ਸੋਸ਼ਲ ਮੀਡੀਆ ਦੀ ਦੁਨੀਆ ਵਿੱਚ ਪੰਜਾਬੀ ਸੁਪਰਸਟਾਰ ਦਿਲਜੀਤ ਦੁਸਾਂਝ ਦੀ ਪੱਗ ਨੂੰ ਲੈ ਕੇ ਵਿਵਾਦ ਭਖਿਆ ਹੋਇਆ ਹੈ। ਪੰਜਾਬੀ ਕਲਾਕਾਰ ਨਸੀਬ ਨੇ ਦਿਲਜੀਤ ਦੁਸਾਂਝ ਅਤੇ ਉਸ ਦੀ ਮੈਨੇਜਰ ਸੋਨਾਲੀ ਸਿੰਘ ਬਾਰੇ ਵਿਵਾਦਿਤ ਬਿਆਨ ਦਿੱਤਾ ਹੈ। ਨਸੀਬ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਦਿਲਜੀਤ ਦੀਆਂ ਬਗੈਰ ਪੱਗ ਵਾਲੀਆਂ ਫੋਟੋਆਂ ਸਾਂਝੀਆਂ ਕਰਕੇ ਕਿਹਾ ਹੈ ਕਿ ‘ਤੁਸੀਂ ਪੰਜਾਬ ਨਹੀਂ ਹੋ, ਜਾ ਕੇ ਪੱਗ ਬੰਨ੍ਹਣੀ ਸਿੱਖੋ। ਪੰਜਾਬ ਡਰਪੋਕਾਂ ਦਾ ਨਹੀਂ ਯੋਧਿਆਂ ਦਾ ਹੈ।’
ਦਰਅਸਲ ਇੱਥੇ ਨਸੀਬ ਦਿਲਜੀਤ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਫ਼ਿਲਮ ‘ਚਮਕੀਲਾ’ ਦੇ ਗਾਣੇ ‘ਮੈਂ ਹੂੰ ਪੰਜਾਬ’ ਵੱਲ ਇਸ਼ਾਰਾ ਕਰ ਰਿਹਾ ਹੈ। ਇਸ ਲਈ ਨਸੀਬ ਦਿਲਜੀਤ ਨੂੰ ਕਹਿ ਰਿਹਾ ਹੈ ਕਿ ਇਹ ਪੰਜਾਬ ਨਹੀਂ ਹਨ।
ਹੁਣ ਨਸੀਬ ਦੇ ਇਸ ਬਿਆਨ ਤੋਂ ਬਾਅਦ ਦਿਲਜੀਤ ਨੇ ਵੀ ਸਟੋਰੀ ਸ਼ੇਅਰ ਕਰਕੇ ਆਪਣੇ ਅੰਦਾਜ਼ ਵਿੱਚ ਉਸ ਦਾ ਜਵਾਬ ਦਿੱਤਾ ਹੈ। ਦਿਲਜੀਤ ਨੇ ਆਪਣੀ ਇੰਸਟਾਗ੍ਰਾਮ ਸਟੋਰੀ ’ਚ ਲਿਖ ਕੇ ਜਵਾਬ ਦਿੱਤਾ – “ਸਭ ਗੋਵਿੰਦ ਹੈ। ‘ਨਸੀਬ’ ਵੀਰੇ ਬਹੁਤ ਪਿਆਰ ਤੁਹਾਨੂੰ ਰੱਬ ਤੁਹਾਨੂੰ ਬਹੁਤ-ਬਹੁਤ ਤਰੱਕੀ ਦੇਵੇ ਚੜ੍ਹਦੀ ਕਲਾ ਵਿੱਚ ਰੱਖੇ ਉਹ ਆਪ ਹੀ ਬੋਲ ਰਿਹਾ ਤੇ ਆਪ ਹੀ ਜਵਾਬ ਵੀ ਦੇ ਰਿਹਾ ਮੇਰੇ ਵੱਲੋਂ ਸਿਰਫ਼ ਪਿਆਰ ਤੇ ਪਿਆਰ ‘ਸ਼ੁਕਰ’।”
ਇਸ ਤੋਂ ਬਾਅਦ ਵੀ ਦਿਲਜੀਤ ਨੇ ਇੱਕ ਹੋਰ ਸਟੋਰੀ ਅਪਲੋਡ ਕੀਤੀ ਸੀ ਜਿਸ ਵਿੱਚ ਗੁਰਬਾਣੀ ਦੀਆਂ ਤੁਕਾਂ ਲਿਖੀਆਂ ਹੋਈਆਂ ਸਨ। ਇਸ ਸਟੋਰੀ ਦੀ ਦਿੱਖ ਤੋਂ ਲੱਗ ਰਿਹਾ ਹੈ ਕਿ ਇਹ ਵੀ ਨਸੀਬ ਵਾਲੇ ਜਵਾਬ ਨਾਲ ਸਬੰਧਿਤ ਹੈ।
ਦੱਸ ਦੇਈਏ ਇਸ ਤੋਂ ਪਹਿਲਾਂ ਵੀ ਰੈਪਰ ਨਸੀਬ ਨੇ ਵਿਵਾਦਿਤ ਬਿਆਨ ਦਿੱਤੇ ਸਨ। ਪਹਿਲਾਂ ਉਸ ਨੇ ਮਹਰੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਲੈ ਕੇ ਬਿਆਨ ਦਿੱਤਾ ਸੀ, ਜਿਸ ਤੋਂ ਬਾਅਦ ਉਹ ਸੁਰਖੀਆਂ ਵਿੱਚ ਆ ਗਿਆ। ਨਸੀਬ ਨੇ ਸਿੱਧੂ ਮੂਸੇਵਾਲਾ ਦਾ ਜ਼ਿਕਰ ਕਰਦਿਆਂ ਆਪਣੇ ਆਪ ਨੂੰ ਉਸ ਵਰਗਾ ਦੱਸਿਆ ਸੀ ਅਤੇ ਕਿਹਾ ਸੀ ਕਿ ਮੈਂ ਬਿਲਕੁੱਲ ਉਸ ਵਰਗਾ ਹੀ ਆਂ। ਹਾਲਾਂਕਿ ਇਹ ਗੱਲ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਪਸੰਦ ਨਹੀਂ ਆਈ ਸੀ।