India Manoranjan Punjab

ਪਹਿਲੀ ਵਾਰ ‘ਸਰਦਾਰ ਜੀ 3’ ਵਿਵਾਦ ਬਾਰੇ ਖੁੱਲ੍ਹ ਕੇ ਬੋਲੇ ਦਿਲਜੀਤ ਦੌਸਾਂਝ

ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਪਹਿਲੀ ਵਾਰ ‘ਸਰਦਾਰ ਜੀ 3’ ਵਿਵਾਦ ਅਤੇ ਭਾਰਤ-ਪਾਕਿਸਤਾਨ ਮੈਚਾਂ ਬਾਰੇ ਖੁੱਲ੍ਹ ਕੇ ਗੱਲ ਕੀਤੀ। ਮਲੇਸ਼ੀਆ ਵਿੱਚ ਆਪਣੇ ਓਰਾ ਟੂਰ ਦੌਰਾਨ, ਪਹਿਲੇ ਸ਼ੋਅ ਦੌਰਾਨ ਸਟੇਜ ਤੋਂ ਬੋਲਦਿਆਂ, ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਪੰਜਾਬੀ ਅਤੇ ਸਿੱਖ ਕੌਮ ਕਦੇ ਵੀ ਦੇਸ਼ ਦੇ ਵਿਰੁੱਧ ਨਹੀਂ ਜਾ ਸਕਦੀ। ਉਨ੍ਹਾਂ ਨੇ ਕਿਹਾ ਕਿ ‘ਸਰਦਾਰ ਜੀ 3’ ਦੀ ਸ਼ੂਟਿੰਗ ਪਹਿਲਗਾਮ ਹਮਲੇ ਤੋਂ ਪਹਿਲਾਂ ਫਰਵਰੀ ਵਿੱਚ ਹੋਈ ਸੀ, ਜਦੋਂ ਕੋਈ ਵਿਵਾਦ ਨਹੀਂ ਸੀ, ਪਰ ਮੈਚ ਬਾਅਦ ਵਿੱਚ ਖੇਡੇ ਜਾ ਰਹੇ ਹਨ।

ਦਿਲਜੀਤ ਨੇ ਜ਼ੋਰ ਦੇ ਕੇ ਕਿਹਾ ਕਿ ਸਿੱਖ ਅਤੇ ਪੰਜਾਬੀ ਦਿਲੋਂ ਦੇਸ਼ ਭਗਤ ਹਨ ਅਤੇ ਹਮੇਸ਼ਾ ਭਾਰਤ ਦੇ ਨਾਲ ਖੜ੍ਹੇ ਰਹਿਣਗੇ। ਉਨ੍ਹਾਂ ਨੇ ਕਿਹਾ, “ਸਾਡੀ ਪਛਾਣ ਅਤੇ ਮਾਣ ਦੇਸ਼ ਭਗਤੀ ਨਾਲ ਜੁੜਿਆ ਹੈ। ਅਸੀਂ ਕਦੇ ਵੀ ਆਪਣੇ ਦੇਸ਼ ਨੂੰ ਨਹੀਂ ਛੱਡਾਂਗੇ।” ਦਿਲਜੀਤ ਨੇ ਕਿਹਾ ਕਿ ਨੈਸ਼ਨਲ ਮੀਡੀਆ ਦਾ ਬਹੁਤ ਜ਼ੋਰ ਲੱਗ ਗਿਆ ਮੈਨੂੰ ਦੇਸ਼ ਦੇ ਖ਼ਿਲਾਫ਼ ਦਿਖਾਉਣ ਲਈ ਪਰ ਪੰਜਾਬੀ ਅਤੇ ਸਿੱਖ ਕਦੇ ਵੀ ਆਪਣੇ ਦੇਸ਼ ਦੇ ਵਿਰੁੱਧ ਨਹੀਂ ਜਾ ਸਕਦੇ”।


ਦਿਲਜੀਤ ਨੇ ਪਹਿਲਗਾਮ ਹਮਲੇ ਦੀ ਸਖ਼ਤ ਨਿੰਦਾ ਕੀਤੀ ਅਤੇ ਹਮਲਾਵਰਾਂ ਨੂੰ ਸਖ਼ਤ ਸਜ਼ਾ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਫ਼ਿਲਮ ਅਤੇ ਮੈਚਾਂ ਦਾ ਸਮਾਂ ਵੱਖਰਾ ਹੈ, ਪਰ ਰਾਸ਼ਟਰੀ ਮੀਡੀਆ ਉਨ੍ਹਾਂ ਨੂੰ ਦੇਸ਼ ਵਿਰੁੱਧ ਦਰਸਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

‘ਸਰਦਾਰ ਜੀ 3’ ਦਾ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਪਤਾ ਲੱਗਾ ਕਿ ਫ਼ਿਲਮ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਨੂੰ ਕਾਸਟ ਕੀਤਾ ਗਿਆ ਹੈ। ਭਾਰਤ-ਪਾਕਿਸਤਾਨ ਵਿਚਕਾਰ ਵਧੇ ਤਣਾਅ ਕਾਰਨ ਸੋਸ਼ਲ ਮੀਡੀਆ ‘ਤੇ ਫ਼ਿਲਮ ਨੂੰ ਲੈ ਕੇ ਸਵਾਲ ਉੱਠੇ। ਵਿਰੋਧ ਵਧਣ ਨਾਲ ਫ਼ਿਲਮ ਨੂੰ ਭਾਰਤ ਵਿੱਚ ਰਿਲੀਜ਼ ਨਾ ਕਰਕੇ ਸਿਰਫ਼ ਵਿਦੇਸ਼ਾਂ ਵਿੱਚ ਰਿਲੀਜ਼ ਕਰਨ ਦਾ ਫੈਸਲਾ ਲਿਆ ਗਿਆ।

ਦਿਲਜੀਤ ਨੇ ਸਪੱਸ਼ਟ ਕੀਤਾ ਕਿ ਫ਼ਿਲਮ ਸ਼ਾਂਤਮਈ ਸਮੇਂ ਵਿੱਚ ਬਣੀ ਸੀ ਅਤੇ ਉਨ੍ਹਾਂ ਲਈ ਦੇਸ਼ ਹਮੇਸ਼ਾ ਪਹਿਲਾਂ ਹੈ।ਇਸ ਦੇ ਨਾਲ ਹੀ, ‘ਬਾਰਡਰ 2’ ਤੋਂ ਦਿਲਜੀਤ ਨੂੰ ਹਟਾਉਣ ਦੀਆਂ ਅਫਵਾਹਾਂ ਵੀ ਉੱਠੀਆਂ, ਪਰ ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਪੁਸ਼ਟੀ ਕੀਤੀ ਕਿ ਉਹ ਫ਼ਿਲਮ ਦਾ ਹਿੱਸਾ ਹਨ। ਦਿਲਜੀਤ ਨੇ ਵਾਰ-ਵਾਰ ਜ਼ੋਰ ਦਿੱਤਾ ਕਿ ਉਹ ਅਤੇ ਸਿੱਖ ਕੌਮ ਦੇਸ਼ ਦੀ ਏਕਤਾ ਅਤੇ ਸਮਰਪਣ ਨਾਲ ਜੁੜੇ ਹੋਏ ਹਨ, ਅਤੇ ਕੋਈ ਵੀ ਵਿਵਾਦ ਉਨ੍ਹਾਂ ਦੀ ਦੇਸ਼ ਭਗਤੀ ਨੂੰ ਨਹੀਂ ਡਗਮਗਾ ਸਕਦਾ।