ਮੁਹਾਲੀ : ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਕਾਰਨ ਕਣਕ ਦੀ ਫਸਲ ਨੁਕਸਾਨੀ ਗਈ ਹੈ। ਇਸ ਕਾਰਨ ਕਣਕ ਦੀ ਵਾਢੀ ਵੀ ਪੱਛੜ ਗਈ ਹੈ। ਦੂਜੇ ਪਾਸੇ ਲੰਘੇ ਕੱਲ੍ਹ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋਣ ਦੇ ਬਾਵਜੂਦ ਖ਼ਰਾਬ ਮੌਸਮ ਕਾਰਨ ਕਿਸੇ ਵੀ ਮੰਡੀ ਵਿੱਚ ਫਸਲ ਨਹੀਂ ਪੁੱਜੀ। ਮੌਸਮ ਵਿਭਾਗ ਨੇ ਅੱਜ ਯਾਨੀ 2 ਅਪ੍ਰੈਲ ਨੂੰ ਰਾਤ ਨੂੰ ਗੜੇ ਪੈਣ ਅਤੇ 3 ਤੇ 4 ਅਪਰੈਲ ਨੂੰ ਮੁੜ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।
ਮੌਸਮ ਵਿਭਾਗ ਅਨੁਸਾਰ ਮੌਸਮ ਵਿੱਚ ਪੱਛਮੀ ਵਿਗਾੜ ਦੇ ਚਲਦਿਆਂ ਪੰਜਾਬ ਦੇ ਦੱਖਣੀ-ਪੱਛਮੀ ਖੇਤਰਾਂ ਨੂੰ ਛੱਡ ਕੇ ਹੋਰਨਾਂ ਜ਼ਿਲ੍ਹਿਆਂ ਵਿੱਚ ਮੀਂਹ ਪਿਆ ਹੈ। ਇਸ ਤੋਂ ਇਲਾਵਾ ਪੁਆਧ ਦੇ ਇਲਾਕੇ ਵਿੱਚ ਬਾਅਦ ਦੁਪਹਿਰ ਤੋਂ ਹੀ ਮੀਂਹ ਦਾ ਕਹਿਰ ਜਾਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਪੰਜਾਬ ਦੇ ਜਲੰਧਰ ਸ਼ਹਿਰ ਵਿੱਚ ਸਭ ਤੋਂ ਵੱਧ 7.5 ਐੱਮਐੱਮ ਮੀਂਹ ਪਿਆ ਹੈ।
ਇਸੇ ਤਰ੍ਹਾਂ ਹੁਸ਼ਿਆਰਪੁਰ ’ਚ 7 ਐੱਮਐੱਮ, ਫਿਰੋਜ਼ਪੁਰ ’ਚ 3.5 ਐੱਮਐੱਮ, ਅੰਮ੍ਰਿਤਸਰ ਤੇ ਮੋਗਾ ’ਚ 3-3 ਐੱਮਐੱਮ ਅਤੇ ਬਰਨਾਲਾ, ਗੁਰਦਾਸਪੁਰ ਤੇ ਮੁਹਾਲੀ ਵਿੱਚ ਰੁਕ-ਰੁਕ ਕੇ ਮੀਂਹ ਪਿਆ। ਗੌਰਤਲਬ ਹੈ ਕਿ ਇਸ ਵਾਰ ਬੇਮੌਸਮੇ ਮੀਂਹ ਕਰਕੇ ਪੰਜਾਬ ਵਿੱਚ ਵਾਢੀ ਦਾ ਕੰਮ ਇਕ ਹਫ਼ਤੇ ਦੇ ਕਰੀਬ ਪ੍ਰਭਾਵਿਤ ਹੋ ਗਿਆ ਹੈ। ਬੇਮੌਸਮੇ ਮੀਂਹ, ਗੜਿਆਂ ਤੇ ਤੇਜ਼ ਹਵਾਵਾਂ ਚੱਲਣ ਕਰਕੇ ਸੂਬੇ ਵਿੱਚ 14 ਲੱਖ ਹੈਕਟੇਅਰ ਤੋਂ ਵੱਧ ਕਣਕ ਪ੍ਰਭਾਵਿਤ ਹੋਈ ਹੈ।
ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ’ਤੇ ਸੂਬੇ ਵਿੱਚ ਫਸਲਾਂ ਦੀ ਗਿਰਦਾਵਰੀ ਦਾ ਕੰਮ ਜਾਰੀ ਹੈ। ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸੂਬੇ ’ਚ ਨੁਕਸਾਨੀਆਂ ਫਸਲਾਂ ਦੀ ਛੇਤੀ ਗਿਰਦਾਵਰੀ ਕਰਨ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਵਿਸਾਖੀ ਤੱਕ ਕਿਸਾਨਾਂ ਨੂੰ ਫਸਲਾਂ ਦੇ ਖਰਾਬੇ ਦਾ ਮੁਆਵਜ਼ਾ ਦੇ ਦਿੱਤਾ ਜਾਵੇਗਾ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਖਰਾਬ ਮੌਸਮ ਕਾਰਨ ਕਣਕ ਦੀ ਫਸਲ ਦੀ ਵਾਢੀ ਇਕ ਹਫ਼ਤਾ ਪੱਛੜ ਗਈ ਹੈ।