‘ਦ ਖ਼ਾਲਸ ਬਿਊਰੋ:- ਕੋਰੋਨਾਵਾਇਰਸ ਮਹਾਂਮਾਰੀ ਕਾਰਨ ਸਾਰੇ ਲੋਕਾਂ ਦੇ ਕੰਮਕਾਜ ਠੱਪ ਹੋ ਗਏ ਹਨ ਤੇ ਲੋਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ ਵੱਲੋਂ ਕੋਰੋਨਾ ਕਾਰਨ ਵਿੱਤੀ ਸੰਕਟ ਵਿੱਚੋਂ ਲੰਘ ਰਹੇ ਢਾਡੀ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਹੈ। ਜਥੇਬੰਦੀ ਦੇ ਮੁਖੀ ਬਲਦੇਵ ਸਿੰਘ ਐੱਮਏ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰੋਨਾ ਸੰਕਟ ਸਮੇਂ 52 ਢਾਡੀ ਪਰਿਵਾਰਾਂ ਨੂੰ ਜਥੇਬੰਦੀ ਵੱਲੋਂ ਲੋੜੀਂਦਾ ਸਾਮਾਨ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਤਿੰਨ ਵਾਰ ਲਗਭਗ 2.20 ਲੱਖ ਰੁਪਏ ਦਾ ਸਾਮਾਨ ਢਾਡੀ ਪਰਿਵਾਰਾਂ ਨੂੰ ਵੰਡਿਆ ਗਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਦੇਸ਼-ਵਿਦੇਸ਼ ਤੋਂ ਸੰਗਤ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਨਾਲ ਹਰਪਾਲ ਸਿੰਘ ਢੰਡ, ਨਿਰਮਲ ਸਿੰਘ ਜੇਠੂਵਾਲ, ਜਗਦੀਪ ਸਿੰਘ ਵਡਾਲਾ, ਕੁਲਬੀਰ ਸਿੰਘ, ਗੁਰਪ੍ਰਤਾਪ ਸਿੰਘ ਪਦਮ, ਬਲਦੇਵ ਸਿੰਘ ਵਡਾਲੀ, ਰੂਪ ਸਿੰਘ ਨਾਗ, ਚਰਨਜੀਤ ਸਿੰਘ ਝਬਾਲ ਹਾਜ਼ਰ ਸਨ।