ਚੰਡੀਗੜ੍ਹ : ਪੰਜਾਬ ਦੇ ਅੰਮ੍ਰਿਤਸਰ ‘ਚ ਅੱਜ ਤੜਕੇ ਭੂਚਾਲ(Earthquake in Amritsar) ਦੇ ਝਟਕੇ ਮਹਿਸੂਸ ਕੀਤੇ ਗਏ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਪੰਜਾਬ ਦੇ ਅੰਮ੍ਰਿਤਸਰ ਵਿੱਚ 145 ਕਿਲੋਮੀਟਰ ਪੱਛਮ-ਉੱਤਰ ਪੱਛਮ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 4.1 ਦਰਜ ਕੀਤੀ ਗਈ ਹੈ। ਨੈਸ਼ਨਲ ਸੈਂਟਰ ਫਾਰ ਸਿਸਮਲੋਜੀ ਮੁਤਾਬਕ ਭੂਚਾਲ ਦੀ ਡੂੰਘਾਈ ਜ਼ਮੀਨ ਤੋਂ 120 ਕਿਲੋਮੀਟਰ ਹੇਠਾਂ ਸੀ। ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।
ਤੁਹਾਨੂੰ ਦੱਸ ਦੇਈਏ ਕਿ ਉੱਤਰੀ ਭਾਰਤ ਵਿੱਚ ਪਿਛਲੇ ਕੁਝ ਦਿਨਾਂ ਵਿੱਚ ਧਰਤੀ ਕਈ ਵਾਰ ਹਿੱਲ ਚੁੱਕੀ ਹੈ। ਦੋ ਦਿਨ ਪਹਿਲਾਂ ਦਿੱਲੀ-ਐਨਸੀਆਰ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 5.4 ਮਾਪੀ ਗਈ ਅਤੇ ਇਸ ਦਾ ਕੇਂਦਰ ਨੇਪਾਲ ਸੀ।
An earthquake of magnitude 4.1 occurred 145km west-northwest of Amritsar, Punjab, at around 3.42am, today. The depth of the earthquake was 120 km below the ground: National Center for Seismology pic.twitter.com/c565a76ndE
— ANI (@ANI) November 14, 2022
ਇੱਕ ਹਫ਼ਤੇ ਵਿੱਚ ਇਹ ਦੂਜੀ ਵਾਰ ਹੈ ਜਦੋਂ ਰਾਸ਼ਟਰੀ ਰਾਜਧਾਨੀ ਅਤੇ ਐਨਸੀਆਰ ਵਿੱਚ ਭੂਚਾਲ ਆਇਆ ਹੈ। ਨੋਇਡਾ, ਗਾਜ਼ੀਆਬਾਦ ਅਤੇ ਮੇਰਠ ਦੇ ਲੋਕਾਂ ਨੇ 54 ਸਕਿੰਟਾਂ ਤੱਕ ਇਹ ਝਟਕੇ ਮਹਿਸੂਸ ਕੀਤੇ। ਇਸ ਤੋਂ ਇਲਾਵਾ ਉਤਰਾਖੰਡ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
9 ਨਵੰਬਰ ਨੂੰ ਆਏ 6.3 ਤੀਬਰਤਾ ਵਾਲੇ ਭੂਚਾਲ ਦਾ ਕੇਂਦਰ ਨੇਪਾਲ
ਦੱਸ ਦੇਈਏ ਕਿ ਇਸ ਤੋਂ ਪਹਿਲਾਂ 9 ਨਵੰਬਰ ਨੂੰ ਆਏ 6.3 ਤੀਬਰਤਾ ਵਾਲੇ ਭੂਚਾਲ ਦਾ ਕੇਂਦਰ ਨੇਪਾਲ ਸੀ। ਭਾਰਤ ਦੇ 8 ਰਾਜਾਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ, ਜਿਨ੍ਹਾਂ ਵਿੱਚ ਦਿੱਲੀ, ਯੂਪੀ, ਬਿਹਾਰ, ਹਰਿਆਣਾ, ਮੱਧ ਪ੍ਰਦੇਸ਼, ਉੱਤਰਾਖੰਡ, ਹਿਮਾਚਲ ਅਤੇ ਜੰਮੂ-ਕਸ਼ਮੀਰ ਸ਼ਾਮਲ ਹਨ। ਭਾਰਤ ‘ਚ ਜਾਨੀ-ਮਾਲੀ ਦਾ ਕੋਈ ਨੁਕਸਾਨ ਨਹੀਂ ਹੋਇਆ ਪਰ ਨੇਪਾਲ ‘ਚ 6 ਲੋਕਾਂ ਦੀ ਜਾਨ ਚਲੀ ਗਈ। ਇਸ ਤੋਂ ਬਾਅਦ 12 ਨਵੰਬਰ ਨੂੰ ਨੇਪਾਲ ਵਿੱਚ ਫਿਰ 5.4 ਤੀਬਰਤਾ ਦਾ ਭੂਚਾਲ ਆਇਆ। ਇਸ ਵਾਰ ਵੀ ਭਾਰਤ ਦੇ ਕੁਝ ਰਾਜਾਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
7 ਨਵੰਬਰ ਦੀ ਸਵੇਰ ਨੂੰ ਅਫਗਾਨਿਸਤਾਨ ‘ਚ ਭੂਚਾਲ ਦੇ ਝਟਕੇ
ਇਸ ਦੇ ਨਾਲ ਹੀ 7 ਨਵੰਬਰ ਦੀ ਸਵੇਰ ਨੂੰ ਅਫਗਾਨਿਸਤਾਨ ਦੇ ਉੱਤਰੀ ਬਦਖਸ਼ਾਨ ਸੂਬੇ ‘ਚ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਇਸ ਭੂਚਾਲ ਦੀ ਤੀਬਰਤਾ 4.5 ਮਾਪੀ ਗਈ ਅਤੇ ਭੂਚਾਲ ਦਾ ਕੇਂਦਰ ਜੁਰਮ ਜ਼ਿਲ੍ਹੇ ‘ਚ ਜ਼ਮੀਨੀ ਸਤ੍ਹਾ ਤੋਂ 103 ਕਿਲੋਮੀਟਰ ਦੀ ਡੂੰਘਾਈ ‘ਤੇ ਸੀ। ਬਦਖਸ਼ਾਨ ਸੂਬੇ ਦੇ ਫੈਜ਼ਾਬਾਦ ਸ਼ਹਿਰ ਦੇ ਨਾਲ-ਨਾਲ ਤਾਜਿਕਸਤਾਨ ਦੇ ਕਈ ਇਲਾਕਿਆਂ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ ਚੰਗੀ ਖਬਰ ਇਹ ਰਹੀ ਕਿ ਇਸ ਭੂਚਾਲ ‘ਚ ਕਿਸੇ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
25 ਮਾਰਚ 2015 ਨੂੰ ਆਏ ਭੂਚਾਲ ਵਿੱਚ 8 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ
ਹਾਲ ਹੀ ਦੇ ਸਾਲਾਂ ਵਿੱਚ ਭੂਚਾਲ ਦੇ ਝਟਕਿਆਂ ਦੀ ਗੱਲ ਕਰੀਏ ਤਾਂ ਅਸਾਮ ਵਿੱਚ 28 ਮਾਰਚ, 2021 ਨੂੰ ਆਏ ਭੂਚਾਲ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਸੀ। 24 ਜੁਲਾਈ, 2019 ਨੂੰ ਮਹਾਰਾਸ਼ਟਰ ਵਿੱਚ ਆਏ ਭੂਚਾਲ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ। 2 ਸਤੰਬਰ, 2018 ਨੂੰ ਅਸਾਮ ਵਿੱਚ ਭੂਚਾਲ ਨੇ ਇੱਕ ਵਿਅਕਤੀ ਦੀ ਮੌਤ ਅਤੇ 25 ਜ਼ਖਮੀ ਹੋ ਗਏ। 26 ਅਕਤੂਬਰ 2015 ਨੂੰ ਆਏ ਭੂਚਾਲ ਨੇ ਏਸ਼ੀਆ ਦੇ ਤਿੰਨ ਦੇਸ਼ਾਂ ਵਿੱਚ ਤਬਾਹੀ ਮਚਾਈ ਸੀ। ਜਿਸ ਵਿੱਚ ਭਾਰਤ, ਪਾਕਿਸਤਾਨ ਅਤੇ ਅਫਗਾਨਿਸਤਾਨ ਵਿੱਚ ਕੁੱਲ 399 ਲੋਕਾਂ ਦੀ ਮੌਤ ਹੋ ਗਈ। ਦੂਜੇ ਪਾਸੇ 25 ਮਾਰਚ 2015 ਨੂੰ ਭਾਰਤ ਅਤੇ ਨੇਪਾਲ ਵਿੱਚ ਆਏ ਭੂਚਾਲ ਨੇ ਭਾਰੀ ਤਬਾਹੀ ਮਚਾਈ ਸੀ, ਜਿਸ ਵਿੱਚ ਅੱਠ ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ।