Punjab

ਸਾਬਕਾ ਡੀਜੀਪੀ ਸੈਣੀ ਖੁਦ ਪਹੁੰਚਿਆ ਥਾਣੇ, ਪਾਸਪੋਰਟ ਜਮ੍ਹਾਂ ਕਰਵਾਇਆ

‘ਦ ਖ਼ਾਲਸ ਬਿਊਰੋ :- ਪੰਜਾਬ ਦੇ ਵਿਵਾਦਿਤ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੇ ਮੁਹਾਲੀ ਦੇ ਮਟੌਰ ਥਾਣੇ ਵਿੱਚ ਪਾਸਪੋਰਟ ਜਮ੍ਹਾਂ ਕਰਵਾਇਆ, ਜੱਜ ਨੇ ਪੇਸ਼ਗੀ ਜ਼ਮਾਨਤ ਮਨਜ਼ੂਰ ਕਰਦਿਆਂ ਸੈਣੀ ਨੂੰ ਸੱਤ ਦਿਨਾਂ ਦੇ ਅੰਦਰ ਜਾਂਚ ਅਧਿਕਾਰੀ ਕੋਲ ਜਾਂਚ ਵਿੱਚ ਸ਼ਾਮਲ ਹੋਣ ਦੇ ਆਦੇਸ਼ ਦਿੱਤੇ ਸਨ। ਸੈਣੀ ਬੀਤੀ ਦਿਨ ਦੇਰ ਸ਼ਾਮ ਅਚਾਨਕ ਥਾਣੇ ਪਹੁੰਚ ਗਏ ਤੇ ਥਾਣਾ ਮੁਖੀ ਦੇ ਦਫ਼ਤਰ ਵਿੱਚ ਐੱਸਪੀ (ਡੀ) ਹਰਮਨਦੀਪ ਸਿੰਘ ਹਾਂਸ ਤੇ ਐੱਸਐੱਚਓ ਰਾਜੀਵ ਕੁਮਾਰ ਦੇ ਅੱਗੇ ਪੇਸ਼ ਹੋਏ।

ਮੁਹਾਲੀ ਦੇ ਐੱਸਐੱਸਪੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਸਾਬਕਾ ਡੀਜੀਪੀ ਮਾਮਲੇ ਵਿੱਚ ਐੱਸਪੀ (ਡੀ) ਹਰਮਨਦੀਪ ਸਿੰਘ ਹਾਂਸ ਦੀ ਅਗਵਾਈ ਹੇਠ ਚਾਰ ਮੈਂਬਰੀ ਵਿਸ਼ੇਸ਼ ਟੀਮ ਕਾਇਮ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸੁਮੇਧ ਸੈਣੀ ਤੋਂ ਉਨ੍ਹਾਂ ਖ਼ਿਲਾਫ਼ ਦਰਜ ਅਪਰਾਧਿਕ ਮਾਮਲੇ ਵਿੱਚ ਪੁੱਛ-ਪੜਤਾਲ ਕਰਨ ਲਈ ਸ਼ਨਿਚਰਵਾਰ ਜਾਂ ਐਤਵਾਰ ਨੂੰ ਸੱਦਿਆ ਜਾਵੇਗਾ। ਇਸ ਸਬੰਧੀ ਸਾਬਕਾ ਪੁਲੀਸ ਮੁਖੀ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਨੋਟਿਸ ਭੇਜਿਆ ਜਾਵੇਗਾ। ਜਾਂਚ ਅਧਿਕਾਰੀ ਐੱਸਪੀ (ਡੀ) ਹਰਮਨਦੀਪ ਸਿੰਘ ਹਾਂਸ ਨੇ ਕਿਹਾ ਕਿ ਫਿਲਹਾਲ ਹਾਲੇ ਉਹ ਕੁੱਝ ਨਹੀਂ ਦੱਸ ਸਕਦੇ ਹਨ। ਜਾਂਚ ਮੁਕੰਮਲ ਹੋਣ ਤੋਂ ਬਾਅਦ ਮੀਡੀਆ ਨਾਲ ਗੱਲ ਸਾਂਝੀ ਕੀਤੀ ਜਾਵੇਗੀ।

ਇੱਥੇ ਇਹ ਦੱਸਣਯੋਗ ਹੈ ਕਿ ਸਾਬਕਾ ਡੀਜੀਪੀ ਸੈਣੀ ’ਤੇ 29 ਸਾਲ ਪਹਿਲਾਂ ਸਾਬਕਾ ਆਈਏਐੱਸ ਅਧਿਕਾਰੀ ਦੇ ਬੇਟੇ ਤੇ ਸਿਟਕੋ ਦੇ ਜੇਈ ਬਲਵਿੰਦਰ ਸਿੰਘ ਮੁਲਤਾਨੀ ਨੂੰ 11 ਦਸੰਬਰ 1991 ਨੂੰ ਇਥੋਂ ਦੇ ਫੇਜ਼-7 ਸਥਿਤ ਘਰੋਂ ਚੁੱਕ ਕੇ ਤਸ਼ੱਦਦ ਢਾਹੁਣ ਮਗਰੋਂ ਨੌਜਵਾਨ ਨੂੰ ਗਾਇਬ ਕਰਨ ਦਾ ਦੋਸ਼ ਹੈ। ਸੈਣੀ ਬੀਤੀ ਦੇਰ ਸ਼ਾਮ ਅਚਾਨਕ ਥਾਣੇ ਪਹੁੰਚ ਗਏ ਤੇ ਥਾਣਾ ਮੁਖੀ ਦੇ ਦਫ਼ਤਰ ਵਿੱਚ ਐੱਸਪੀ (ਡੀ) ਹਰਮਨਦੀਪ ਸਿੰਘ ਹਾਂਸ ਅਤੇ ਐੱਸਐੱਚਓ ਰਾਜੀਵ ਕੁਮਾਰ ਦੇ ਅੱਗੇ ਪੇਸ਼ ਹੋਏ।