‘ਦ ਖ਼ਾਲਸ ਬਿਊਰੋ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਅਤੇ ਹਜ਼ੂਰੀ ਰਾਗੀ ਸਿੰਘਾਂ ਨਾਲ ਗੱਲਬਾਤ ਮਗਰੋਂ ਦੋਵਾਂ ਧਿਰਾਂ ਵਿਚਾਲੇ ਚੱਲ ਰਹੇ ਮਤਭੇਦ ਖ਼ਤਮ ਕਰਾ ਦਿੱਤੇ ਹਨ।
ਲੌਂਗੋਵਾਲ ਨੇ ਦਰਸ਼ਨੀ ਡਿਉਢੀ ਵਿੱਚ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਦੇ ਦਫ਼ਤਰ ਵਿੱਚ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਉਨ੍ਹਾਂ ਨੇ ਹਜ਼ੂਰੀ ਰਾਗੀ ਸਿੰਘਾਂ ਦੇ ਵਿਵਾਦ ਬਾਰੇ ਵਿਚਾਰ ਚਰਚਾ ਕੀਤੀ। ਉਪਰੰਤ ਹਜ਼ੂਰੀ ਰਾਗੀ ਸਿੰਘਾਂ ਵੱਲੋਂ ਵੀ ਆਪਣੇ ਮਸਲੇ ਉਨ੍ਹਾਂ ਨੂੰ ਦੱਸੇ ਗਏ। ਦੋਵਾਂ ਧਿਰਾਂ ਨਾਲ ਗੱਲਬਾਤ ਤੋਂ ਬਾਅਦ ਲੌਂਗੋਵਾਲ ਨੇ ਦਾਅਵਾ ਕੀਤਾ ਕਿ ਦੋਵਾਂ ਵਿਚਾਲੇ ਪੈਦਾ ਹੋਏ ਮੱਤਭੇਦ ਅਤੇ ਵਿਵਾਦ ਖ਼ਤਮ ਹੋ ਗਏ ਹਨ। ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਰਾਗੀ ਸਿੰਘਾਂ ਨੂੰ ਗਲਵਕੜੀ ਵਿੱਚ ਲੈ ਕੇ ਆਪਣੇ ਬੱਚੇ ਮੰਨਿਆ। ਇਸ ਮਗਰੋਂ ਸ਼੍ਰੋਮਣੀ ਕਮੇਟੀ ਵੱਲੋਂ ਰਾਗੀ ਸਿੰਘਾਂ ਅਤੇ ਹੈੱਡ ਗ੍ਰੰਥੀ ਸਣੇ ਸਾਰਿਆਂ ਨੂੰ ਸਿਰੋਪੇ ਵੀ ਦਿੱਤੇ ਗਏ। ਇਸ ਗੱਲਬਾਤ ਵਿੱਚ ਹਜ਼ੂਰੀ ਰਾਗੀ ਸਿੰਘਾਂ ਦੀ ਜਥੇਬੰਦੀ ਦੇ ਪ੍ਰਧਾਨ ਭਾਈ ਉਂਕਾਰ ਸਿੰਘ, ਭਾਈ ਸ਼ੌਕੀਨ ਸਿੰਘ, ਭਾਈ ਸਤਨਾਮ ਸਿੰਘ ਤੇ ਹੋਰ ਰਾਗੀ ਵੀ ਸ਼ਾਮਲ ਸਨ।
ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਰਾਗੀ ਸਿੰਘਾਂ ਨਾਲ ਬੈਠ ਕੇ ਗੱਲਬਾਤ ਹੋਈ ਹੈ ਅਤੇ ਇਨ੍ਹਾਂ ਦੇ ਮਨਾਂ ਦੇ ਭਰਮ-ਭੁਲੇਖੇ ਤੇ ਮੱਤਭੇਦ ਦੂਰ ਹੋ ਗਏ ਹਨ। ਰਾਗੀ ਸਭਾ ਦੇ ਪ੍ਰਧਾਨ ਭਾਈ ਉਂਕਾਰ ਸਿੰਘ ਨੇ ਵੀ ਕਿਹਾ ਕਿ ਲੌਂਗੋਵਾਲ ਵੱਲੋਂ ਦੋਵਾਂ ਧਿਰਾਂ ਨੂੰ ਬਿਠਾ ਕੇ ਕੀਤੀ ਗੱਲਬਾਤ ਦੌਰਾਨ ਆਪਸੀ ਮੱਤਭੇਦ ਅਤੇ ਹੋਰ ਸਾਰੇ ਵਿਵਾਦ ਖ਼ਤਮ ਕਰਵਾ ਦਿੱਤੇ ਗਏ ਹਨ।