Punjab

ਪਾਣੀ ਦੇ ਤੇਜ਼ ਵਹਾਅ ਵਿੱਚ ਰੁੜੇ ਦੋ ਜਾਣੇ, ਪਰਿਵਾਰਾਂ ਵਿੱਚ ਸੋਗ ਦੀ ਲਹਿਰ

Two deaths due to landslides: one was trying to fill the gap in the embankment, the other was going round the fields.

ਚੰਡੀਗੜ੍ਹ : ਪੰਜਾਬ ‘ਚ ਬਾਰਸ਼ ਰੁਕ ਗਈ ਹੈ ਪਰ ਦਰਿਆਵਾਂ ‘ਚ ਵਹਿਣ ਕਾਰਨ ਹੜ੍ਹਾਂ ਦਾ ਸੰਕਟ ਜਾਰੀ ਹੈ। ਇਸੇ ਦੌਰਾਨ ਦੋ ਜਾਣਿਆਂ ਦੀ ਪਾਣੀ ਵਿੱਚ ਰੁੜਣ ਨਾਲ ਮੌਤ ਦੀ ਖਬਰ ਸਾਹਮਣੇ ਆਈ ਹੈ।

ਪੰਜਾਬ ਪੁਲਿਸ ਦਾ ਸੇਵਾਮੁਕਤ ਸਬ-ਇੰਸਪੈਕਟਰ ਦੀ ਮੌਤ

ਪਹਿਲੇ ਮਾਮਲੇ ਵਿੱਚ ਪਟਿਆਲਾ ਜ਼ਿਲੇ ਦੀ ਤਹਿਸੀਲ ਪਾਤੜਾਂ ਦੇ ਪਿੰਡ ਜੋਗੇਵਾਲ ਦੇ ਵਸਨੀਕ ਭਗਵਾਨ ਦਾਸ ਦੀ ਅੱਜ ਘੱਗਰ ਦਰਿਆ ਦੇ ਪਾਣੀ ਵਿੱਚ ਰੁੜ੍ਹ ਜਾਣ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਭਗਵਾਨ ਦਾਸ ਵਜੋਂ ਹੋਈ ਹੈ ਜੋ ਪੰਜਾਬ ਪੁਲਿਸ ਦਾ ਸੇਵਾਮੁਕਤ ਸਬ-ਇੰਸਪੈਕਟਰ ਸੀ। ਮ੍ਰਿਤਕ ਦੀ ਦੇਹ ਪਿੰਡ ਗੁਲਾੜ੍ਹ ਕੋਲੋਂ ਮਿਲੀ ਹੈ। ਪਿੰਡ ਵਾਸੀਆਂ ਨੇ ਲਾਸ਼ ਨੂੰ ਪਾਣੀ ’ਚੋਂ ਕੱਢ ਕੇ ਸ਼ੁਤਰਾਣਾ ਪੁਲਿਸ ਨੂੰ ਸੂਚਿਤ ਕੀਤਾ।

ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਮਾਣਾ ਸਿਵਲ ਹਸਪਤਾਲ ਭੇਜ ਕੇ ਬਣਦੀ ਕਾਰਵਾਈ ਆਰੰਭ ਦਿੱਤੀ ਹੈ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਜੋਗੇਵਾਲ ਇਕਾਈ ਦੇ ਪ੍ਰਧਾਨ ਫਤਹਿ ਸਿੰਘ ਨੇ ਦੱਸਿਆ ਕਿ ਭਾਖੜਾ ਨਹਿਰ ਦੇ ਹੇਠਾਂ ਲੰਘਦੇ ਬੱਤੀ ਦਰੇ ਕੋਲ ਭਗਵਾਨ ਦਾਸ ਦਾ ਮੁਰਗੀਖਾਨਾ ਸੀ, ਜੋ ਬੀਤੇ ਦਿਨ ਹੜ੍ਹ ਵਿੱਚ ਰੁੜ੍ਹ ਗਿਆ ਸੀ। ਭਗਵਾਨ ਦਾਸ ਬੀਤੇ ਦਿਨ ਸਵੇਰੇ ਆਪਣੇ ਖੇਤਾਂ ਵੱਲ ਗੇੜਾ ਮਾਰਨ ਜਾ ਰਿਹਾ ਸੀ, ਜਦੋਂ ਉਹ ਤੇਜ਼ ਵਹਾਅ ਵਿੱਚ ਰੁੜ੍ਹ ਗਿਆ ਤੇ ਉਸ ਦੀ ਲਾਸ਼ ਕਈ ਘੰਟਿਆਂ ਮਗਰੋਂ ਮਿਲੀ।

ਪਾੜ ਪੂਰਨ ਦਾ ਯਤਨ ਕਰ ਰਿਹਾ ਸੀ, ਪਾਣੀ ਦੇ ਤੇਜ਼ ਵਹਾਅ ਵਿੱਚ ਰੁੜਣ ਕਾਰਨ ਮੌਤ

ਦੂਜੇ ਪਾਸੇ ਅਜਿਹਾ ਇੱਕ ਹੋਰ ਮਾਮਲਾ ਵੀ ਪਟਿਆਲ ਜ਼ਿਲੇ ਦਾ ਹੈ, ਇੱਥੇ ਦੇਵੀਗੜ੍ਹ ਦੇ ਪਿੰਡ ਖਤੌਲੀ ਤੋਂ ਸਾਹਮਣੇ ਆਇਆ ਹੈ ਜਿੱਥੇ ਟਾਂਗਰੀ ਨਦੀ ਦੇ ਬੰਨ੍ਹ ’ਚ ਪਏ ਪਾੜ ਨੂੰ ਪੂਰਨ ਮੌਕੇ ਇੱਕ ਨੌਜਵਾਨ ਦੀ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ।

ਮ੍ਰਿਤਕ ਦੀ ਪਛਾਣ ਮਨਜੀਤ ਸਿੰਘ (35) ਵਾਸੀ ਪਿੰਡ ਖਤੌਲੀ ਵਜੋਂ ਹੋਈ ਹੈ। ਟਾਂਗਰੀ ਨਦੀ ਦੇ ਬੰਨ੍ਹ ਵਿੱਚ ਪਾੜ ਪੈਣ ਮਗਰੋਂ ਮਨਜੀਤ ਹੋਰਨਾਂ ਲੋਕਾਂ ਨਾਲ ਰਲ ਕੇ ਪਾੜ ਪੂਰਨ ਦਾ ਯਤਨ ਕਰ ਰਿਹਾ ਸੀ, ਜਦੋਂ ਅਚਾਨਕ ਉਹ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਿਆ ਤੇ ਪਾਣੀ ’ਚ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ।

ਮੌਕੇ ’ਤੇ ਮੌਜੂਦ ਲੋਕਾਂ ਨੇ ਮਨਜੀਤ ਸਿੰਘ ਨੂੰ ਪਹਿਲਾਂ ਮੁਢਲਾ ਸਿਹਤ ਕੇਂਦਰ ਦੂਧਨਸਾਧਾਂ ਲਿਆਂਦਾ, ਜਿਥੇ ਉਸ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਰਾਜਿੰਦਰਾ ਹਸਪਤਾਲ ਪਟਿਆਲਾ ਰੈਡਰ ਕੀਤਾ ਗਿਆ, ਪਰ ਪਟਿਆਲਾ ਪੁੱਜਣ ’ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮੌਕੇ ਹਲਕਾ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਮਾਲੀ ਮਦਦ ਦਿਵਾਉਣ ਦਾ ਭਰੋਸਾ ਦਿੱਤਾ।