India

ਬ੍ਰਿਟੇਨ ਦੇ ਗੁਰਦੁਆਰਾ ਸਾਹਿਬ ‘ਚ ਹੋਇਆ ਨਸਲੀ ਹਮਲਾ, ਪੁਲਿਸ ਨੇ ਕੀਤੀ ਕਾਰਵਾਈ

ਬ੍ਰਿਟੇਨ ਦੇ ਗ੍ਰੇਵਸੈਂਡ ਸਥਿਤ ਗੁਰਦੁਆਰੇ ‘ਚ ਨਸਲੀ ਹਿੰਸਾ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ 17 ਸਾਲ ਦੇ ਨੌਜਵਾਨ ਨੇ ਸ਼ਰਧਾਲੂਆਂ ‘ਤੇ ਕਿਰਪਾਨ ਨਾਲ ਹਮਲਾ ਕਰ ਦਿੱਤਾ ਹੈ। ਜਿਸ ਵਿੱਚ ਦੋ ਪੰਜਾਬੀ ਕੁੜੀਆਂ ਜ਼ਖ਼ਮੀ ਹੋ ਗਈਆਂ ਹਨ। ਉਨ੍ਹਾਂ ਦੇ ਹੱਥਾਂ ਅਤੇ ਬਾਹਾਂ ‘ਤੇ ਸੱਟਾਂ ਲੱਗੀਆਂ ਹਨ।

ਮੁਲਜ਼ਮ ਨੌਜਵਾਨ ਨੂੰ ਪੁਲਿਸ ਨੇ ਸ਼ਰਧਾਲੂਆਂ ਦੀ ਮਦਦ ਨਾਲ ਕਾਬੂ ਕਰ ਲਿਆ ਹੈ। ਉਸ ਦੇ ਫੜੇ ਜਾਣ ਦੀ ਵੀਡੀਓ ਵੀ ਸਾਹਮਣੇ ਆਈ ਹੈ। ਉਸ ਦੇ ਮੱਥੇ ਤੋਂ ਖੂਨ ਵਹਿ ਰਿਹਾ ਸੀ। ਫਿਲਹਾਲ ਪੁਲਿਸ ਉਸ ਤੋਂ ਹਮਲੇ ਦਾ ਕਾਰਨ ਪੁੱਛ ਰਹੀ ਹੈ। ਇਹ ਘਟਨਾ ਗ੍ਰੇਵਸੈਂਡ ਦੇ ਗੁਰੂ ਨਾਨਕ ਦਰਬਾਰ ਗੁਰਦੁਆਰੇ ਵਿੱਚ ਵੀਰਵਾਰ ਸ਼ਾਮ ਵਾਪਰੀ ਹੈ।

ਚਸ਼ਮਦੀਦਾਂ ਮੁਤਾਬਕ ਸ਼ਰਧਾਲੂ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕ ਰਹੇ ਸਨ। ਇਸ ਦੌਰਾਨ ਦੋਸ਼ੀ ਨੌਜਵਾਨ ਸਿੱਖ ਸ਼ਰਧਾਲੂ ਬਣ ਕੇ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਇਆ। ਇਸ ਦੌਰਾਨ ਉਸ ਨੇ ਸਿਰ ਝੁਕਾਉਂਦੇ ਹੋਏ ਕਿਰਪਾਨ ਚੁੱਕ ਲਈ। ਫਿਰ ਸ਼ਰਧਾਲੂਆਂ ਵੱਲ ਵਧਿਆ ਅਤੇ ਉਨ੍ਹਾਂ ‘ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਜਾਣਕਾਰੀ ਮੁਤਾਬਕ ਇਸ ਘਟਨਾ ਵਿੱਚ ਦੋ ਕੁੜੀਆਂ ਜ਼ਖ਼ਮੀ ਹੋਇਆਂ ਹਨ। ਇਕ ਲੜਕੀ ਦੇ ਹੱਥ ‘ਤੇ ਸੱਟ ਲੱਗੀ ਹੈ ਅਤੇ ਇਕ ਦੀ ਬਾਂਹ ਅਤੇ ਹੱਥ ‘ਤੇ ਸੱਟ ਲੱਗੀ ਹੈ। ਜਿਸ ਤੋਂ ਬਾਅਦ ਉਨ੍ਹਾਂ ਲੜਕੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਘਟਨਾ ਤੋਂ ਬਾਅਦ ਗੁਰਦੁਆਰੇ ‘ਚ ਮੌਜੂਦ ਸ਼ਰਧਾਲੂਆਂ ਦੀ ਭੀੜ ਉਸ ਨੂੰ ਰੋਕਣ ਲਈ ਅੱਗੇ ਵਧ ਗਈ। ਗੁਰਦੁਆਰਾ ਸਾਹਿਬ ਦੇ ਬਾਹਰ ਖੜ੍ਹੀ ਪੁਲਿਸ ਨੇ ਵੀ ਤੁਰੰਤ ਹਰਕਤ ‘ਚ ਆ ਕੇ ਨੌਜਵਾਨ ਨੂੰ ਕਾਬੂ ਕਰ ਲਿਆ। ਇਸ ਦੌਰਾਨ ਉਸ ਨੂੰ ਬਿਜਲੀ ਦੇ ਝਟਕੇ ਵੀ ਦਿੱਤੇ ਗਏ।

ਪੁਲਿਸ ਮੁਤਾਬਕ ਇੱਕ ਸਥਾਨਕ ਨਿਵਾਸੀ ਨੇ ਕੈਂਟ ਪੁਲਿਸ ਨੂੰ ਘਟਨਾ ਦੀ ਸੂਚਨਾ ਦਿੱਤੀ। ਘਟਨਾ ਤੋਂ ਤੁਰੰਤ ਬਾਅਦ ਪੁਲਿਸ ਦਾ ਹੈਲੀਕਾਪਟਰ ਮੌਕੇ ‘ਤੇ ਪਹੁੰਚ ਗਿਆ। ਘਟਨਾ ਤੋਂ ਥੋੜ੍ਹੀ ਦੇਰ ਬਾਅਦ ਏਅਰ ਐਂਬੂਲੈਂਸ ਗੁਰਦੁਆਰਾ ਗਰਾਊਂਡ ਵਿੱਚ ਪਹੁੰਚੀ ਅਤੇ ਜ਼ਖਮੀਆਂ ਨੂੰ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ।

ਇਹ ਵੀ ਪੜ੍ਹੋ –   ਅੰਮ੍ਰਿਤਪਾਲ ਦੇ ਭਰਾ ਦੀ ਗ੍ਰਿਫ਼ਤਾਰੀ ’ਤੇ SSP ਦਾ ਵੱਡਾ ਦਾਅਵਾ! ‘ਹਰਪ੍ਰੀਤ ਤੇ ਸਾਥੀ ਦੇ ਮੈਡੀਕਲ ਟੈਸਟ ’ਚ ਨਸ਼ੇ ਦੀ ਪੁਸ਼ਟੀ!’ ਨਸ਼ਾ ਵੇਚਣ ਵਾਲਾ ਵੀ ਗ੍ਰਿਫ਼ਤਾਰ