Punjab

ਮੀਂਹ ਨਾਲ ਪੰਜਾਬ ਤੋਂ ਮਾੜੀ ਖ਼ਬਰ !

ਬਿਊਰੋ ਰਿਪੋਰਟ : ਲੁਧਿਆਣਾ ਵਿੱਚ ਤੇਜ਼ ਮੀਂਹ ਦੇ ਵਿਚਾਲੇ ਇੱਕ ਦਰਦਨਾਕ ਹਾਦਸਾ ਹੋਇਆ ਹੈ,ਸਰਹਿੰਦ ਨਹਿਰ ਵਿੱਚ ਆਲਟੋ ਕਾਰ ਡਿੱਗਣ ਕਾਰਨ 2 ਲੋਕਾਂ ਦੀ ਮੌਤ ਹੋ ਗਈ । ਹਾਲਾਂਕਿ ਹੁਣ ਤੱਕ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ, ਦੋਵੇਂ ਬਜ਼ੁਰਗ ਦੱਸੇ ਜਾ ਰਹੇ ਹਨ, ਜਿਸ ਵਿੱਚ ਇੱਕ ਪੁਰਸ਼ ਅਤੇ ਦੂਜੀ ਔਰਤ ਹੈ। ਮ੍ਰਿਤਕਾ ਦਾ ਆਪਸ ਵਿੱਚ ਰਿਸ਼ਤਾ ਕੀ ਹੈ, ਇਸ ਬਾਰੇ ਵੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ, ਪੁਲਿਸ ਨੇ ਮ੍ਰਿਤਕ ਦੇਹਾਂ ਕਬਜ਼ੇ ਵਿੱਚ ਲੈ ਲਈ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ।

ਗੁਰਥਲੀ ਨਹਿਰ ਪੁਲ ਦੇ ਕੋਲ ਕਾਰ ਡਿੱਗੀ

ਸ਼ੁਰੂਆਤੀ ਜਾਂਚ ਵਿੱਚ ਕਾਰ ਮੋਗਾ ਦੀ ਦੱਸੀ ਜਾ ਰਹੀ ਹੈ,ਗੁਰਥਲੀ ਨਹਿਰ ਪੁਲ ਦੇ ਕੋਲ ਆਲਟੋ ਕਾਰ ਦੇ ਨਹਿਰ ਵਿੱਚ ਡਿੱਗਣ ਤੋਂ ਬਾਅਦ ਸ਼ੋਰ ਮੱਚ ਗਿਆ । ਨਜ਼ਦੀਕ ਚੌਕ ‘ਤੇ ਟਰੈਫ਼ਿਕ ਪੁਲਿਸ ਦੇ ASI ਗੁਰਦੀਪ ਸਿੰਘ ਮੌਜੂਦ ਸੀ,ਜਿੰਨਾ ਨੇ ਫ਼ੌਰਨ ਗੋਤਾਖੋਂਰਾਂ ਨੂੰ ਬੁਲਾ ਕੇ ਕਾਰ ਨੂੰ ਬਾਹਰ ਕੱਢਣ ਦਾ ਕੰਮ ਸ਼ੁਰੂ ਕੀਤਾ । ਰਸਿਆਂ ਦੀ ਮਦਦ ਨਾਲ ਬੜੀ ਮੁਸ਼ਕਿਲ ਦੇ ਨਾਲ ਕਾਰ ਬਾਹਰ ਕੱਢੀ ਗਈ ਉਸ ਵੇਲੇ ਤੱਕ ਕਾਰ ਵਿੱਚ ਸਵਾਰ ਦੋਵੇਂ ਲੋਕਾਂ ਦੀ ਮੌਤ ਹੋ ਗਈ ਸੀ।

ਖ਼ੁਦਕੁਸ਼ੀ ਜਾਂ ਹਾਦਸਾ ? ਪੁਲਿਸ ਕਰ ਰਹੀ ਹੈ ਜਾਂਚ

ਗੋਤਾਖੋਰ ਨੇ ਦੱਸਿਆ ਕਿ ਪੁਲਿਸ ਉਨ੍ਹਾਂ ਨੂੰ ਆਪਣੇ ਨਾਲ ਗੱਡੀ ਵਿੱਚ ਬਿਠਾ ਕੇ ਲੈ ਕੇ ਆਈ ਸੀ । ਜਦੋਂ ਉਨ੍ਹਾਂ ਨੇ ਨਹਿਰ ਦੇ ਵਿੱਚ ਗੋਤਾ ਲਗਾਇਆ ਤਾਂ ਕਾਰ ਦਾ ਪਤਾ ਚੱਲਿਆ,ਰਸੀ ਦੇ ਨਾਲ ਕਾਰ ਨੂੰ ਬਾਹਰ ਕੱਢਿਆ ਗਿਆ । ਇਸ ਵਿੱਚ ਸਵਾਰ ਬਜ਼ੁਰਗ ਪੁਰਸ਼ ਅਤੇ ਔਰਤ ਦੀ ਮੌਤ ਹੋ ਗਈ ਸੀ । ਜਿਸ ਥਾਂ ‘ਤੇ ਕਾਰ ਨਹਿਰ ਵਿੱਚ ਡਿੱਗੀ ਸੀ ਉੱਥੇ ਕੋਈ ਪੱਥਰ ਨਹੀਂ ਸਨ ਨਾ ਹੀ ਟਰੈਫ਼ਿਕ ਸੀ । ਇਸ ਲਈ ਪੁਲਿਸ ਦੋਵਾਂ ਪਹਿਲੂਆਂ ਦੀ ਜਾਂਚ ਕਰ ਰਹੀ ਹੈ ਕੀ ਹਾਦਸਾ ਹੈ ਜਾਂ ਖ਼ੁਦਕੁਸ਼ੀ ।

ਪੁਲਿਸ ਮ੍ਰਿਤਕਾਂ ਦੀ ਸਨਾਖਤ ਕਰਨ ਵਿੱਚ ਲੱਗੀ

ਦੋਰਾਹਾ ਥਾਣਾ ਵਿੱਚ SHO ਵਿਜੇ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਕਰਨਾ ਪਹਿਲਾਂ ਕਦਮ ਹੈ,ਪਛਾਣ ਤੋਂ ਬਾਅਦ ਕਾਫ਼ੀ ਹੱਦ ਤੱਕ ਕੇਸ ਟ੍ਰੇਸ ਹੋ ਜਾਵੇਗਾ । ਫ਼ਿਲਹਾਲ ਕੁੱਝ ਨਹੀਂ ਕਿਹਾ ਜਾ ਸਕਦਾ ਹੈ ਕਿ ਕਾਰ ਕਿਸ ਵਜ੍ਹਾ ਨਾਲ ਨਹਿਰ ਵਿੱਚ ਡਿੱਗੀ ਸੀ ।