Manoranjan Punjab

‘ਪੰਜਾਬ 95’ ਫ਼ਿਲਮ ‘ਤੇ ਦਿਲਜੀਤ ਦੋਸਾਂਝ ਦਾ ਬਿਆਨ, ”ਜੇ ਫ਼ਿਲਮ ‘ਚ ਕੱਟ ਲੱਗੇ ਤਾਂ ਫ਼ਿਲਮ ਰਿਲੀਜ਼ ਕਰਨ ਦੇ ਹੱਕ ਵਿਚ ਨਹੀਂ”

ਲੰਮੇ ਸਮੇਂ ਦੇ ਲਟਕਦੀ ਆ ਰਹੀ ਫਿਲਮ ‘ਪੰਜਾਬ 95’ ਨੂੰ ਲੈ ਕੇ ਪੰਜਾਬੀ ਅਦਾਕਾਰ ਦਿਲਜੀਤ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਦਿਲਜੀਤ ਦਿਸਾਂਝ ਨੇ ਕਿਹਾ ਕਿ   ‘ਪੰਜਾਬ 95’ ਫ਼ਿਲਮ ਜ਼ਰੂਰ ਰਿਲੀਜ਼ ਹੋਵੇਗੀ, ਮੈਨੂੰ ਰੱਬ ‘ਤੇ ਪੂਰਾ ਭਰੋਸਾ ਹੈ। ਦਿਲਜੀਤ ਦੋਸਾਂਝ ਨੇ  ਕਿਹਾ ਕਿ ਜੇ ਫ਼ਿਲਮ ਬਿਨ੍ਹਾਂ ਕੱਟ ਤੋਂ ਰਿਲੀਜ਼ ਹੋਈ ਤਾਂ ਮੈਂ ਪੂਰਾ ਸਹਿਯੋਗ ਕਰਾਂਗਾ ਪਰ ਜੇ ਫ਼ਿਲਮ ‘ਚ ਕੱਟ ਲੱਗੇ ਤਾਂ ਮੈਂ ਫ਼ਿਲਮ ਰਿਲੀਜ਼ ਕਰਨ ਦੇ ਹੱਕ ਵਿਚ ਨਹੀਂ ਹਾਂ।

ਦਿਲਜੀਤ ਨੇ ਕਿਹਾ ਕਿ ਜਦੋਂ ਤੱਕ ਪੂਰੀ ਫਿਲਮ ਬਿਨਾਂ ਕਿਸੇ ਕੱਟ ਤੋਂ ਲੱਗੇਗੀ ਉਦੋਂ ਹੀ ਉਹ ਇਸ ਫਿਲਮ ਬਾਰੇ ਗੱਲ ਕਰਨਗੇ। ਦੱਸ ਦਈਏ ਕਿ ਕਿ ਪਹਿਲਾਂ ਇਹ ਫ਼ਿਲਮ ਅੰਤਰਰਾਸ਼ਟਰੀ ਪੱਧਰ ‘ਤੇ ਰਿਲੀਜ਼ ਹੋਣੀ ਸੀ ਪਰ ਬਾਅਦ ਵਿਚ ਇਸ ਦੀ ਰਿਲੀਜ਼ ਰੋਕ ਦਿੱਤੀ ਗਈ ਹੈ। ਦੱਸ ਦੇਈਏ ਕਿ ‘ਪੰਜਾਬ 95’  ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਆਧਾਰਿਤ ਫ਼ਿਲਮ ਹੈ। ‘ਪੰਜਾਬ 95’ ‘ਚ ਦਿਲਜੀਤ ਦੋਸਾਂਝ ਮੁੱਖ ਭੂਮਿਕਾ ਵਿਚ ਨਜ਼ਰ ਆਉਣਗੇ।

ਦੱਸ ਦਈਏ ਕਿ ਇਸ ਫਿਲਮ ਵਿੱਚ ਸੈਂਸਰ ਬੋਰਡ ਵੱਲੋਂ 120 ਕੱਟ ਲਗਾਏ ਗਏ ਹਨ। ਆਰਐੱਸਵੀਪੀ ਫ਼ਿਲਮਜ਼ ਵੱਲੋ ਪ੍ਰਸਤੁਤ ਕੀਤੀ ਜਾਣ ਵਾਲੀ ‘ਪੰਜਾਬ 95’ ਫ਼ਿਲਮ ਦਾ ਨਿਰਮਾਣ ਮਸ਼ਹੂਰ ਬਾਲੀਵੁੱਡ ਨਿਰਮਾਤਾ ਰੋਨੀ ਸਕਰੂਵਾਲਾ, ਜਦਕਿ ਨਿਰਦੇਸ਼ਨ ਹਨੀ ਤ੍ਰੇਹਨ ਵੱਲੋਂ ਕੀਤਾ ਗਿਆ ਹੈ, ਜਿਨ੍ਹਾਂ ਵੱਲੋਂ ਬਿੱਗ ਸੈਟਅੱਪ ਅਧੀਨ ਬਣਾਈ ਗਈ ਇਹ ਫ਼ਿਲਮ ਪਿਛਲੇ ਲੰਮੇਂ ਸਮੇਂ ਤੋਂ ਵਿਵਾਦਾਂ ‘ਚ ਘਿਰ ਰਹੀ ਹੈ, ਜਿਸ ਦੀ ਦ੍ਰਿਸ਼ਾਂਵਲੀ ‘ਚ ਸ਼ਾਮਲ ਕਈ ਸੀਨਜ਼ ‘ਤੇ ਇਤਰਾਜ਼ ਪ੍ਰਗਟਾਉਂਦਿਆਂ 85 ਕੱਟ ਲਗਾਏ ਜਾਣ ਦੀ ਹਦਾਇਤ ਪਹਿਲਾਂ ਵੀ ਸੈਂਸਰ ਬੋਰਡ ਵੱਲੋਂ ਕੀਤੀ ਜਾ ਚੁੱਕੀ ਹੈ, ਜਿਸ ਨੂੰ ਵਧਾ ਕੇ 120 ਕੱਟਾਂ ‘ਚ ਤਬਦੀਲ ਕਰ ਦਿੱਤਾ ਗਿਆ ਸੀ।

ਜਸਵੰਤ ਸਿੰਘ ਖਾਲੜਾ ‘ਤੇ ਬਣੀ ਹੈ ਫਿਲਮ

ਫਿਲਮ ‘Punjab 95’ ਦਾ ਡਾਇਰੈਕਸ਼ਨ ਹਨੀ ਤ੍ਰੇਹਾਨ ਨੇ ਕੀਤਾ ਹੈ । ਇਹ ਮਨੁੱਖੀ ਹੱਕਾਂ ਦੇ ਵੱਡੇ ਅਲੰਬਰਦਾਰ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਬਣੀ ਹੈ । ਖਾਲੜਾ ਪੰਜਾਬ ਵਿੱਚ 1980 ਤੋਂ 1990 ਦੇ ਦਹਾਕੇ ਦੌਰਾਨ ਮਨੁੱਖੀ ਅਧਿਕਾਰਾਂ ਦੀ ਹੋਈ ਉਲੰਘਣਾ ਦੇ ਖਿਲਾਫ਼ ਸਭ ਤੋਂ ਮਜ਼ਬੂਤ ਆਵਾਜ਼ ਸਨ । ਉਹ ਅੰਮ੍ਰਿਤਸਰ ਵਿੱਚ ਇੱਕ ਬੈਂਕ ਦੇ ਮੈਨੇਜਰ ਸਨ। ਉਨ੍ਹਾਂ ਨੇ 1984 ਅਤੇ ਖਾੜਕੂਵਾਦ ਦੇ ਦੌਰ ਦੌਰਾਨ ਹਜ਼ਾਰਾਂ ਬੇਗੁਨਾਹ ਸਿੱਖਾਂ ਦੇ ਐਨਕਾਉਂਟਰ ਨੂੰ ਲੈਕੇ ਸਵਾਲ ਚੁੱਕੇ ਸਨ । ਉਨ੍ਹਾਂ ਦੀ ਜਥੇਬੰਦੀ ਨੇ ਪੰਜਾਬ ਵਿੱਚ ਤਕਰੀਬਨ 25 ਹਜ਼ਾਰ ਲੋਕਾਂ ਦੀ ਨਜਾਇਜ਼ ਤਰੀਕੇ ਨਾਲ ਹੋਈ ਮੌਤ ਦਾ ਖੁਲਾਸਾ ਕੀਤਾ ਸੀ। ਇੱਥੋਂ ਤੱਕ ਪੁਲਿਸ ਨੇ ਆਪਣੇ ਵੀ 2000 ਲੋਕਾਂ ਦਾ ਕਤਲ ਕਰਵਾ ਦਿੱਤਾ ਸੀ ਜੋ ਉਨ੍ਹਾਂ ਦੇ ਕੰਮਾਂ ਵਿੱਚ ਸਹਿਯੋਗ ਨਹੀਂ ਕਰਦੇ ਸਨ।

ਖਾਲੜਾ ਸਤੰਬਰ 1995 ਵਿੱਚ ਲਾਪਤਾ ਹੋ ਗਏ, ਆਖਿਰੀ ਵਾਰ ਉਨ੍ਹਾਂ ਨੂੰ ਆਪਣੇ ਘਰ ਦੇ ਸਾਹਮਣੇ ਕਾਰ ਸਾਫ ਕਰਦੇ ਹੋਏ ਵੇਖਿਆ ਗਿਆ ਸੀ। ਬਾਅਦ ਵਿੱਚ ਉਨ੍ਹਾਂ ਨੂੰ ਅਗਵਾ ਕਰਕੇ ਕਤਲ ਕਰਨ ਦੇ ਮਾਮਲੇ ਵਿੱਚ 6 ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਮੰਨਿਆ ਗਿਆ ਸੀ।