ਚੰਡੀਗੜ੍ਹ : ਪੰਜਾਬ ‘ਚ ਮੌਨਸੂਨ ਦੀ ਐਂਟਰੀ ਨਾਲ ਜਿੱਥੇ ਸਭ ਨੇ ਸੁੱਖ ਦਾ ਸਾਹ ਲਿਆ ਹੈ, ਉੱਥੇ ਹੀ ਗਰੀਬਾਂ ਲਈ ਇਹ ਆਫਤ ਲੈ ਕੇ ਆਇਆ ਹੈ। ਭਾਰੀ ਮੀਂਹ ਨਾਲ ਕੱਚੇ ਘਰ ਢਹਿਣ ਕਾਰਨ ਤਿੰਨ ਜਾਣਿਆਂ ਦੀ ਮੌਤ ਹੋ ਗਈ ਹੈ।
ਪਹਿਲੀ ਘਟਨ ਵਿੱਚ ਭਾਰੀ ਮੀਂਹ ਤੋਂ ਬਾਅਦ ਸਵੇਰੇ ਵੇਰਕਾ ਵਿੱਚ ਇਕ ਮਕਾਨ ਦੀ ਛੱਤ ਡਿੱਗਣ ਕਾਰਨ ਔਰਤ ਅਤੇ ਉਸ ਦੇ ਬੱਚੇ ਸਣੇ ਦੋ ਜਣਿਆਂ ਦੀ ਮੌਤ ਹੋ ਗਈ। ਮਕਾਨ ਦੀ ਛੱਤ ਡਿੱਗਣ ਨਾਲ ਜੋਤੀ ਉਮਰ 34 ਸਾਲ ਅਤੇ ਉਸ ਦੇ ਅੱਠ ਸਾਲਾ ਬੇਟੇ ਸਹਿਜ ਦੀ ਮੌਤ ਹੋ ਗਈ। ਜਦੋਂਕਿ ਜ਼ਖ਼ਮੀਆਂ ਵਿਚ ਜਸਪਾਲ ਸਿੰਘ, ਉਸ ਦੀ ਪਤਨੀ ਵਿਮਲਾ, ਬੇਟਾ ਲਵਲੀ ਕੁਮਾਰ ਅਤੇ ਬੇਟੀ ਗੀਤਾ ਸ਼ਾਮਲ ਹਨ ਜਿਨ੍ਹਾਂ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਮਿਲੇ ਵੇਰਵਿਆਂ ਮੁਤਾਬਕ ਮਕਾਨ ਦੀ ਛੱਤ ਡਿੱਗਣ ਦੀ ਇਹ ਘਟਨਾ ਵੇਰਕਾ ਇਲਾਕੇ ਦੀ ਪੱਤੀ ਭਾਰਾ ਵਿੱਚ ਸਵੇਰ ਨੌਂ ਵਜੇ ਵਾਪਰੀ। ਜਸਪਾਲ ਸਿੰਘ ਦੇ ਮਕਾਨ ਦੀ ਖਸਤਾ ਹਾਲਤ ਸੀ ਤੇ ਭਾਰੀ ਮੀਂਹ ਕਾਰਨ ਗੁਆਂਢੀ ਦੀ ਕੰਧ ਜਸਪਾਲ ਸਿੰਘ ਦੀ ਛੱਤ ’ਤੇ ਡਿੱਗ ਪਈ ਜਿਸ ਨਾਲ ਖਸਤਾ ਹਾਲਤ ਛੱਤ ਡਿੱਗ ਪਈ ਅਤੇ ਪਰਿਵਾਰ ਦੇ ਛੇ ਜੀਅ ਮਲਬੇ ਹੇਠ ਫਸ ਗਏ। ਲਗਪਗ ਦੋ ਘੰਟੇ ਦੀ ਮੁਸ਼ੱਕਤ ਮਗਰੋਂ ਮਲਬੇ ਹੇਠ ਦੱਬੇ ਪਰਿਵਾਰ ਦੇ ਜੀਆਂ ਨੂੰ ਬਾਹਰ ਕੱਢਿਆ ਗਿਆ ਜਿਨ੍ਹਾਂ ਵਿੱਚੋਂ ਜੋਤੀ ਅਤੇ ਉਸ ਦੇ ਬੇਟੇ ਦੀ ਮੌਤ ਹੋ ਗਈ।
ਜੋਤੀ ਦਾ ਵਿਆਹ ਧਾਰੀਵਾਲ ਵਿਚ ਹੋਇਆ ਸੀ ਅਤੇ ਉਹ ਬੀਤੇ ਕੱਲ੍ਹ ਹੀ ਛੁੱਟੀਆਂ ਵਿਚ ਰਹਿਣ ਲਈ ਆਪਣੇ ਪਿਤਾ ਦੇ ਘਰ ਆਈ ਸੀ। ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਲ ਜ਼ਖਮੀਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਗਈ ਹੈ। ਬੀਤੀ ਰਾਤ ਅੰਮ੍ਰਿਤਸਰ ਵਿਚ ਭਾਰੀ ਮੀਂਹ ਪਿਆ। ਮੌਸਮ ਵਿਭਾਗ ਤੋਂ ਮਿਲੇ ਅੰਕੜਿਆਂ ਮੁਤਾਬਕ ਸਵੇਰੇ ਅੱਠ ਵਜੇ ਤੱਕ ਲਗਪਗ 100 ਐਮਐਮ ਤੋਂ ਵੱਧ ਮੀਂਹ ਪਿਆ।
ਦੂਜੇ ਪਾਸੇ ਰਾਮਾ ਮੰਡੀ ਦੇ ਪਿੰਡ ਮਲਕਾਣਾ ਵਿਚ ਲੰਘੀ ਰਾਤ ਪਏ ਮੀਂਹ ਕਾਰਨ ਇੱਕ ਮਜ਼ਦੂਰ ਦੇ ਘਰ ਦੀ ਛੱਤ ਡਿੱਗ ਪਈ ਜਿਸ ਕਾਰਨ ਘਰ ਵਿੱਚ ਸੁੱਤੇ ਪਏ ਮਜ਼ਦੂਰ ਦੀ ਮੌਤ ਹੋ ਗਈ ਜਦਕਿ ਉਸ ਦੇ ਪਰਿਵਾਰ ਦਾ ਬਚਾਅ ਹੋ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਰਾਮਪਾਲ ਪੁੱਤਰ ਸੁਰਜੀਤ ਸਿੰਘ ਦੀ ਛੱਤ ਦੇ ਮਲਬੇ ਹੇਠ ਆਉਣ ਕਾਰਨ ਮੌਤ ਹੋ ਗਈ।
ਇਸ ਘਟਨਾ ਵਿਚ ਵੱਡਾ ਬਚਾਅ ਇਸ ਕਰਕੇ ਹੋ ਗਿਆ ਕਿ ਮਜ਼ਦੂਰ ਦੀ ਪਤਨੀ ਆਪਣਾ ਇਲਾਜ ਕਰਵਾਉਣ ਆਪਣੇ ਬੱਚਿਆਂ ਸਮੇਤ ਰਿਸ਼ਤੇਦਾਰੀ ਅਤੇ ਉਸ ਦੀ ਮਾਤਾ ਪਿੰਡ ਵਿੱਚ ਹੀ ਦੂਸਰੇ ਘਰ ਗਈ ਹੋਈ ਸੀ। ਘਟਨਾ ਵਾਪਰਨ ਸਮੇਂ ਰਾਮਪਾਲ ਘਰ ਵਿੱਚ ਇਕੱਲਾ ਹੀ ਸੀ। ਗੁਆਂਢੀਆਂ ਨੇ ਸਵੇਰੇ ਛੱਤ ਡਿੱਗੀ ਵੇਖੀ ਤਾਂ ਉਨ੍ਹਾਂ ਪਿੰਡ ਵਾਸੀਆਂ ਤੇ ਪੰਚਾਇਤ ਦੀ ਹਾਜ਼ਰੀ ਵਿੱਚ ਮਜ਼ਦੂਰ ਨੂੰ ਮਲਬੇ ਹੇਠੋਂ ਕੱਢਿਆ ਤੇ ਪੁਲਿਸ ਨੂੰ ਘਟਨਾ ਬਾਰੇ ਸੂਚਨਾ ਦਿੱਤੀ।
ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਤਲਵੰਡੀ ਸਾਬੋ ਭੇਜ ਦਿੱਤੀ ਹੈ। ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਨੇ ਸਰਕਾਰ ਤੋਂ ਮ੍ਰਿਤਕ ਮਜ਼ਦੂਰ ਦੇ ਪਰਿਵਾਰ ਨੂੰ ਗੁਜ਼ਾਰੇ ਲਈ ਸਹਾਇਤਾ ਰਾਸ਼ੀ ਤੇ ਪਤਨੀ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ। ਇਸੇ ਤਰ੍ਹਾਂ ਕੱਟੜਾ ਬੱਘੀਆਂ ਵਿਚ ਇਕ ਮਕਾਨ ਦਾ ਕੁਝ ਹਿੱਸਾ ਡਿੱਗਣ ਕਾਰਨ ਇੱਕ ਕਾਰ ਨੁਕਸਾਨੀ ਗਈ।
ਦੱਸ ਦੇਈਏ ਕਿ ਮੌਸਮ ਵਿਭਾਗ ਨੇ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਗਰਜ ਨਾਲ ਭਾਰੀ ਮੀਂਹ ਪੈਣ ਲਈ ਯੈਲੋ ਅਲਰਟ ਜਾਰੀ ਕੀਤਾ ਹੈ।