Punjab

ਦਲੇਰ ਮਹਿੰਦੀ ਦੀ ਵਿਗੜੀ ਸਿਹਤ, ਹਸਪਤਾਲ ‘ਚ ਕਰਵਾਇਆ ਦਾਖ਼ਲ

ਦ ਖ਼ਾਲਸ ਬਿਊਰੋ : ਪੰਜਾਬੀ ਗਾਇਕ ਦਲੇਰ ਮਹਿੰਦੀ ਦੀ  ਅਚਾਨਕ ਤਬੀਅਤ ਵਿਗੜਨ ਕਰਕੇ ਉਨ੍ਹਾਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਸੂਤਰਾਂ ਮੁਤਾਬਕ ਉਸ ਦੀ ਇਕ ਅੱਖ ਦਾ ਅਪਰੇਸ਼ਨ ਹੋ ਗਿਆ ਹੈ ਜਦਕਿ ਦੂਸਰੀ ਅੱਖ ਦਾ ਅਪਰੇਸ਼ਨ ਹੋਣ ਦੀ ਸੰਭਾਵਨਾ ਹੈ। ਕੇਂਦਰੀ ਜੇਲ੍ਹ ਪਟਿਆਲਾ ’ਚ ਬੰਦ ਦਲੇਰ ਮਹਿੰਦੀ ਨੇ ਜੇਲ੍ਹ ਡਾਕਟਰ ਕੋਲ ਅੱਖਾਂ ’ਚ ਧੁੰਦਲੇਪਣ ਦੀ ਸ਼ਿਕਾਇਤ ਕੀਤੀ ਸੀ ਜਿਸ ਮਗਰੋਂ ਡਾਕਟਰਾਂ ਦਾ ਮੈਡੀਕਲ ਬੋਰਡ ਬਣਾਇਆ ਗਿਆ। ਬੋਰਡ ਦੀ ਸਿਫਾਰਸ਼ ਦੇ ਚੱਲਦਿਆਂ ਦਲੇਰ ਮਹਿੰਦੀ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ। 

ਡਾਕਟਰਾਂ ਦੀ ਸਿਫ਼ਾਰਸ਼ ’ਤੇ ਉਸ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਇਹ ਪਤਾ ਲੱਗਾ ਹੈ ਕਿ ਦਲੇਰ ਮਹਿੰਦੀ ਨੂੰ ਪੰਜ ਦਿਨ ਪਹਿਲਾਂ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਪਰ ਇਸ ਦੀ ਕਿਸੇ ਅਧਿਕਾਰੀ ਨੇ ਪੁਸ਼ਟੀ ਨਹੀਂ ਕੀਤੀ।

ਦੱਸ ਦੇਈਏ ਕਿ ਦਲੇਰ ਮਹਿੰਦੀ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਕਬੂਤਰਬਾਜ਼ੀ ਦੇ ਮਾਮਲੇ ਵਿੱਚ 2 ਮਾਮਲੇ ਦੀ ਸਜ਼ਾ ਕੱਟ ਰਹੇ ਹਨ। ਜ਼ਿਕਰਯੋਗ ਹੈ ਕਿ ਦਲੇਰ ਮਹਿੰਦੀ ਨੂੰ 19 ਸਾਲ ਪੁਰਾਣੇ ਮਾਮਲੇ ਵਿੱਚ ਮਾਣਯੋਗ ਅਡੀਸ਼ਨਲ ਸੈਸ਼ਨਲ ਜੱਜ ਐੱਚ.ਐੱਚ. ਗਰੇਵਾਲ ਦੀ ਅਦਾਲਤ ਨੇ ਹੇਠਲੀ ਅਦਾਲਤ ਦੀ 2 ਸਾਲ ਦੀ ਸਜ਼ਾ ਨੂੰ ਬਰਕਰਾਰ ਰਖਣ ਤੋਂ ਬਾਅਦ ਕੇਂਦਰੀ ਜੇਲ੍ਹ ਪਟਿਆਲਾ ਭੇਜ ਦਿੱਤਾ ਗਿਆ ਸੀ, ਇਥੇ ਉਹ ਇਸ ਵੇਲੇ ਨਵਜੋਤ ਸਿੰਘ ਸਿੱਧੂ ਨਾਲ ਬੰਦ ਹਨ।

ਦਲੇਰ ਮਹਿੰਦੀ ਨੇ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਸਜ਼ਾ ਖਿਲਾਫ ਅਪੀਲ ਅਤੇ ਜ਼ਮਾਨਤ ਦੀ ਅਰਜ਼ੀ ਲਾਈ ਹੋਈ ਹੈ ਅਤੇ ਉਸ ‘ਤੇ ਅਗਲੀ ਸੁਣਵਾਈ 15 ਸਤੰਬਰ ਨੂੰ ਹੋਵੇਗੀ।