੀ ਘੇਰਿਆ ਤੇ ਕਿਹਾ ਕਿ ਇਹਨਾਂ ਦੇ ਰਾਜ ਚ ਬੱਚਿਆਂ ਦੀ ਗਿਣਤੀ ਸਕੂਲਾਂ ਵਿੱਚ ਘੱਟ ਗਈ ਸੀ ਪਰ ਹੁਣ ਹਾਲਾਤ ਬਦਲ ਗਏ ਹਨ।ਉਹਨਾਂ ਦਾਅਵਾ ਕੀਤਾ ਹੈ ਕਿ ਇਸ ਵਾਰ ਪ੍ਰਾਈਮਰੀ ਸਕੂਲਾਂ ਚ 13 ਫੀਸਦੀ ਵਾਧੇ ਨਾਲ 75000 ਬੱਚਿਆਂ ਦਾ ਵਾਧਾ ਹੋਇਆ ਹੈ ਜਦੋਂ ਕਿ ਦਸਵੀਂ ਤੇ ਬਾਹਰਵੀਂ ਦੇ ਨਤੀਜੇ ਹਾਲੇ ਆਉਣੇ ਹਨ।
ਮਾਨਸਾ ਜ਼ਿਲ੍ਹੇ ਦਾ ਖਾਸ ਤੌਰ ਤੇ ਜ਼ਿਕਰ ਕਰਦੇ ਹੋਏ ਕਿਹਾ ਕਿ ਪੰਜਵੀ ਤੇ ਅੱਠਵੀਂ ਜਮਾਤ ਵਿੱਚ ਸ਼ਾਨਦਾਰ ਨਤੀਜੇ ਆਏ ਹਨ ਤੇ ਇਥੋਂ ਦੀਆਂ ਕੁੜੀਆਂ ਨੇ ਪੂਰੇ ਸੂਬੇ ‘ਚ ਪਹਿਲੇ ਸਥਾਨ ਹਾਸਲ ਕੀਤੇ ਹਨ। ਬੈਂਸ ਨੇ ਲੁਧਿਆਣਾ ਤੇ ਤਰਨਤਾਰਨ ਜ਼ਿਲ੍ਹਿਆਂ ਦਾ ਵੀ ਜ਼ਿਕਰ ਕੀਤਾ ਤੇ ਕਿਹਾ ਕਿ ਹੁਣ ਸਿੱਖਿਆ ਵਿਭਾਗ ਦੀ ਵੀ ਨੁਹਾਰ ਸੁਧਰੀ ਹੈ।
ਮੁੱਖ ਮੰਤਰੀ ਪੰਜਾਬ ਦੇ ਨਿਰਦੇਸ਼ਾਂ ‘ਤੇ ਇਨਫਰਾਸਟਰਕਚਰ ਸੈਲ ਬਣਾਇਆ ਗਿਆ ਹੈ ਜੋ ਕਿ ਸਕੂਲਾਂ ਵਿੱਚ ਚੱਲ ਰਹੇ ਕੰਮਾਂ ਦੀ ਨਿਗਰਾਨੀ ਕਰੇਗਾ।ਪੰਜਾਬ ਦੇ 117 ਸਕੂਲਾਂ ਤੋਂ ਇਲਾਵਾ 20 ਹਜ਼ਾਰ ਸਕੂਲਾਂ ਦੀ ਹਾਲਤ ਵੀ ਸੁਧਾਰੀ ਜਾ ਰਹੀ ਹੈ। ਬੱਚਿਆਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਹੀ ਸਕੂਲ ਵਿੱਚ ਉਸਾਰੀ ਦਾ ਕੰਮ ਕਰਵਾਇਆ ਜਾਵੇਗਾ।ਇਸ ਵੇਲੇ ਸਕੂਲਾਂ ਵਿੱਚ 3200 ਕਮਰੇ ਉਸਾਰੀ ਅਧੀਨ ਹਨ,ਜੋ ਕਿ ਇਸ ਮਹੀਨੇ ਦੇ ਅੰਤ ਤੱਕ ਪੂਰੇ ਬਣ ਜਾਣਗੇ। ਪੰਜਾਬ ਦੇ ਸਕੂਲਾਂ ਵਿੱਚ ਕੰਪਿਊਟਰ ਸਿੱਖਿਆ ਦਾ 200 ਕਰੋੜ ਦੀ ਲਾਗਤ ਨਾਲ ਆਧੁਨਿਕਕਰਣ ਕੀਤਾ ਜਾਵੇਗਾ।
ਪੰਜਾਬ ਦੇ ਸਕੂਲਾਂ ਵਿੱਚ ਅਧਿਆਪਕਾਂ ਦੀ ਕਮੀ ਹੈ,ਇਸ ਲਈ ਹੁਣ ਲਗਾਤਾਰ ਭਰਤੀਆਂ ਕੀਤੀਆਂ ਜਾ ਰਹੀਆਂ ਹਨ ਤੇ ਅਦਾਲਤੀ ਅੜਚਣਾਂ ਵੀ ਦੂਰ ਕੀਤੀਆਂ ਜਾ ਰਹੀਆਂ ਹਨ।ਇਸੇ ਮਹੀਨੇ ਹੋਰ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ।ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਵੀ ਦੌਰਾ ਕੀਤਾ ਗਿਆ ਹੈ ਤੇ ਸਕੂਲਾਂ ਦਾ ਮੁਆਇਨਾ ਕੀਤਾ ਹੈ।
