ਬਿਉਰੋ ਰਿਪੋਰਟ – ਜਲੰਧਰ ਵੈਸਟ ਸੀਟ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪ ਕਮਾਨ ਸੰਭਾਲੀ ਹੋਈ ਹੈ। ਹਲਕੇ ਵਿੱਚ ਕੋਠੀ ਲੈਕੇ ਡੇਰਾ ਲਗਾਈ ਬੈਠੇ ਸੀਐੱਮ ਨੇ ਅਕਾਲੀ ਦਲ ਨੂੰ ਇੱਕ ਹੋਰ ਝਟਕਾ ਦਿੱਤਾ ਹੈ ਅਤੇ ਹਲਕੇ ਦੇ ਸਭ ਤੋਂ ਵੱਡੇ ਡੇਰੇ ਸੱਚਖੰਡ ਬੱਲਾਂ ਵਿੱਚ ਪਤਨੀ ਅਤੇ ਧੀ ਨਾਲ ਪੁਹੁੰਚੇ।
ਡੇਰਾ ਸੱਚਖੰਡ ਬੱਲਾਂ ਦਾ ਹਲਕੇ ਵਿੱਚ ਵੱਡਾ ਵੋਟ ਬੈਂਕ ਹੈ ਅਤੇ ਇਹ ਜਿੱਤ ਹਾਰ ਵਿੱਚ ਵੱਡਾ ਫਰਕ ਪਾਉਂਦਾ ਹੈ। ਜ਼ਿਮਨੀ ਚੋਣ ਵਿੱਚ ਜਿੱਤ ਹਾਸਲ ਕਰਨ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਪੂਰੇ ਪਰਿਵਾਰ ਦੇ ਨਾਲ ਸੰਤ ਨਿਰੰਜਨ ਦਾਸ ਦਾ ਅਸ਼ੀਰਵਾਦ ਲੈਣ ਲਈ ਪਹੁੰਚੇ। ਇਸ ਮੌਕੇ ਮੁੱਖ ਮੰਤਰੀ ਦੀ ਪਤਨੀ ਡਾ.ਗੁਰਪੀਤ ਕੌਰ ਅਤੇ ਧੀ ਨਿਆਤਮ ਨੇ ਵੀ ਡੇਰੇ ਵਿੱਚ ਮੱਥਾ ਟੇਕਿਆ।
ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ 28 ਜੂਨ ਨੂੰ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੂੰ ਵੀ ਪਾਰਟੀ ਵਿੱਚ ਸ਼ਾਮਲ ਕਰਵਾਇਆ। ਇੰਨਾਂ ਆਗੂਆਂ ਦਾ ਵਾਲਮੀਕੀ ਸਭਾ ਵਿੱਚ ਕਾਫੀ ਵੱਡਾ ਕੱਦ ਹੈ। ਜਿਹੜੇ ਅਕਾਲੀ ਦਲ ਦੇ ਆਗੂ ਸ਼ਾਮਲ ਹੋਏ ਹਨ ਉਨ੍ਹਾਂ ਵਿੱਚ ਵਾਲਮੀਕਿ ਸਭਾ ਬਸਤੀਆਂ ਦੇ ਜਨਰਲ ਸਕੱਤਰ ਅਸ਼ੋਕ ਲਾਡੀ ਅਤੇ ਉਨ੍ਹਾਂ ਦੇ ਸਾਥੀ ਸ਼ਾਮਲ ਹਨ।
10 ਜੁਲਾਈ ਨੂੰ ਜਲੰਧਰ ਪੱਛਮੀ ਵਿਧਾਨ ਸਭਾ ਦੀ ਜ਼ਿਮਨੀ ਸੀਟ ‘ਤੇ ਵੋਟਿੰਗ ਹੋਵੇਗੀ,13 ਨੂੰ ਨਤੀਜੇ ਆਉਣਗੇ। ਬਗ਼ਾਵਤ ਤੋਂ ਬਾਅਦ ਅਕਾਲੀ ਦਲ ਨੇ ਆਪਣੀ ਉਮੀਦਵਾਰ ਸੁਰਜੀਤ ਕੌਰ ਤੋਂ ਹਮਾਇਤ ਵਾਪਸ ਲੈ ਲਈ ਹੈ ਅਤੇ BSP ਦੇ ਉਮੀਦਵਾਰ ਨੂੰ ਹਮਾਇਤ ਦੇਣ ਦਾ ਫੈਸਲਾ ਲਿਆ ਹੈ। ਕਾਂਗਰਸ ਵੱਲੋਂ 4 ਵਾਰ ਦੀ ਕੌਂਸਲਰ ਸੁਰਿੰਦਰ ਕੌਰ ਮੈਦਾਨ ਵਿੱਚ ਹਨ ਜਦਕਿ ਬੀਜੇਪੀ ਅਤੇ ਕਾਂਗਰਸ ਨੇ ਆਪਣੇ ਉਮੀਦਵਾਰ ਵਟਾਏ ਹਨ। ਬੀਜੇਪੀ ਵੱਲੋਂ ਸਾਬਕਾ ਵਿਧਾਇਕ ਸ਼ੀਤਲ ਅੰਗੂਰਾਲ ਚੋਣ ਲੜ ਰਹੇ ਹਨ ਜੋ ਕਿ 2022 ਵਿੱਚ ਆਪ ਦੇ ਉਮੀਦਵਾਰ ਸਨ ਜਦਕਿ ਆਪ ਵੱਲੋਂ ਮਹਿੰਦਰ ਭਗਤ ਮੈਦਾਨ ਵਿੱਚ ਹਨ ਜੋ ਵਿਧਾਨ ਸਭਾ ਚੋਣਾਂ ਦੌਰਾਨ ਬੀਜੇਪੀ ਵੱਲੋਂ ਦਾਅਵੇਦਾਰ ਸਨ।
ਇਹ ਵੀ ਪੜ੍ਹੋ – ਕਿਰਨ ਪਹਿਲ ਨੇ ਓਲੰਪਿਕ ਲਈ ਕੁਆਲੀਫਾਈ ਕੀਤਾ