ਮਿਆਂਮਾਰ ਅਤੇ ਨੇਪਾਲ ਸਮੇਤ ਜੰਮੂ-ਕਸ਼ਮੀਰ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਪਿਛਲੇ 12 ਘੰਟਿਆਂ ਦੌਰਾਨ ਵੱਖ-ਵੱਖ ਥਾਵਾਂ ‘ਤੇ ਭੂਚਾਲ ਦੇ ਕਈ ਝਟਕੇ ਆਏ ਹਨ। ਮਿਆਂਮਾਰ ‘ਚ ਅੱਜ ਸਵੇਰੇ 6.30 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਦੀ ਤੀਬਰਤਾ 4.3 ਦੱਸੀ ਜਾ ਰਹੀ ਹੈ। ਭੂਚਾਲ ਦਾ ਕੇਂਦਰ ਜ਼ਮੀਨੀ ਸਤ੍ਹਾ ਤੋਂ 90 ਕਿਲੋਮੀਟਰ ਦੂਰ ਮਿਆਂਮਾਰ ਸੀ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਨੇ ਇਹ ਜਾਣਕਾਰੀ ਦਿੱਤੀ ਹੈ। ਮਿਜ਼ੋਰਮ ‘ਚ ਐਤਵਾਰ-ਸੋਮਵਾਰ ਦੁਪਹਿਰ 2:09 ਵਜੇ 3.5 ਦੀ ਤੀਬਰਤਾ ਵਾਲਾ ਭੂਚਾਲ ਆਇਆ। ਭੂਚਾਲ ਦਾ ਕੇਂਦਰ ਮਿਜ਼ੋਰਮ ਦੀ ਰਾਜਧਾਨੀ ਆਈਜ਼ੌਲ ਸੀ, ਜੋ ਜ਼ਮੀਨੀ ਸਤ੍ਹਾ ਤੋਂ 20 ਕਿਲੋਮੀਟਰ ਦੂਰ ਸੀ।
ਜੰਮੂ-ਕਸ਼ਮੀਰ ‘ਚ ਐਤਵਾਰ ਦੇਰ ਰਾਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲੇ ‘ਚ ਐਤਵਾਰ ਰਾਤ 22:56 ‘ਤੇ ਭੂਚਾਲ ਆਇਆ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਦੇ ਅਨੁਸਾਰ, ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 3.5 ਸੀ। ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿਚ ਐਤਵਾਰ ਸਵੇਰੇ ਰਿਕਟਰ ਪੈਮਾਨੇ ‘ਤੇ 6.1 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਕਾਰਨ ਕਰੀਬ 20 ਘਰਾਂ ਨੂੰ ਨੁਕਸਾਨ ਪੁੱਜਾ ਹੈ।
ਭੂਚਾਲ ਅਤੇ ਇਸਦੇ ਬਾਅਦ ਦੇ ਝਟਕਿਆਂ ਨੇ ਲੋਕਾਂ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਅਤੇ ਉਨ੍ਹਾਂ ਨੂੰ 2015 ਦੇ ਭੂਚਾਲ ਦੀ ਯਾਦ ਦਿਵਾ ਦਿੱਤੀ ਜਿਸ ਵਿੱਚ ਲਗਭਗ 9,000 ਲੋਕ ਮਾਰੇ ਗਏ ਸਨ। ਰਾਸ਼ਟਰੀ ਭੂਚਾਲ ਨਿਗਰਾਨੀ ਅਤੇ ਖੋਜ ਕੇਂਦਰ ਦੇ ਅਨੁਸਾਰ, ਸਵੇਰੇ 7.39 ਵਜੇ ਆਏ ਭੂਚਾਲ ਦਾ ਕੇਂਦਰ ਧਾਡਿੰਗ ਜ਼ਿਲ੍ਹੇ ਵਿੱਚ ਸੀ। ਇਸ ਭੂਚਾਲ ‘ਚ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਬਾਗਮਤੀ ਅਤੇ ਗੰਡਕੀ ਸੂਬਿਆਂ ਦੇ ਹੋਰ ਜ਼ਿਲ੍ਹਿਆਂ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਮੀਡੀਆ ਰਿਪੋਰਟਾਂ ਮੁਤਾਬਕ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ ਪਰ ਜ਼ਿਲ੍ਹੇ ਦੇ ਕਈ ਹਿੱਸਿਆਂ ਵਿੱਚ ਜ਼ਮੀਨ ਖਿਸਕਣ ਦੀਆਂ ਖ਼ਬਰਾਂ ਹਨ। ਰਿਪੋਰਟਾਂ ਅਨੁਸਾਰ ਕਾਠਮੰਡੂ ਤੋਂ 90 ਕਿਲੋਮੀਟਰ ਪੱਛਮ ਵਿੱਚ ਸਥਿਤ ਧਾਡਿੰਗ ਜ਼ਿਲ੍ਹੇ ਦੀ ਜਵਾਲਾਮੁਖੀ ਦੇਹਤ ਨਗਰਪਾਲਿਕਾ ਵਿੱਚ 20 ਘਰਾਂ ਨੂੰ ਨੁਕਸਾਨ ਪਹੁੰਚਿਆ ਅਤੇ 75 ਹੋਰ ਘਰਾਂ ਵਿੱਚ ਤਰੇੜਾਂ ਆ ਗਈਆਂ। ਸਵੇਰ ਦੇ ਭੂਚਾਲ ਤੋਂ ਬਾਅਦ ਐਤਵਾਰ ਦੁਪਹਿਰ ਨੂੰ ਧਾਡਿੰਗ ‘ਚ ਤਿੰਨ ਹੋਰ ਝਟਕੇ ਮਹਿਸੂਸ ਕੀਤੇ ਗਏ, ਜਿਨ੍ਹਾਂ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ ਚਾਰ ਤੋਂ ਜ਼ਿਆਦਾ ਮਾਪੀ ਗਈ।