ਪਟਿਆਲਾ : ਦੇਰ ਰਾਤ ਡੀਐੱਸਪੀ ਗਗਨਦੀਪ ਸਿੰਘ ਭੁੱਲਰ ਦੀ ਸਿਰ ਵਿੱਚ ਗੋਲੀ ਲੱਗਣ ਕਾਰਨ ਮੌਤ ਹੋ ਗਈ। ਉਸਦੀ ਉਮਰ 34 ਸਾਲਾ ਸੀ ਅਤੇ ਕਮਾਂਡੋ ਸੈਂਟਰ ਬਹਾਦਰਗੜ੍ਹ ਵਿੱਚ ਤਾਇਨਾਤ ਸੀ। ਡੀਐਸਪੀ ਵਜੋਂ ਸਪੈਸ਼ਲ ਅਪਰੇਸ਼ਨ ਗਰੁੱਪ (ਐੱਸਓਜੀ) ਪਟਿਆਲਾ ‘ਚ ਤਾਇਨਾਤ ਸੀ। ਦੱਸਿਆ ਜਾ ਰਿਹਾ ਘਟਨਾ ਨਾਭਾ ਵਿਖੇ ਘਰ ਵਿੱਚ ਵਾਪਰੀ ਹੈ। ਮੁੱਢਲੀ ਜਾਣਕਾਰੀ ਮੁਤਾਬਿਕ ਬੱਤੀ ਬੋਰ ਦੀ ਰਿਵਾਲਵਰ ਨਾਲ ਚੱਲੀ ਗੋਲੀ ਸਿਰ ਵਿੱਚ ਲੱਗਣ ਕਾਰਨ ਡੀਐਸਪੀ ਭੁੱਲਰ ਦੀ ਮੌਤ ਹੋ ਗਈ।
ਨਾਭਾ ਦੇ ਐੱਸਐੱਚਓ ਇੰਸਪੈਕਟਰ ਹੈਰੀ ਬੋਪਾਰਾਏ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਘਟਨਾ ਬੁੱਧਵਾਰ ਰਾਤ ਸਾਢੇ 9 ਤੋਂ 10 ਵਜੇ ਦਰਮਿਆਨ ਨਾਭਾ ਦੇ ਮਾਡਲ ਟਾਊਨ ਇਲਾਕੇ ‘ਚ ਵਾਪਰੀ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਨਾਭਾ ਦੇ ਇੰਚਾਰਜ ਹੈਰੀ ਬੋਪਾਰਾਏ ਪੁਲਿਸ ਟੀਮ ਸਮੇਤ ਮੌਕੇ ‘ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਨਾਭਾ ਦੇ ਸਿਵਲ ਹਸਪਤਾਲ ‘ਚ ਰਖਵਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਗੋਲੀ ਲੱਗਣ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ। ਡੀਐੱਸਪੀ ਗਗਨਦੀਪ ਸਿੰਘ ਭੁੱਲਰ ਅਣਵਿਆਹਿਆ ਸੀ ਅਤੇ ਘਟਨਾ ਮੌਕੇ ਉਹ ਘਰ ਵਿੱਚ ਇਕੱਲਾ ਹੀ ਸੀ। ਪਰਿਵਾਰ ਦੇ ਬਿਆਨਾਂ ਦੇ ਆਧਾਰ ਉੱਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪਟਿਆਲਾ ਦੇ ਐਸਐਸਪੀ ਦੀਪਕ ਪਾਰੀਕ ਨੇ ਹਿੰਦੁਸਤਾਨ ਟਾਈਮਜ਼ ਨੂੰ ਦੱਸਿਆ ਕਿ “ਅਸੀਂ ਇਸ ਸਮੇਂ ਮੌਤ ਦੇ ਸਹੀ ਕਾਰਨ ਬਾਰੇ ਟਿੱਪਣੀ ਨਹੀਂ ਕਰ ਸਕਦੇ। ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਅਤੇ ਫੋਰੈਂਸਿਕ ਮਾਹਿਰਾਂ ਨੂੰ ਅਪਰਾਧ ਸਥਾਨ ‘ਤੇ ਭੇਜਿਆ ਗਿਆ ਹੈ। ”
ਹਾਲਾਂਕਿ ਡੀਐਸਪੀ ਦੀ ਮੌਤ ਨੂੰ ਖੁਦਕੁਸ਼ੀ ਜਾਂ ਅਚਾਨਕ ਗੋਲੀ ਲੱਗਣ ਦਾ ਮਾਮਲਾ ਮੰਨਿਆ ਜਾ ਰਿਹਾ ਹੈ। ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਰਜਿੰਦਰਾ ਹਸਪਤਾਲ ਭੇਜ ਦਿੱਤਾ ਗਿਆ ਹੈ।