’ਦ ਖ਼ਾਲਸ ਬਿਊਰੋ (ਗੁਰਪ੍ਰੀਤ ਕੌਰ): ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨ ਰੱਦ ਕਰਾਉਣ ਲਈ ਕਿਸਾਨਾਂ ਦਾ ਸੰਘਰਸ਼ ਹੋਰ ਭਖਦਾ ਜਾ ਰਿਹਾ ਹੈ। ਹਰ ਬੀਤਦੇ ਦਿਨ ਨਾਲ ਕਿਸਾਨਾਂ ਦੇ ਸਮਰਥਨ ਦਾ ਦਾਇਰਾ ਵਧ ਜਾ ਰਿਹਾ ਹੈ। ਕਿਸਾਨਾਂ ਦੇ ਸਮਰਥਨ ਵਿੱਚ ਸਾਬਕਾ ਜਵਾਨਾਂ ਨੇ 25000 ਬਹਾਦਰੀ ਮੈਡਲ (gallantry medals) ਵਾਪਸ ਕਰਨ ਦਾ ਫੈਸਲਾ ਕੀਤਾ ਹੈ। ਸਾਬਕਾ ਫੌਜੀਆਂ ਨੇ 5000 ਮੈਡਲ ਇਕੱਠੇ ਕੀਤੇ ਹਨ ਜੋ ਰਾਸ਼ਰਪਤੀ ਨੂੰ ਵਾਪਸ ਕੀਤੇ ਜਾਣਗੇ। ਦੱਸ ਦੇਈਏ ਵੱਡੀ ਗਿਣਤੀ ਵਿੱਚ ਸਾਬਕਾ ਫੌਜੀਆਂ ਦਾ ਜਥਾ 26 ਨਵੰਬਰ ਤੋਂ ਸਿੰਘੂ ਬਾਰਡਰ ’ਤੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੈ।
‘ਦ ਹਿੰਦੂ’ ਦੀ ਰਿਪੋਰਟ ਮੁਤਾਬਕ ਹਰਿਆਣਾ ਤੇ ਪੰਜਾਬ ਦੇ ਸਾਬਕਾ ਫੌਜੀਆਂ ਨੇ ਅਗਲੇ ਦੋ ਮਹੀਨਿਆਂ ਵਿੱਚ 25000 ਬਹਾਦਰੀ ਮੈਡਲ ਇਕੱਠੇ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਵੱਡੀ ਗਿਣਤੀ ਵਿੱਚ ਸਾਬਕਾ ਫੌਜੀ ਇਸ ਅੰਦੋਲਨ ਨਾਲ ਜੁੜੇ ਹਨ ਕਿਉਂਕਿ ਫੌਜ ਤੋਂ ਸੇਵਾ ਮੁਕਤ ਹੋਣ ਬਾਅਦ ਉਹ ਸਿਰਫ ਖੇਤੀ ’ਤੇ ਹੀ ਨਿਰਭਰ ਹਨ।
ਹਰਿਆਣਾ ਦੇ ਝੱਜਰ ਤੋਂ ਆਏ ਸੇਵਾਮੁਕਤ ਹੌਲਦਾਰ ਬਲਵੰਤ ਸਿੰਘ (80 )ਸਾਲ ਨੇ ਕਿਹਾ ਕਿ ਜਵਾਨਾਂ ਅਤੇ ਕਿਸਾਨਾਂ, ਦੋਵਾਂ ਦੇ ਪਰਿਵਾਰ ਵਿੱਚੋਂ ਹਨ। ਉਨ੍ਹਾਂ ਦੇ ਪਰਿਵਾਰ ਦੇ 8 ਮੈਂਬਰ ਜੰਗ ਵਿੱਚ ਲੜਦਿਆਂ ਬਾਰਡਰਾਂ ਤੇ ਸ਼ਹੀਦੀ ਪਾ ਚੁੱਕੇ ਹਨ। ਉਨ੍ਹਾਂ ਨੂੰ ਇਸ ਤੱਥ ’ਤੇ ਮਾਣ ਸੀ ਪਰ ਹੁਣ ਜੋ ਸਰਕਾਰ ਕਰ ਰਹੀ ਹੈ, ਉਸ ਤੋਂ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਦੇਸ਼ ਰਹਿਣ ਲਾਇਕ ਨਹੀਂ ਬਚਿਆ।
ਇਸੇ ਤਰ੍ਹਾਂ ਬਹੁਤ ਸਾਰੇ ਸਾਬਕਾ ਫੌਜੀਆਂ ਨੇ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ ਧਰਨਾ ਦੇ ਰਹੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਹੈ।