ਕਦੇ ਮੀਂਹ ਤੇ ਕਦੇ ਤੀਖੀ ਧੁੱਪ,ਇਸ ਲੁਕਣਮੀਚੀ ਵਿਚਾਲੇ ਮਈ ਮਹੀਨੇ ਵਿੱਚ ਪਾਰਾ ਇੱਕ ਵਾਰ ਫਿਰ ਤੋਂ ਉਪਰ ਜਾ ਰਿਹਾ ਹੈ। ਬੀਤਿਆ ਹੋਇਆ ਦਿਨ ਕਾਫ਼ੀ ਗਰਮ ਰਿਹਾ ਹੈ ਤੇ ਮੌਸਮ ਦੇ ਇਸ ਮਿਜ਼ਾਜ ਦੇ ਆਉਣ ਵਾਲੇ ਦਿਨਾਂ ਵਿੱਚ ਇੰਝ ਹੀ ਜਾਰੀ ਰਹਿਣ ਦੀ ਸੰਭਾਵਨਾ ਹੈ।
ਵੱਧ ਰਹੀ ਗਰਮੀ ਅਤੇ ਤਾਪਮਾਨ ਵਿੱਚ ਨਿੱਤ ਦਿਨ ਹੋ ਰਹੇ ਵਾਧੇ ਕਾਰਣ ਗਰਮੀ ਤੋਂ ਬਚਣ ਲਈ ਹੋਰ ਵੀ ਸੁਚੇਤ ਹੋਣ ਦੀ ਲੋੜ ਹੈ। ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਸਿਹਤ ਵਿਭਾਗ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ, ਜਿਸ ਵਿੱਚ ਇਹ ਕਿਹਾ ਗਿਆ ਹੈ ਕਿ ਤਾਪਮਾਨ 40 ਡਿਗਰੀ ਤੋਂ ਵੱਧ ਹੋਣ ਕਾਰਨ ਲੂ ਦੀ ਸਥਿਤੀ ਬਣ ਜਾਂਦੀ ਹੈ, ਜਿਸ ਨਾਲ ਸਰੀਰ ਦੇ ਤਾਪਮਾਨ ਨੂੰ ਨਿਯਮਤ ਕਰਨ ਦੀ ਪ੍ਰਣਾਲੀ ਵਿਚ ਵਿਘਨ ਪੈਂਦਾ ਹੈ ਅਤੇ ਗਰਮੀ ਨਾਲ ਹੋਣ ਵਾਲੀਆਂ ਬਿਮਾਰੀਆਂ ਪੈਦਾ ਹੁੰਦੀਆਂ ਹਨ। ਇਸ ਦੌਰਾਨ ਨਵਜੰਮੇ ਅਤੇ ਛੋਟੇ ਬੱਚੇ, ਗਰਭਵਤੀ ਔਰਤਾਂ, 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵਿਅਕਤੀ, ਮਜ਼ਦੂਰ ਅਤੇ ਸਰੀਰਕ ਤੌਰ ‘ਤੇ ਬਿਮਾਰ ਵਿਅਕਤੀ, ਜੋ ਕਿ ਖਾਸ ਕਰਕੇ ਦਿਲ ਦੀ ਬਿਮਾਰੀ ਜਾਂ ਬਲੱਡ ਪ੍ਰੈਸ਼ਰ ਤੋਂ ਪੀੜਤ ਹਨ, ਉਨ੍ਹਾਂ ਨੂੰ ਲੂ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ।
ਲੂ ਦੌਰਾਨ ਆਪਣੇ ਖਾਣ-ਪੀਣ ਦਾ ਜ਼ਿਆਦਾ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਹਰੀਆਂ ਸਬਜ਼ੀਆਂ ਅਤੇ ਮੌਸਮੀ ਫਲਾਂ ਜਿਵੇਂ ਤਰਬੂਜ, ਤਰਬੂਜ, ਅੰਗੂਰ, ਲੀਚੀ, ਖੀਰਾ, ਨਿੰਬੂ ਪਾਣੀ, ਲੱਸੀ, ਨਾਰੀਅਲ ਪਾਣੀ ਆਦਿ ਦਾ ਸੇਵਨ ਕਰਨਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਵਿੱਚ ਪਾਣੀ ਦੀ ਮਾਤਰਾ ਵਧੇਰੇ ਹੁੰਦੀ ਹੈ। ਜੇਕਰ ਸੰਭਵ ਹੋਵੇ ਤਾਂ ਬਾਹਰ ਦਾ ਕੰਮ ਸਵੇਰੇ-ਸ਼ਾਮ ਹੀ ਕੀਤਾ ਜਾਵੇ ਤੇ ਜਦੋਂ ਤੱਕ ਜਰੂਰੀ ਨਾ ਹੋਵੇ,ਦੁਪਹਿਰ 12 ਵਜੇ ਤੋਂ 3 ਵਜੇ ਤੱਕ ਧੁੱਪ ‘ਚ ਨਾ ਜਾਇਆ ਜਾਵੇ । ਧੁੱਪ ਤੋਂ ਬਚਾਅ ਲਈ ਛੱਤਰੀਆਂ, ਟੋਪੀਆਂ, ਕਾਲੇ ਐਨਕਾਂ ਅਤੇ ਤੌਲੀਏ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਹਲਕੇ ਰੰਗ ਦੇ ਸੂਤੀ ਅਤੇ ਢਿੱਲੇ ਕੱਪੜੇ ਪਹਿਨਣੇ ਚਾਹੀਦੇ ਹਨ। ਸ਼ਰਾਬ, ਚਾਹ, ਕੌਫੀ, ਤਲੀਆਂ ਚੀਜ਼ਾਂ ਆਦਿ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਸਰੀਰ ਦਾ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੱਧ ਹੋਣਾ, ਤੇਜ਼ ਸਿਰਦਰਦ, ਬੇਚੈਨੀ, ਚੱਕਰ ਆਉਣਾ, ਮਾਸਪੇਸ਼ੀਆਂ ਦੀ ਕਮਜ਼ੋਰੀ, ਤੇਜ਼ ਧੜਕਣ, ਜੀਅ ਕੱਚਾ ਹੋਣਾ ਅਤੇ ਉਲਟੀਆਂ,ਇਹ ਸਾਰੀਆਂ heat stroke ਦੀਆਂ ਨਿਸ਼ਾਨੀਆਂ ਹਨ। ਜੇਕਰ ਅਜਿਹੇ ਲੱਛਣ ਦਿਖਾਈ ਦੇਣ ਤਾਂ ਪ੍ਰਭਾਵਿਤ ਵਿਅਕਤੀ ਨੂੰ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਵਿੱਚ ਪਹੁੰਚੋ ਤੇ ਜਾਂਚ ਕਰਵਾਉ। ਹੀਟ ਸਟ੍ਰੋਕ ਗਰਮੀ ਨਾਲ ਸਬੰਧਤ ਸਭ ਤੋਂ ਗੰਭੀਰ ਬੀਮਾਰੀ ਹੈ। ਇਹ ਉਦੋਂ ਵਾਪਰਦਾ ਹੈ ਜਦੋਂ ਸਰੀਰ ਹੁਣ ਆਪਣੇ ਤਾਪਮਾਨ ਨੂੰ ਕਾਬੂ ਨਹੀਂ ਕਰ ਪਾਉਂਦਾ। ਇਸ ਦੌਰਾਨ ਸਰੀਰ ਦਾ ਤਾਪਮਾਨ ਤੇਜ਼ੀ ਨਾਲ ਵੱਧਦਾ ਹੈ ਅਤੇ ਸਰੀਰ ਠੰਢਾ ਹੋਣ ਵਿੱਚ ਅਸਮਰੱਥ ਹੁੰਦਾ ਹੈ। ਜਦੋਂ ਹੀਟ ਸਟ੍ਰੋਕ ਹੁੰਦਾ ਹੈ, ਤਾਂ ਸਰੀਰ ਦਾ ਤਾਪਮਾਨ 10 ਤੋਂ 15 ਮਿੰਟਾਂ ਦੇ ਅੰਦਰ 106°F ਜਾਂ ਵੱਧ ਤੱਕ ਵੱਧ ਸਕਦਾ ਹੈ ਤੇ ਅਖੀਰ ਮੌਤ ਵੀ ਹੋ ਸਕਦੀ ਹੈ। ਇਸ ਲਈ ਜ਼ਰੂਰੀ ਹੈ ਕਿ ਇਹ ਨਿਸ਼ਾਨੀਆਂ ਪੈਦਾ ਹੁੰਦਿਆਂ ਹੀ ਡਾਕਟਰ ਕੋਲ ਜਾਉ।