Punjab

ਸੰਘਣੀ ਧੁੰਦ ਕਾਰਨ ਤਿੰਨ ਨੌਜਵਾਨਾਂ ਨਾਲ ਵਾਪਰਿਆ ਇਹ ਭਾਣਾ , ਦੋ ਗੰਭੀਰ ਜ਼ਖ਼ਮੀ

Due to dense fog two motorcycles collided three youths died two were seriously injured

ਲੁਧਿਆਣਾ-ਫ਼ਿਰੋਜ਼ਪੁਰ : ਪੰਜਾਬ ਦੇ ਵੱਖ-ਵੱਖ ਹਿੱਸਿਆਂ ‘ਚ ਤਾਪਮਾਨ ਵਿੱਚ ਗਿਰਾਵਟ ਆਉਣ ਤੋਂ ਬਾਅਦ ਠੰਡ ‘ਚ ਵਾਧਾ ਹੋਇਆ ਹੈ ਅਤੇ ਸੰਘਣੀ ਧੁੰਦ ਦਾ ਕਹਿਰ ਵੀ ਜਾਰੀ ਹੈ। ਪੰਜਾਬ ਵਿੱਚ ਅੱਜ ਸਵੇਰੇ 5 ਵਜੇ ਤੋਂ ਸੰਘਣੀ ਧੁੰਦ ਪੈਣੀ ਸ਼ੁਰੂ ਹੋ ਗਈ ਸੀ, ਜਿਸ ਕਾਰਨ ਟਰੈਫਿਕ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੰਘਣੀ ਧੁੰਦ ਕਾਰਨ ਕਈ ਸੜਕ ਹਾਦਸੇ ਵਾਪਰ ਰਹੇ ਹਨ। ਧੁੰਦ ਕਾਰਨ ਰਾਤ ਵੇਲੇ ਠੀਕ ਤਰ੍ਹਾਂ ਦਿਖਾਈ ਨਹੀਂ ਦਿੰਦਾ। ਅਜਿਹੇ ‘ਚ ਉਹ ਰਸਤੇ ‘ਚ ਖੜ੍ਹੇ ਕਿਸੇ ਵਾਹਨ ਨਾਲ ਟਕਰਾ ਜਾਂਦੇ ਹਨ ਜਾਂ ਸੜਕਾਂ ਦੇ ਕਿਨਾਰਿਆਂ ‘ਤੇ ਚਿੱਟੀਆਂ ਪੱਟੀਆਂ ਨਾ ਹੋਣ ਕਾਰਨ ਵਾਹਨ ਸੜਕ ਤੋਂ ਉਤਰ ਕੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ।

ਲੁਧਿਆਣਾ-ਫ਼ਿਰੋਜ਼ਪੁਰ ਹਾਈਵੇ ‘ਤੇ ਨਿੱਜੀ ਯੂਨੀਵਰਸਿਟੀ ਨੇੜੇ ਦੇਰ ਰਾਤ ਧੁੰਦ ਕਾਰਨ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ ਜਿਸ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਹੈ ਅਤੇ ਦੋ ਨੌਜਵਾਨ ਗੰਭੀਰ ਜ਼ਖ਼ਮੀ ਹਾਲਤ ‘ਚ ਹਨ।

ਮਿਲੀ ਜਾਣਕਾਰੀ ਮੁਤਾਬਿਕ ਸ਼ੁੱਕਰਵਾਰ ਦੇਰ ਰਾਤ ਰੈਸਟੋਰੈਂਟ ਵਿੱਚ ਕੰਮ ਕਰਨ ਵਾਲੇ ਸਾਜਨ ਪਾਸਵਾਨ ਅਤੇ ਉਸ ਦਾ ਸਾਥੀ ਲਕਸ਼ਮਣ ਦਾਸ ਕੰਮ ਖਤਮ ਕਰਕੇ ਦੇਰ ਰਾਤ ਕਰੀਬ 12 ਵਜੇ ਆਪਣੇ ਪਿੰਡ ਵਿਰਕ ਨੂੰ ਜਾ ਰਹੇ ਸਨ।

ਜਿਵੇਂ ਹੀ ਉਹ ਆਪਣੇ ਮੋਟਰਸਾਈਕਲ ‘ਤੇ ਸਿੱਧਵਾਂ ਖੁਰਦ ਕਾਲਜ ਰੋਡ ਦੇ ਨੇੜੇ ਲੁਧਿਆਣਾ-ਫਿਰੋਜ਼ਪੁਰ ਹਾਈਵੇ ‘ਤੇ ਸਥਿਤ ਕੱਟ ਤੋਂ ਆਪਣੇ ਪਿੰਡ ਵੱਲ ਜਾਣ ਲਈ ਘੁੰਮਣ ਲੱਗੇ ਤਾਂ ਉਨ੍ਹਾਂ ਦੀ ਬਾਈਕ ਸਾਹਮਣਿਓਂ ਆ ਰਹੀ ਬਾਈਕ ਨਾਲ ਟਕਰਾ ਗਈ। ਸਾਹਮਣਿਓਂ ਆ ਰਹੀ ਬਾਈਕ ‘ਤੇ ਵੀ 3 ਨੌਜਵਾਨ ਸਵਾਰ ਸਨ, ਜਿਨ੍ਹਾਂ ਦੀ ਪਛਾਣ ਸੂਰਜ ਸਿੰਘ, ਪ੍ਰਗਟ ਸਿੰਘ ਤੇ ਸੁਖਦੀਪ ਸਿੰਘ ਵਜੋਂ ਹੋਈ ਹੈ । ਇਹ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਇਸ ਹਾਦਸੇ ਵਿੱਚ ਸਾਜਨ ਪਾਸਵਾਨ, ਲਕਸ਼ਮਣ ਦਾਸ ਅਤੇ ਸੂਰਜ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੌ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ ਹਨ।

ਦੱਸ ਦੇਈਏ ਕਿ ਸਾਰੇ ਮ੍ਰਿਤਕ ਨੌਜਵਾਨਾਂ ਦੀ ਉਮਰ 20 ਤੋਂ 22 ਸਾਲ ਦੱਸੀ ਜਾ ਰਹੀ ਹੈ । ਪੁਲਿਸ ਚੌਕੀ ਚੌਂਕੀਮਾਨ ਦੇ ਇੰਚਾਰਜ ASI ਰਣਧੀਰ ਸਿੰਘ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਦੇਰ ਰਾਤ ਕਰੀਬ 12.30 ਵਜੇ ਵਾਪਰੀ । ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ ਸਿਵਲ ਹਸਪਤਾਲ ਪਹੁੰਚੇ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਸਾਜਨ, ਲਕਸ਼ਮਣ ਅਤੇ ਸੂਰਜ ਦੀ ਮੌਕੇ ‘ਤੇ ਹੀ ਮੌਤ ਹੋ ਚੁੱਕੀ ਸੀ । ਸਿਵਲ ਹਸਪਤਾਲ ਦੇ ਡਾਕਟਰਾਂ ਨੇ ਗੰਭੀਰ ਜ਼ਖਮੀ ਪਰਗਟ ਅਤੇ ਸੁਖਦੀਪ ਨੂੰ ਲੁਧਿਆਣਾ ਦੇ ਸਰਕਾਰੀ ਹਸਪਤਾਲ ਲਈ ਰੈਫਰ ਕਰ ਦਿੱਤਾ। ਇਸ ਮਾਮਲੇ ਵਿੱਚ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ‘ਤੇ 174 ਦੀ ਕਾਰਵਾਈ ਕੀਤੀ ਗਈ ਹੈ।