International

ਬਰਫੀਲੀਆਂ ਹਵਾਵਾਂ ਹੋਈਆਂ ਰਿਕਾਰਡ ਤੋੜਨ ਵੱਲ,ਇਸ ਦੇਸ਼ ਵਿੱਚ ਜਾਰੀ ਹੋ ਗਈ ਆਮ ਲੋਕਾਂ ਲਈ ਚਿਤਾਵਨੀ

ਵਾਸ਼ਿੰਗਟਨ : ਬੇਹਦ ਖਰਾਬ ਮੌਸਮ ਦੇ ਕਾਰਨ ਅਮਰੀਕਾ ਦੇ ਨਿਊ ਹੈਂਪਸ਼ਾਇਰ ‘ਚ ਮਾਊਂਟ ਵਾਸ਼ਿੰਗਟਨ ਸਮੇਤ ਪੂਰੇ ਖੇਤਰ ‘ਚ ਤਾਪਮਾਨ ਖਤਰਨਾਕ ਤੌਰ ‘ਤੇ ਹੇਠਲੇ ਪੱਧਰ ‘ਤੇ ਪਹੁੰਚ ਗਿਆ ਹੈ।

ਨਿਊਯਾਰਕ ਅਤੇ ਨਿਊ ਇੰਗਲੈਂਡ ਦੇ ਸਾਰੇ ਛੇ ਰਾਜਾਂ ਮੈਸੇਚਿਉਸੇਟਸ, ਕਨੈਕਟੀਕਟ, ਰ੍ਹੋਡ ਆਈਲੈਂਡ, ਨਿਊ ਹੈਂਪਸ਼ਾਇਰ, ਵਰਮੋਂਟ ਅਤੇ ਮੇਨ ਵਿੱਚ ਰਹਿਣ ਵਾਲੇ ਲੱਖਾਂ ਲੋਕਾਂ ਲਈ ਚਿਤਾਵਨੀ ਜਾਰੀ ਕੀਤੀ ਗਈ ਹੈ ਕਿ ਉਹ ਘਰਾਂ ਚੋਂ ਬਾਹਰ ਨਾ ਨਿਕਲਣ ਕਿਉਂਕਿ ਇਲਾਕੇ ਵਿੱਚ ਬੇਹੱਦ ਠੰਡੀਆਂ ਤੇ ਬਰਫੀਲੀਆਂ ਹਵਾਵਾਂ ਚਲਣ ਦੇ ਆਸਾਰ ਹਨ।

ਨੈਸ਼ਨਲ ਵੈਦਰ ਸਰਵਿਸ (NWS) ਨੇ ਕਿਹਾ ਕਿ ਇਹ ਅਵਸਥਾ ਥੋੜੇ ਸਮੇਂ ਲਈ ਹੈ ਪਰ ਸੁੰਨ ਕਰਨ ਵਾਲੀਆਂ ਠੰਡੀਆਂ ਹਵਾਵਾਂ ਜਾਨਲੇਵਾ ਸਥਿਤੀਆਂ ਪੈਦਾ ਕਰ ਰਹੀਆਂ ਹਨ। ਨਿਊ ਇੰਗਲੈਂਡ ਦੇ ਮੈਸੇਚਿਉਸੇਟਸ ਦੇ ਦੋ ਸਭ ਤੋਂ ਵੱਡੇ ਸ਼ਹਿਰ ਬੋਸਟਨ ਅਤੇ ਵਰਸੇਸਟਰ ਵਿੱਚ ਇਸ ਦੌਰਾਨ ਸਕੂਲ ਬੰਦ ਰਹੇ।

ਬੋਸਟਨ ਦੇ ਮੇਅਰ ਮਿਸ਼ੇਲ ਵੂ ਨੇ ਐਤਵਾਰ ਨੂੰ ਐਮਰਜੈਂਸੀ ਦੀ ਘੋਸ਼ਣਾ ਕੀਤੀ ਹੈ ਅਤੇ ਸ਼ਹਿਰ ਦੇ 650,000 ਤੋਂ ਵੱਧ ਨਿਵਾਸੀਆਂ ਦੀ ਮਦਦ ਲਈ ਵਾਰਮਿੰਗ ਸੈਂਟਰ ਖੋਲ੍ਹੇ ਹਨ। NWS ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਇਹ ਇਸ ਪੀੜ੍ਹੀ ਦੀ ਸਭ ਤੋਂ ਠੰਢੀ ਸਰਦੀ ਸਾਬਤ ਹੋਣ ਜਾ ਰਹੀ ਹੈ।

ਕੈਬੋਟਗਾਮਾ, ਮਿਨੇਸੋਟਾ, ਓਨਟਾਰੀਓ ਬਾਰਡਰ ਜਿਹੇ ਇਲਾਕਿਆਂ ਨੂੰ ਅਮਰੀਕਾ ਦਾ ਸਭ ਤੋਂ ਠੰਡਾ ਸਥਾਨ ਮੰਨਿਆ ਗਿਆ, ਜਿਥੇ ਤਾਪਮਾਨ ਮਾਈਨਸ -39.5 ਡਿਗਰੀ ‘ਤੇ ਚੱਲ ਰਿਹਾ ਸੀ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਅਜਿਹੀ ਸਥਿਤੀ ਦਹਾਕਿਆਂ ਬਾਅਦ ਆਉਂਦੀ ਹੈ।ਹਾਲੇ ਤਾਪਮਾਨ ਦੇ ਹੋਰ ਵੀ ਹੇਠਾਂ ਜਾਣ ਦੀ ਉਮੀਦ ਹੈ ਤੇ ਇਹ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਸ ਵਾਰ ਠੰਡ ਦੇ ਸਾਰੇ ਰਿਕਾਰਡ ਟੁੱਟਣਗੇ।