ਅਫ਼ਗ਼ਾਨਿਸਤਾਨ ‘ਚ ਬੁੱਧਵਾਰ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਜਰਮਨ ਰਿਸਰਚ ਸੈਂਟਰ ਫ਼ਾਰ ਜੀਓ ਸਾਇੰਸ ਦੇ ਮੁਤਾਬਕ ਭੂਚਾਲ ਦੇ ਝਟਕੇ ਅਫ਼ਗ਼ਾਨਿਸਤਾਨ ਦੇ ਉੱਤਰ-ਪੱਛਮੀ ਹਿੱਸੇ ‘ਚ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ 6.3 ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਭੂਚਾਲ ਦਾ ਕੇਂਦਰ ਜ਼ਮੀਨ ਤੋਂ 10 ਕਿੱਲੋਮੀਟਰ ਦੀ ਡੂੰਘਾਈ ‘ਤੇ ਸੀ। ਦੱਸ ਦੇਈਏ ਕਿ ਅਫ਼ਗ਼ਾਨਿਸਤਾਨ ‘ਚ ਬੀਤੇ ਸ਼ਨੀਵਾਰ ਨੂੰ ਵੱਡੇ ਪੱਧਰ ‘ਤੇ ਆਏ ਭੂਚਾਲ ਕਾਰਨ ਜਾਨੀ ਨੁਕਸਾਨ ਹੋਇਆ ਸੀ। ਸ਼ਨੀਵਾਰ ਨੂੰ ਵੀ ਅਫ਼ਗ਼ਾਨਿਸਤਾਨ ਦੇ ਹੇਰਾਤ ਸੂਬੇ ‘ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਸਨ ਜਿਸ ਵਿੱਚ 2000 ਲੋਕਾਂ ਦੀ ਮੌਤ ਹੋ ਗਈ ਸੀ।
ਪੱਛਮੀ ਅਫ਼ਗ਼ਾਨਿਸਤਾਨ ਵਿਚ ਆਏ ਸ਼ਕਤੀਸ਼ਾਲੀ ਭੂਚਾਲ ਕਾਰਨ ਦੋ ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਤਾਲਿਬਾਨ ਸਰਕਾਰ ਦੇ ਬੁਲਾਰੇ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਲੋਕਾਂ ਨੇ ਚਟਾਨਾਂ ਅਤੇ ਮਲਬੇ ‘ਤੇ ਚੜ੍ਹ ਕੇ ਮ੍ਰਿਤਕਾਂ ਅਤੇ ਜ਼ਖ਼ਮੀਆਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ। ਭੂਚਾਲ ਨਾਲ ਕਈ ਪਿੰਡ ਤਬਾਹ ਹੋ ਗਏ ਅਤੇ ਢਹਿ-ਢੇਰੀ ਹੋਏ ਮਕਾਨਾਂ ਦੇ ਮਲਬੇ ਹੇਠਾਂ ਲਾਸ਼ਾਂ ਦੱਬੀਆਂ ਪਈਆਂ ਹਨ।
ਇਹ ਦੋ ਦਹਾਕਿਆਂ ਵਿੱਚ ਦੇਸ਼ ਵਿੱਚ ਆਏ ਸਭ ਤੋਂ ਵਿਨਾਸ਼ਕਾਰੀ ਭੁਚਾਲਾਂ ਵਿੱਚੋਂ ਇੱਕ ਹੈ। ਦੇਸ਼ ਦੀ ਰਾਸ਼ਟਰੀ ਆਫ਼ਤ ਅਥਾਰਿਟੀ ਨੇ ਕਿਹਾ ਕਿ ਸ਼ਨੀਵਾਰ ਨੂੰ ਪੱਛਮੀ ਅਫ਼ਗ਼ਾਨਿਸਤਾਨ ‘ਚ ਆਏ 6.3 ਤੀਬਰਤਾ ਦੇ ਸ਼ਕਤੀਸ਼ਾਲੀ ਭੂਚਾਲ ਅਤੇ ਇਸ ਦੇ ਬਾਅਦ ਦੇ ਝਟਕਿਆਂ ਕਾਰਨ ਹੋਈ ਤਬਾਹੀ ‘ਚ ਸੈਂਕੜੇ ਲੋਕਾਂ ਦੀ ਮੌਤ ਹੋ ਗਈ।
ਤਾਲਿਬਾਨ ਸਰਕਾਰ ਦੇ ਬੁਲਾਰੇ ਨੇ ਐਤਵਾਰ ਨੂੰ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਦੱਸੀ, ਜੇਕਰ ਪੁਸ਼ਟੀ ਹੋ ਜਾਂਦੀ ਹੈ, ਤਾਂ ਦੋ ਦਹਾਕਿਆਂ ਵਿੱਚ ਦੇਸ਼ ਵਿੱਚ ਆਉਣ ਵਾਲੇ ਸਭ ਤੋਂ ਘਾਤਕ ਭੁਚਾਲਾਂ ਵਿੱਚੋਂ ਇੱਕ ਹੋਵੇਗਾ। ਇਸ ਤੋਂ ਪਹਿਲਾਂ, ਜੂਨ 2022 ਵਿੱਚ, ਪੂਰਬੀ ਅਫ਼ਗ਼ਾਨਿਸਤਾਨ ਦੇ ਪਹਾੜੀ ਖੇਤਰ ਵਿੱਚ ਆਏ ਇੱਕ ਸ਼ਕਤੀਸ਼ਾਲੀ ਭੂਚਾਲ ਵਿੱਚ ਘੱਟੋ ਘੱਟ 1,000 ਲੋਕ ਮਾਰੇ ਗਏ ਸਨ। ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਕਿਹਾ ਕਿ ਭੂਚਾਲ ਦਾ ਕੇਂਦਰ ਹੇਰਾਤ ਸ਼ਹਿਰ ਤੋਂ ਲਗਭਗ 40 ਕਿੱਲੋਮੀਟਰ ਉੱਤਰ-ਪੱਛਮ ਵਿੱਚ ਸਥਿਤ ਸੀ।
ਇਸ ਤੋਂ ਬਾਅਦ 6.3, 5.9 ਅਤੇ 5.5 ਦੀ ਤੀਬਰਤਾ ਵਾਲੇ ਤਿੰਨ ਭੂਚਾਲ ਦੇ ਝਟਕੇ ਵੀ ਮਹਿਸੂਸ ਕੀਤੇ ਗਏ। ਸੂਚਨਾ ਅਤੇ ਸੰਸਕ੍ਰਿਤੀ ਮੰਤਰਾਲੇ ਦੇ ਬੁਲਾਰੇ ਅਬਦੁਲ ਵਾਹਿਦ ਰਿਆਨ ਨੇ ਕਿਹਾ ਕਿ ਹੇਰਾਤ ਵਿੱਚ ਭੂਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ ਸ਼ੁਰੂਆਤੀ ਰਿਪੋਰਟਾਂ ਨਾਲੋਂ ਕਿਤੇ ਵੱਧ ਹੈ।