‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਜਪਾ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਬੇਅਦਬੀ ਮਾਮਲਿਆਂ ‘ਤੇ ਬੋਲਦਿਆਂ ਕਿਹਾ ਕਿ ‘ਸਰਕਾਰ ਨੂੰ ਸਾਢੇ ਚਾਰ ਸਾਲ ਹੋ ਗਏ ਹਨ ਅਤੇ ਇਨ੍ਹਾਂ ਨੇ 2019 ਵਿੱਚ ਜਾਂਚ ਬੰਦ ਕਰ ਦਿੱਤੀ ਸੀ। ਉਸਨੂੰ ਹੁਣ ਦੁਬਾਰਾ ਖੋਲ੍ਹਣਾ, ਦੁਬਾਰਾ ਨਵੇਂ ਸਬੂਤ ਆਉਣ ਵਰਗੀਆਂ ਗੱਲਾਂ ਕਰਨੀਆਂ, ਇਹ ਸਭ ਰਾਜਨੀਤੀ ਹੋ ਰਹੀ ਹੈ। ਨਵਜੋਤ ਸਿੰਘ ਸਿੱਧੂ ਨੇ ਖੁਦ ਹੀ ਕਿਹਾ ਹੈ ਕਿ ਤੁਸੀਂ ਜਾਂਚ ਕਰੋ, ਮੈਂ ਜਾਂਚ ਦਾ ਸਾਹਮਣਾ ਕਰਾਂਗਾ। ਪਰ ਰਾਜਨੀਤੀ ਨਾਲ ਜਾਂਚ ਕਰਨੀ ਠੀਕ ਨਹੀਂ ਹੈ, ਇਹ ਜਾਂਚ ਪਹਿਲਾਂ ਹੀ ਹੋਣੀ ਚਾਹੀਦੀ ਸੀ। ਇਸ ਤੋਂ ਇਹ ਪਤਾ ਲੱਗਦਾ ਹੈ ਕਿ ਕੈਪਟਨ ਦਾ ਆਪਣੇ ਵਿਰੋਧੀਆਂ ਲਈ ਕੀ ਕਿਰਦਾਰ ਹੈ।
ਜਿਹੜੀਆਂ ਗੱਲਾਂ ਹੁਣ ਸਿੱਧੂ ਉਠਾ ਰਿਹਾ ਹੈ, ਜੋ ਉਸਨੇ ਪਹਿਲਾਂ ਸਾਢੇ ਚਾਰ ਸਾਲ ਨਹੀਂ ਉਠਾਈਆਂ ਸੀ, ਪੰਜਾਬ ਹੁਣ ਉਨ੍ਹਾਂ ਗੱਲਾਂ ਦਾ ਜਵਾਬ ਮੰਗ ਰਿਹਾ ਹੈ। ਪਰ ਹੁਣ ਸਰਕਾਰ ਨੂੰ ਪੰਜਾਬ ਦੇ ਉਨ੍ਹਾਂ ਸਵਾਲਾਂ ਦਾ ਸਾਹਮਣਾ ਕਰਨਾ ਔਖਾ ਹੋ ਜਾਵੇਗਾ। ਅੱਜ ਲੋਕ ਵੀ ਇਹ ਕਹਿ ਰਹੇ ਹਨ ਕਿ ਸਿੱਧੂ ਜੋ ਗੱਲਾਂ ਹੁਣ ਕਰ ਰਹੇ ਹਨ, ਉਹ ਬਿਲਕੁਲ ਠੀਕ ਹਨ ਪਰ ਜੇ ਸਿੱਧੂ ਪਹਿਲਾਂ ਹੀ ਇਨ੍ਹਾਂ ਗੱਲਾਂ ਨੂੰ ਉਠਾਉਂਦੇ ਤਾਂ ਅੱਜ ਇਨ੍ਹਾਂ ਗੱਲਾਂ ਦੇ ਜਵਾਬ ਸਰਕਾਰ ਨੂੰ ਦੇਣੇ ਪੈਣੇ ਸਨ। ਹੁਣ ਸਰਕਾਰ ਦੀ ਮਿਆਦ ਖਤਮ ਹੋਣ ਜਾ ਰਹੀ ਹੈ, ਜਿਸ ਕਰਕੇ ਸਰਕਾਰ ਹੁਣ ਗੁਰੂ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ ਨਹੀਂ ਦੇ ਸਕਦੀ।
ਕਾਂਗਰਸੀ ਲੀਡਰ ਰਮਨ ਬਾਲਾ ਨੇ ਹਰਜੀਤ ਗਰੇਵਾਲ ਨੂੰ ਜਵਾਬ ਦਿੰਦਿਆਂ ਕਿਹਾ ਕਿ ‘ਜਦੋਂ ਅਕਾਲੀ ਭਾਜਪਾ ਦੀ ਸਰਕਾਰ ਸੀ, ਉਸ ਵੇਲੇ ਇਹ ਸਾਰਾ ਬੇਅਦਬੀ ਦਾ ਮਾਮਲਾ ਵਾਪਰਿਆ ਹੈ। ਉਸ ਵੇਲੇ ਦੇ ਸਬੂਤਾਂ ਵਿੱਚ ਫੇਰਬਦਲ ਕੀਤਾ ਗਿਆ। ਗਰੇਵਾਲ ਆਪਣੀ ਪਾਰਟੀ ਵੱਲ ਧਿਆਨ ਦੇਣ ਕਿਉਂਕਿ ਪੰਜਾਬ ਵਿੱਚ ਬੀਜੇਪੀ ਦਾ ਕੋਈ ਵਜੂਦ ਨਹੀਂ ਹੈ’।
ਗਰਜੀਤ ਗਰੇਵਾਲ ਨੇ ਰਮਨ ਬਾਲਾ ਨੂੰ ਮੁੜ ਜਵਾਬ ਦਿੰਦਿਆਂ ਕਿਹਾ ਕਿ ‘ਕੈਪਟਨ ਨੇ ਹੁਣ ਤੱਕ ਸਾਢੇ ਚਾਰ ਸਾਲਾਂ ਵਿੱਚ ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਨੂੰ ਕਿਉਂ ਨਹੀਂ ਫੜਿਆ। ਅਸੀਂ ਜਵਾਬ ਜ਼ਰੂਰ ਦੇਵਾਂਗੇ, ਅਸੀਂ ਮੈਦਾਨ ਵਿੱਚ ਆਵਾਂਗੇ, ਸਾਡੀ ਪਾਰਟੀ ਨੂੰ ਇਹ ਖਤਮ ਨਹੀਂ ਕਰ ਸਕਦੇ। ਜਲਦੀ ਹੀ ਇਨ੍ਹਾਂ ਨੂੰ ਸਾਰੀਆਂ ਗੱਲਾਂ ਦੀ ਸਮਝ ਆ ਜਾਣੀ ਹੈ ਅਤੇ ਇਨ੍ਹਾਂ ਦਾ ਲੋਕਾਂ ਤੱਕ ਜਾਣਾ ਮੁਸ਼ਕਿਲ ਹੋ ਜਾਵੇਗਾ। ਪੂਰਾ ਪੰਜਾਬ ਅਤੇ ਪੰਜਾਬੀ ਇਨ੍ਹਾਂ ਤੋਂ ਜਵਾਬ ਮੰਗ ਰਹੇ ਹਨ। ਪ੍ਰਸ਼ਾਂਤ ਕਿਸ਼ੋਰ ਵੀ ਇਸੇ ਕਰਕੇ ਕਾਂਗਰਸ ਤੋਂ ਦੂਰ ਹੋ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਲੱਗ ਗਿਆ ਹੈ ਕਿ ਕਾਂਗਰਸ ਦੀ ਕੀ ਦੁਰਦਸ਼ਾ ਹੋ ਰਹੀ ਹੈ’।
ਰਮਨ ਬਾਲਾ ਨੇ ਗਰੇਵਾਲ ਨੂੰ ਫਿਰ ਜਵਾਬ ਦਿੰਦਿਆਂ ਕਿਹਾ ਕਿ ‘ਐੱਸਆਈਟੀ ਦੀਆਂ ਜੋ ਗਲਤੀਆਂ ਹੋਈਆਂ ਸਨ, ਉਨ੍ਹਾਂ ਨੂੰ ਮੰਨ ਕੇ ਇੱਕ ਨਵੀਂ ਐੱਸਆਈਟੀ ਬਣੀ ਹੈ। ਨਵੀਂ ਐੱਸਆਈਟੀ ਬਹੁਤ ਜਲਦ ਹੀ ਆਪਣੀ ਰਿਪੋਰਟ ਪੇਸ਼ ਕਰੇਗੀ। ਬੀਜੇਪੀ ਨੇ ਕਿਸਾਨਾਂ ਸਮੇਤ ਸਾਰੇ ਪੰਜਾਬ ਨੂੰ ਟੰਗ ਦਿੱਤਾ ਹੈ’।