ਬਿਉਰੋ ਰਿਪੋਰਟ: ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਆਮ ਤੌਰ ’ਤੇ ਵਿਵਾਦਾਂ ਤੋਂ ਦੂਰ ਹੀ ਰਹਿੰਦਾ ਹੈ ਪਰ ਲਾਸ ਏਂਜਲਸ ਸਥਿਤ ਆਰਬੀ ਡਾਂਸ ਕੰਪਨੀ ਦੇ ਮਾਲਕ ਅਤੇ ਕੋਰੀਓਗ੍ਰਾਫਰ ਰਜਤ ਰੌਕੀ ਬੱਟਾ ਨੇ ਇਲਜ਼ਾਮ ਲਗਾਇਆ ਹੈ ਕਿ ਉਸ ਨੇ ਆਪਣੇ ਦੌਰੇ ’ਤੇ ਆਏ ਦੇਸੀ ਡਾਂਸਰਾਂ ਨੂੰ ਪੈਸੇ ਨਹੀਂ ਦਿੱਤੇ।
ਦਿਲਜੀਤ ਦੋਸਾਂਝ ਦੇ ‘ਦਿਲ-ਲੁਮੀਨਾਟੀ’ ਟੂਰ ਦੀ ਕਾਫੀ ਚਰਚਾ ਹੋਈ ਸੀ। ਰਜਤ ਰੌਕੀ ਬੱਟਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਇੱਕ ਪੋਸਟ ਸ਼ੇਅਰ ਕਰਕੇ ਗਾਇਕ ’ਤੇ ਇਲਜ਼ਾਮ ਲਾਏ ਹਨ। ਉਸ ਨੇ ਕਿਹਾ ਕਿ ਦਿਲਜੀਤ ਨੇ ਆਪਣੇ ਟੂਰ ਵਿੱਚ ਸ਼ਾਮਲ ਦੇਸੀ ਡਾਂਸਰਾਂ ਨੂੰ ਪੈਸੇ ਨਹੀਂ ਦਿੱਤੇ ਹਨ। ਆਪਣੀ ਪੋਸਟ ’ਚ ਰੌਕੀ ਨੇ ਦੇਸੀ ਡਾਂਸਰਾਂ ਨੂੰ ਘੱਟ ਸਮਝਣ ’ਤੇ ਨਿਰਾਸ਼ਾ ਵੀ ਜ਼ਾਹਰ ਕੀਤੀ।
ਰੌਕੀ ਬੱਟਾ ਨੇ ਇੰਸਟਾਗ੍ਰਾਮ ’ਤੇ ਲਿਖਿਆ- ਅਸੀਂ ਦੇਸੀ ਡਾਂਸ ਕਮਿਊਨਿਟੀ ਵਜੋਂ ਪੂਰੇ ਉੱਤਰੀ ਅਮਰੀਕਾ ਦਾ ਦੌਰਾ ਕਰਦੇ ਹਾਂ। ਪਰ ਮੈਨੂੰ ਬਹੁਤ ਨਿਰਾਸ਼ਾ ਹੁੰਦੀ ਹੈ ਕਿ ਸਾਡੀ ਇੰਡਸਟਰੀ ਵਿੱਚ ਦੇਸੀ ਡਾਂਸਰਾਂ ਦੀ ਕਦਰ ਨਹੀਂ ਕੀਤੀ ਜਾਂਦੀ। ਉਮੀਦ ਕੀਤੀ ਜਾਂਦੀ ਹੈ ਕਿ ਉਹ ਕਲਾਕਾਰ ਬਿਨਾਂ ਪੈਸੇ ਦੇ ਕੰਮ ਕਰਨਗੇ।
ਆਪਣੀ ਪੋਸਟ ’ਚ ਰੌਕੀ ਨੇ ਦੇਸੀ ਡਾਂਸਰਾਂ ’ਤੇ ਚਿੰਤਾ ਜ਼ਾਹਰ ਕਰਨ ਦੇ ਨਾਲ-ਨਾਲ ਇਹ ਵੀ ਕਿਹਾ ਕਿ ਉਹ ਦਿਲਜੀਤ ਦੀ ਕਾਮਯਾਬੀ ਤੋਂ ਬਹੁਤ ਖੁਸ਼ ਹਨ। ਉਨ੍ਹਾਂ ਫਿਰ ਕਿਹਾ ਕਿ ਡਾਂਸਰਾਂ ਨੂੰ ਪ੍ਰੋਡਕਸ਼ਨ ਬਜਟ ਦਾ ਹਿੱਸਾ ਬਣਾਇਆ ਜਾਣਾ ਚਾਹੀਦਾ ਸੀ ਅਤੇ ਉਨ੍ਹਾਂ ਨੂੰ ਭੁਗਤਾਨ ਕਰਨਾ ਚਾਹੀਦਾ ਸੀ।
‘ਕਰੀਊ’ ਅਤੇ ‘ਅਮਰ ਸਿੰਘ ਚਮਕੀਲਾ’ ਤੋਂ ਬਾਅਦ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੀ ਪੰਜਾਬੀ ਫਿਲਮ ‘ਜੱਟ ਐਂਡ ਜੂਲੀਅਟ 3’ ਨੂੰ ਲੈ ਕੇ ਸੁਰਖੀਆਂ ’ਚ ਹੈ। ਉਹ ਨਿਰਦੇਸ਼ਕ ਅਨੀਸ ਬਜ਼ਮੀ ਦੀ ਫਿਲਮ ‘ਨੋ ਐਂਟਰੀ 2’ ’ਚ ਵਰੁਣ ਧਵਨ ਅਤੇ ਅਰਜੁਨ ਕਪੂਰ ਨਾਲ ਕੰਮ ਕਰ ਰਿਹਾ ਹੈ।