ਚੰਡੀਗੜ੍ਹ : ਲਾਹੌਰ ਦੇ ਜਾਹਮਣ ਪਿੰਡ ਵਿੱਚ ਸਥਿਤ ਇਤਿਹਾਸਕ ਗੁਰਦੁਆਰਾ ਰੋੜੀ ਸਾਹਿਬ ਦਾ ਇੱਕ ਵੱਡਾ ਹਿੱਸਾ ਪਿਛਲੇ ਕੁਝ ਦਿਨਾਂ ਤੋਂ ਸ਼ਹਿਰ ਵਿੱਚ ਪਏ ਭਾਰੀ ਮੀਂਹ ਕਾਰਨ ਢਹਿ ਗਿਆ। ਇੰਡੀਅਨ ਨੈਸ਼ਨਲ ਟਰੱਸਟ ਫਾਰ ਆਰਟ ਐਂਡ ਕਲਚਰਲ ਹੈਰੀਟੇਜ (ਇੰਟੈਕ) ਨੇ ਗੁਰਦੁਆਰੇ ਦੇ ਅਵਸ਼ੇਸ਼ਾਂ ਨੂੰ ਸੁਰੱਖਿਅਤ ਰੱਖਣ ਲਈ ਸਰਹੱਦ ਦੇ ਦੋਵੇਂ ਪਾਸੇ ਦੀਆਂ ਸਰਕਾਰਾਂ ਅਤੇ ਸਿੱਖ ਸੰਸਥਾਵਾਂ ਦੇ ਦਖਲ ਦੀ ਮੰਗ ਕੀਤੀ ਹੈ।
ਲਾਹੌਰ ਦਾ ਇਹ ਪਿੰਡ ਜਾਹਮਣ ਭਾਰਤੀ ਸਰਹੱਦੀ ਪਿੰਡ ਖਾਲੜਾ ਤੋਂ ਪਾਕਿਸਤਾਨ ਵਾਲੇ ਪਾਸੇ ਕੁਝ ਕਿਲੋਮੀਟਰ ਦੀ ਦੂਰੀ ’ਤੇ ਹੈ। ਦੇਸ਼ ਦੀ ਵੰਡ ਤੋਂ ਬਾਅਦ ਗੁਰਦੁਆਰੇ ਦੀ ਇਮਾਰਤ ਦੀ ਸਾਂਭ-ਸੰਭਾਲ ਨਹੀਂ ਹੁੰਦੀ ਰਹੀ ਜਿਸ ਕਾਰਨ ਇਹ ਇਮਾਰਤ ਖਸਤਾ ਹਾਲਤ ਵਿੱਚ ਸੀ। ਇਮਾਰਤ ਦਾ ਅੰਦਰੂਨੀ ਹਿੱਸਾ ਕਈ ਥਾਵਾਂ ਤੋਂ ਟੁੱਟ ਚੁੱਕਾ ਸੀ ਅਤੇ ਹੁਣ ਸੱਤ ਜੁਲਾਈ ਨੂੰ ਮੀਂਹ ਕਾਰਨ ਇਸ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ। ਮੋਹਲੇਧਾਰ ਮੀਂਹ ਕਾਰਨ ਗੁਰਦੁਆਰੇ ਦੀ ਇਮਾਰਤ ਦਾ ਇਕ ਹਿੱਸਾ ਡਿੱਗ ਗਿਆ ਅਤੇ ਹੁਣ ਕੁੱਝ ਹਿੱਸਾ ਹੀ ਬਾਕੀ ਬਚਿਆ ਹੈ।
ਦੇਸ਼ ਦੀ ਵੰਡ ਵੇਲੇ ਦੇ ਪ੍ਰਭਾਵਿਤ ਲੋਕਾਂ ਅਤੇ ਇਮਾਰਤਾਂ ਬਾਰੇ ਕੰਮ ਕਰ ਰਹੇ ਇੱਕ ਪਾਕਿਸਤਾਨੀ ਬਲੌਗਰ ਅੱਬਾਸ ਲਾਸਾਰੀ ਨੇ ਦੱਸਿਆ ਕਿ ਉਹ ਅਤੇ ਸਮਾਜ ਸੇਵੀ ਪ੍ਰੋਫੈਸਰ ਅਮਾਨਉਲ੍ਹਾ ਮੁਸਾਫ਼ਿਰ ਐਤਵਾਰ ਨੂੰ ਪਿੰਡ ਜਾਮਨ ਗਏ ਸਨ, ਜਿੱਥੇ ਉਨ੍ਹਾਂ ਨੂੰ ਸਥਾਨਕ ਲੋਕਾਂ ਤੋਂ ਗੁਰਦੁਆਰੇ ਦੀ ਇਮਾਰਤ ਦੇ ਢਹਿ-ਢੇਰੀ ਹੋਣ ਬਾਰੇ ਜਾਣਕਾਰੀ ਮਿਲੀ। ਉਨ੍ਹਾਂ ਇਸ ਸਬੰਧੀ ਵੀਡੀਓ ਵੀ ਬਣਾਈ ਅਤੇ ਫੋਟੋਗਰਾਫੀ ਵੀ ਕੀਤੀ ਹੈ।
ਇਸ ਦੌਰਾਨ ਇਹ ਮਾਮਲਾ ਵਿਰਾਸਤੀ ਇਮਾਰਤਾਂ ਦੀ ਸਾਂਭ-ਸੰਭਾਲ ਕਰਦੀ ਜਥੇਬੰਦੀ ਇਨਟੈੱਕ ਨੇ ਵੀ ਉਭਾਰਿਆ ਹੈ। ਜਥੇਬੰਦੀ ਦੇ ਸੂਬਾ ਕਨਵੀਨਰ ਮੇਜਰ ਜਨਰਲ ਬਲਵਿੰਦਰ ਸਿੰਘ (ਸੇਵਾਮੁਕਤ) ਨੇ ਇਸ ਮਾਮਲੇ ਵਿੱਚ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸਬੰਧ ਵਿਚ ਪਾਕਿਸਤਾਨ ਸਰਕਾਰ ਨੂੰ ਆਖੇ ਕਿ ਵੰਡ ਵੇਲੇ ਉਧਰ ਰਹਿ ਗਈਆਂ ਵਿਰਾਸਤੀ ਇਮਾਰਤਾਂ ਦੀ ਸਾਂਭ-ਸੰਭਾਲ ਕਰੇ। ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਸਬੰਧ ਵਿਚ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕਰੇ ਤਾਂ ਜੋ ਅਜਿਹੀਆਂ ਵਿਰਾਸਤੀ ਅਤੇ ਧਾਰਮਿਕ ਇਮਾਰਤਾਂ ਦੀ ਸਾਂਭ-ਸੰਭਾਲ ਕਰਕੇ ਉਨ੍ਹਾਂ ਨੂੰ ਬਚਾਇਆ ਜਾ ਸਕੇ।
ਗੁਰਦੁਆਰੇ ਦਾ ਇਤਿਹਾਸ
ਗੁਰਦੁਆਰੇ ਦੇ ਇਤਿਹਾਸ ਬਾਰੇ ਮਿਲੀ ਜਾਣਕਾਰੀ ਮੁਤਾਬਕ ਇਹ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਹੈ। ਕੁਝ ਇਤਿਹਾਸਕਾਰਾਂ ਦਾ ਮੱਤ ਹੈ ਕਿ ਗੁਰੂ ਨਾਨਕ ਦੇਵ ਜੀ ਆਪਣੇ ਨਾਨਕੇ ਪਿੰਡ ਜਾਣ ਵੇਲੇ ਇਸ ਪਿੰਡ ਵਿੱਚ ਆਏ ਸਨ ਅਤੇ ਇੱਥੇ ਇੱਕ ਗ਼ਰੀਬ ਤੇ ਮਿਹਨਤੀ ਵਿਅਕਤੀ ਦੇ ਘਰ ਪ੍ਰਸ਼ਾਦਾ ਛੱਕਿਆ ਸੀ। ਕੁਝ ਇੱਕ ਦਾ ਦਾਅਵਾ ਹੈ ਕਿ ਗੁਰੂ ਸਾਹਬਿ ਇਸ ਪਿੰਡ ਵਿੱਚ ਠਹਿਰੇ ਵੀ ਸਨ। ਗੁਰਦੁਆਰੇ ਦੇ ਨਾਮ ’ਤੇ ਕੁਝ ਜ਼ਮੀਨ ਵੀ ਹੈ। ਕਿਸੇ ਵੇਲੇ ਆਲੀਸ਼ਾਨ ਗੁਰਦੁਆਰਾ ਅਤੇ ਸਰੋਵਰ ਵੀ ਸੀ, ਜੋ ਵੰਡ ਤੋਂ ਬਾਅਦ ਅਣਗੌਲਿਆ ਰਿਹਾ ਹੈ।
ਪਾਕਿ ਸਰਕਾਰ ਨੇ ਇਸ ਪਾਸੇ ਕਦੇ ਕੋਈ ਧਿਆਨ ਹੀ ਨਹੀਂ
ਸ਼੍ਰੋਮਣੀ ਕਮੇਟੀ ਦੇ ਜਰਨਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਆਖਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਵੀ ਆਇਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਅੰਤਰਿਗ ਕਮੇਟੀ ਦੀ ਮੀਟਿੰਗ ਵਿੱਚ ਵੀ ਰੱਖਿਆ ਜਾਵੇਗਾ। ਇਸ ਮਾਮਲੇ ਵਿੱਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਾਕਿਸਤਾਨ ਔਕਾਫ ਬੋਰਡ ਨੂੰ ਵੀ ਅਪੀਲ ਕੀਤੀ ਜਾਵੇਗੀ ਕਿ ਅਜਿਹੀਆਂ ਇਤਿਹਾਸਕ ਅਤੇ ਧਾਰਮਿਕ ਇਮਾਰਤਾਂ ਦੀ ਸਾਂਭ-ਸੰਭਾਲ ਕੀਤੀ ਜਾਵੇ।