ਬਿਉਰੋ ਰਿਪੋਰਟ – ਦਿਲਜੀਤ ਦੋਸਾਂਝ (Diljit Dosanjh) ਦੇ ਅਕਤੂਬਰ ਤੋਂ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸ਼ੁਰੂ ਹੋਣ ਵਾਲੇ ਵਾਲੇ ‘ਦਿਲ ਲੁਮੀਨਾਤੀ’ (Dil-Luminati Tour) ਸਟੇਜ ਟੂਰ ਨੇ ਟਿਕਟਾਂ ਦੇ ਮਾਮਲੇ ਵਿੱਚ ਸਾਰੇ ਰਿਕਾਰਡ ਤੋੜ ਦਿੱਤੇ ਹਨ। ਅੱਜ ਜਦੋਂ ਟਿਕਟਾਂ ਦੀ ਵਿਕਰੀ ਦੁਪਹਿਰ 12 ਵਜੇ ਸ਼ੁਰੂ ਹੋਈ ਤਾਂ 1 ਲੱਖ ਟਿਕਟਾਂ 15 ਮਿੰਟ ਵਿੱਚ ਹੀ ਵਿਕ ਗਈਆਂ। ਟਿਕਟ ਦੀ ਸੇਲ ਸ਼ੁਰੂ ਹੋਣ ਦੇ ਪਹਿਲੇ 2 ਮਿੰਟਾਂ ਵਿੱਚ ਤਾਂ ਟਿਕਟ ਖ਼ਰੀਦਣ ਵਾਲਿਆਂ ਦਾ ਹੜ੍ਹ ਆ ਗਿਆ। ਦਿਲਜੀਤ ਨੇ 10 ਸ਼ਹਿਰਾਂ ਵਿੱਚ ਸ਼ੋਅ ਕਰਨਾ ਹੈ। ਦਿਲਜੀਤ ਦੇ ਸ਼ੋਅ ਦੀ ਟਿਕਟ ਦੀ ਪ੍ਰੀ ਸੇਲ HDFC PIXEL ਕਰੈਡਿਟ ਕਾਰਡ ’ਤੇ 48 ਘੰਟੇ ਪਹਿਲਾਂ ਹੀ ਸ਼ੁਰੂ ਹੋ ਗਈ ਸੀ। ਇਸ ’ਤੇ 10 ਫੀਸਦੀ ਡਿਸਕਾਊਂਟ ਵੀ ਮਿਲ ਰਿਹਾ ਸੀ।
ਦਿਲਜੀਤ ਦੇ ਸ਼ੋਅ ਦੀ ਸਭ ਤੋਂ ਘੱਟ ਕੀਮਤ ਦੀ ਟਿਕਟ 1499 ਰੁਪਏ ਦੀ ਹੈ। ਇਹ ਸਿਲਵਰ ਸੀਟ ਵਾਲੀਆਂ ਟਿਕਟਾਂ ਹਨ। ਇਸ ਤੋਂ ਇਲਾਵਾ ਗੋਲਡ ਸਟੈਂਡਰਡ ਦੀ 3999 ਦੀ ਟਿਕਟ ਕੁਝ ਹੀ ਮਿੰਟਾਂ ਵਿੱਚ ਵਿਕ ਗਈ। ਟਿਕਟ ਦੀ ਵਿਕਰੀ ਸ਼ੁਰੂ ਹੋਣ ਤੋਂ 10 ਮਿੰਟ ਬਾਅਦ 12:10 ’ਤੇ ਸਭ ਤੋਂ ਘੱਟ ਕੀਮਤ ਦੀ ਟਿਕਟ 1499 ਤੋਂ 1999 ਤੱਕ ਪਹੁੰਚ ਗਈ। ਜਦਕਿ ਗੋਲਡ ਏਰੀਆ ਦੀ ਟਿਕਟ 5999 ਤੱਕ ਪਹੁੰਚ ਗਈ। ਇਸ ਤੋਂ ਇਲਾਵਾ ਫੈਨ ਪਿਟ ਫੇਸ – 1 ਦੀ ਟਿਕਟ 9999 ਅਤੇ ਫੈਟ ਪਿਟ ਫੇਸ- 2 ਦੀ ਟਿਕਟ 12999 ਰੁਪਏ ਵਿੱਚ ਸੀ ਜੋ 12:20 ਮਿੰਟ ’ਤੇ SOLD OUT ਹੋ ਗਈ। ਸਾਰੀਆਂ ਟਿਕਟਾਂ ਤੋਂ ਇਲਾਵਾ ਸਿਰਫ ਸਿਲਵਰ ਕੈਟਾਗਰੀ ਦੀ ਟਿਕਟ ਹੀ ਬਚੀ ਹੈ ਜੋ ਹੁਣ 2499 ਰੁਪਏ ਵਿੱਚ ਮਿਲ ਰਹੀ ਹੈ।
ਦਿਲਜੀਤ ਦੋਸਾਂਝ ਦਾ ਟੂਰ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਦਿੱਲੀ (JAWAHAR LAL NEHRU STADIUM) ਤੋਂ 26 ਅਕਤੂਬਰ ਨੂੰ ਸ਼ੁਰੂ ਹੋਵੇਗਾ। ਇਸ ਤੋਂ ਬਾਅਦ ਹੈਦਰਾਬਾਦ, ਅਹਿਮਦਾਬਾਦ, ਲਖਨਊ, ਪੁਣੇ, ਕੋਲਾਕਾਤਾ, ਬੈਂਗਲੁਰੂ, ਇੰਦੌਰ, ਚੰਡੀਗੜ੍ਹ ਅਤੇ ਫਿਰ ਗੁਹਾਟੀ ਵਿੱਚ ਜਾ ਕੇ ਖ਼ਤਮ ਹੋਵੇਗਾ। ਦਿਲਜੀਤ ਨੇ ਕਿਹਾ ਸੀ ਕਿ ਦਿਲ ਲੁਮੀਨਾਤੀ ਟੂਰ ਨੂੰ ਭਾਰਤ ਵਿੱਚ ਕਰਨਾ ਉਸਦਾ ਸੁਪਨਾ ਸੀ। ਉਸਨੇ ਕਿਹਾ ਕਿ ਕਿਹਾ ਦੁਨੀਆ ਘੁੰਮਣ ਤੋਂ ਬਾਅਦ ਹੁਣ ਉਹ ਆਪਣੇ ਦੇਸ਼ ਵਿੱਚ ਸ਼ੋਅ ਕਰਨਾ ਚਾਹੁੰਦਾ ਸੀ। ਪੂਰੀ ਦੁਨੀਆ ਤੋਂ ਉਸਨੂੰ ਬਹੁਤ ਪਿਆਰ ਮਿਲਿਆ ਹੈ।