India International

ਭਾਰਤ ਦੇ ਅੰਦਰੂਨੀ ਮਾਮਲਿਆਂ ‘ਤੇ ਬਗ਼ੈਰ ਸਮਝੇ ਟਿੱਪਣੀਆਂ ਨਾ ਕੀਤੀਆਂ ਜਾਣ: ਵਿਦੇਸ਼ ਮੰਤਰਾਲਾ

‘ਦ ਖ਼ਾਲਸ ਬਿਊਰੋ :ਅਮਰੀਕਾ ਦੇ ਕੌਮਾਂਤਰੀ ਧਾਰਮਿਕ ਅਜ਼ਾਦੀ ਦੇ ਐਮਬੈਸਡਰ ਰਾਸ਼ਦ ਹੁਸੈਨ ਨੇ ਕਰਨਾਟਕ ਹਿਜ਼ਾਬ ਮਾਮਲੇ ਵਿੱਚ ਇੱਕ ਟਵੀਟ ਕੀਤਾ ਹੈ ਕਿ ਆਜ਼ਾਦੀ ਵਿੱਚ ਕਿਸੇ ਦੇ ਧਾਰਮਿਕ ਪਹਿਰਾਵੇ ਦੀ ਚੋਣ ਕਰਨ ਦੀ ਅਜ਼ਾਦੀ ਸ਼ਾਮਲ ਹੁੰਦੀ ਹੈ। ਭਾਰਤ ਦੇ ਕਰਨਾਟਕ ਸੂਬੇ ਨੂੰ ਧਾਰਮਿਕ ਪਹਿਰਾਵੇ ਦੀ ਇਜਾਜ਼ਤ ਦੇਣ ਦੇ ਮਾਮਲੇ ਵਿੱਚ ਨਹੀਂ ਪੈਣਾ ਚਾਹੀਦਾ ਹੈ।
ਉਨ੍ਹਾਂ ਅੱਗੇ ਲਿਖਿਆ, ”ਸਕੂਲਾਂ ਵਿੱਚ ਹਿਜਾਬ ਉੱਤੇ ਪਾਬੰਦੀ ਧਾਰਮਿਕ ਆਜ਼ਾਦੀ ਦੀ ਉਲੰਘਣਾ ਕਰਦੀ ਹੈ ਅਤੇ ਔਰਤਾਂ ਤੇ ਕੁੜੀਆਂ ਨੂੰ ਕਲੰਕਿਤ ਕਰਦੀ ਹੈ ਅਤੇ ਹਾਸ਼ੀਏ ਉੱਤੇ ਪਹੁੰਚਾਉਂਦੀ ਹੈ।

ਇਸ ਤੇ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇਤਰਾਜ਼ ਜ਼ਾਹਿਰ ਕੀਤਾ ਹੈ ਤੇ ਕਿਹਾ ਹੈ ਕਿ ਭਾਰਤ ਦੇ ਅੰਦਰੂਨੀ ਮਾਮਲਿਆਂ ‘ਤੇ ਬਗ਼ੈਰ ਸਮਝੇ ਟਿੱਪਣੀਆਂ ਨਾ ਕੀਤੀਆਂ ਜਾਣ।
ਭਾਰਤ ਨੇ ਕਰਨਾਟਕ ਵਿਚ ਹਿਜ਼ਾਬ ਵਿਵਾਦ ਬਾਰੇ ਅਮਰੀਕਾ ਸਣੇ ਕੁਝ ਦੇਸ਼ਾਂ ਵੱਲੋਂ ਕੀਤੀ ਆਲੋਚਨਾ ਨੂੰ ਖਾਰਜ ਕਰ ਦਿਤਾ ਹੈ ਤੇ ਕਿਹਾ ਹੈ ਕਿ ਦੇਸ਼ ਦੇ ਅੰਦਰੂਨੀ ਮਾਮਲਿਆਂ ‘ਤੇ ‘ਕਿਸੇ ਹੋਰ ਇਰਾਦੇ ਨਾਲ ਪ੍ਰੇਰਿਤ ਟਿੱਪਣੀ’ ਸਵੀਕਾਰਯੋਗ ਨਹੀਂ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਜੋ ਲੋਕ ਭਾਰਤ ਨੂੰ ਜਾਣਦੇ ਹਨ, ਉਨ੍ਹਾਂ ਨੂੰ ਅਸਲੀਅਤ ਦੀ ਚੰਗੀ ਤਰ੍ਹਾਂ ਸਮਝ ਹੋਵੇਗੀ। ਇਹ ਭਾਰਤ ਦਾ ਅੰਦਰੂਨੀ ਮਾਮਲਾ ਹੈ ਤੇ ਇਸ ਬਾਰੇ ਨਾਸਮਝੀ ਵਾਲੀਆਂ ਟਿੱਪਣੀਆਂ ਨਾ ਕੀਤੀਆਂ ਜਾਣ।