Punjab

ਪੰਜਾਬ ਵਿੱਚ ਕਈ ਥਾਵਾਂ ‘ਤੇ ਮੀਂਹ,ਕਿਸਾਨਾਂ ਦੇ ਸੁੱਕੇ ਸਾਹ,ਕਣਕਾਂ ਵਿਛੀਆਂ

ਚੰਡੀਗੜ੍ਹ :  ਦੇਸ਼ ਦੇ ਉੱਤਰੀ ਖੇਤਰ ਸਣੇ ਪੰਜਾਬ ਵਿੱਚ ਅੱਜ ਸਵੇਰੇ ਤੇ ਲੰਘੀ ਰਾਤ ਪਏ ਮੀਂਹ ਅਤੇ ਤੇਜ਼ ਹਵਾਵਾਂ ਨੇ ਕਿਸਾਨਾਂ ਨੂੰ ਚਿੰਤਾਂ ਵਿੱਚ ਪਾ ਦਿੱਤਾ ਹੈ। ਮੌਸਮ ਦੇ ਬਦਲੇ ਮਿਜਾਜ਼ ਨਾਲ ਖੇਤਾਂ ਵਿੱਚ ਕਣਕ ਦੀ ਫਸਲ ਵਿਛ ਗਈ ਹੈ ਤੇ ਹੋਰ ਵੀ ਕਈ ਫਸਲਾਂ ਨੂੰ ਨੁਕਸਾਨ ਹੋਇਆ ਹੈ।

ਬੇਮੌਸਮੇਂ ਪਏ ਇਸ ਮੀਂਹ ਕਾਰਨ ਕਿਸਾਨਾਂ ਦੀਆਂ ਪ੍ਰੇਸ਼ਾਨੀਆਂ ਵੱਧਣੀਆਂ ਲਾਜ਼ਮੀ ਹਨ ਕਿਉਂਕਿ ਕਣਕ ਦੀ ਫਸਲ ਪੱਕ ਚੁੱਕੀ ਹੈ। ਦੂਜੇ ਪਾਸੇ ਸਰ੍ਹੋਂ ਸਣੇ ਹੋਰ ਵੀ ਕਈ ਹਾੜੀ ਦੀਆਂ ਫਸਲਾਂ ਦੀ ਵਾਢੀ ਵੀ ਸ਼ੁਰੂ ਹੋ ਚੁੱਕੀ ਹੈ। ਪਰ ਹਾਲੇ ਇਸ ਤੋਂ ਰਾਹਤ ਮਿਲਣ ਦੀ ਉਮੀਦ ਨਹੀਂ ਹੈ ਕਿਉਂਕਿ ਮੌਸਮ ਵਿਭਾਗ ਨੇ 18 ਤੋਂ 21 ਮਾਰਚ ਤੱਕ ਯੈਲੋ ਅਲਰਟ ਜਾਰੀ ਕੀਤਾ  ਹੈ ਤੇ ਕਿਹਾ ਹੈ ਕਿ ਇਸ ਦੌਰਾਨ ਤੇਜ਼ ਮੀਂਹ ਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ।

ਪੰਜਾਬ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਗੁਰਵਿੰਦਰ ਸਿੰਘ ਰਾਹੀ ਨੇ ਕਿਹਾ ਕਿ ਹਾਲੇ ਤੱਕ ਮੌਸਮ ਹਾੜੀ ਦੀਆਂ ਫਸਲਾਂ ਦੇ ਅਨੁਕੂਲ ਹੈ, ਪਰ ਕੁਝ ਇਲਾਕਿਆਂ ਵਿੱਚ ਵੱਧ ਮੀਂਹ ਪੈਣ ਕਰਕੇ ਹੁਣ ਕਣਕ ਦੀ ਫਸਲ ਨੂੰ ਲੋੜ ਅਨੁਸਾਰ ਹੀ ਪਾਣੀ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਕਣਕ ਦੀ ਫਸਲ ’ਚ ਕੀਟਨਾਸ਼ਕ ਦੀ ਵਰਤੋਂ ਘਟਾ ਦਿੱਤੀ ਜਾਵੇ। ਸ੍ਰੀ ਰਾਹੀ ਨੇ ਕਿਹਾ ਕਿ ਸਰ੍ਹੋਂ ਦੀ ਫਸਲ ਦੀ ਵਾਢੀ ਵੀ ਕੁਝ ਦਿਨ ਰੁਕ ਕੇ ਕੀਤੀ ਜਾਵੇ।

ਸੂਬੇ ਦੀ ਰਾਜਧਾਨੀ ਚੰਡੀਗੜ੍ਹ ’ਚ ਕਾਫ਼ੀ ਮੀਂਹ ਪਿਆ ਹੈ। ਮੌਸਮ ਵਿਭਾਗ ਦੇ ਅਨੁਸਾਰ ਪੰਜਾਬ ’ਚ ਅਗਲੇ 3-4 ਦਿਨ ਮੀਂਹ ਦੇ ਨਾਲ-ਨਾਲ ਤੇਜ਼ ਹਵਾਵਾਂ ਚੱਲਣਗੀਆਂ। ਇਸ ਦੇ ਨਾਲ ਹੀ ਤਾਪਮਾਨ ਵਿੱਚ ਵੀ ਹੋਰ ਵੀ ਗਿਰਾਵਟ ਆਵੇਗੀ।