ਚੰਡੀਗੜ੍ਹ : ਹਰਿਆਣਾ ਅਤੇ ਪੰਜਾਬ ਸਣੇ ਪੂਰਾ ਉੱਤਰੀ ਭਾਰਤ ਇਸ ਵੇਲੇ ਠੰਡ ਦੀ ਲਪੇਟ ਵਿੱਚ ਆਇਆ ਹੋਇਆ ਹੈ। ਪੰਜਾਬ ਦੇ ਵੱਖ-ਵੱਖ ਹਿੱਸਿਆਂ ‘ਚ ਤਾਪਮਾਨ ਵਿੱਚ ਗਿਰਾਵਟ ਆਉਣ ਤੋਂ ਬਾਅਦ ਠੰਡ ‘ਚ ਵਾਧਾ ਹੋਇਆ ਹੈ ਅਤੇ ਸੰਘਣੀ ਧੁੰਦ ਦਾ ਕਹਿਰ ਵੀ ਜਾਰੀ ਹੈ। ਪੰਜਾਬ ਵਿੱਚ ਅੱਜ ਸਵੇਰੇ 5 ਵਜੇ ਤੋਂ ਸੰਘਣੀ ਧੁੰਦ ਪੈਣੀ ਸ਼ੁਰੂ ਹੋ ਗਈ ਸੀ, ਜਿਸ ਕਾਰਨ ਟਰੈਫਿਕ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਧੁੰਦ ਦੇ ਕਾਰਨ ਜਨਜੀਵਨ ਕਾਫੀ ਪ੍ਰਭਾਵਿਤ ਹੋ ਗਿਆ ਹੈ। ਧੁੰਦ ਕਾਰਨ ਕੰਮਾਂਕਾਰਾਂ ਉਤੇ ਜਾਣ ਵਾਲਿਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਅੱਜ ਐਤਵਾਰ (25 ਦਸੰਬਰ) ਸਵੇਰ ਤੋਂ ਹੀ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕਈ ਥਾਵਾਂ ‘ਤੇ ਸੰਘਣੀ ਧੁੰਦ ਛਾਈ ਰਹੀ ਹੈ। ਅਗਲੇ 4 ਦਿਨਾਂ ਤੱਕ ਇਸ ਦੀਆਂ ਸਬ-ਡਵੀਜ਼ਨਾਂ ਦੇ ਵੱਖ-ਵੱਖ ਖੇਤਰਾਂ ਵਿੱਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਉੱਤਰ-ਪੱਛਮੀ ਮੈਦਾਨੀ ਇਲਾਕਿਆਂ ‘ਚ ਹੇਠਲੇ ਟਰਪੋਸਫੇਰਿਕ ਪੱਧਰ ‘ਤੇ ਜ਼ਿਆਦਾ ਨਮੀ ਰਹੇਗੀ। ਇਸ ਦਾ ਅਸਰ ਮੌਸਮ ‘ਚ ਦੇਖਣ ਨੂੰ ਮਿਲੇਗਾ। ਵਧਦੀ ਠੰਡ ਦੇ ਮੱਦੇਨਜ਼ਰ ਇਹ ਸਿਲਸਿਲਾ ਹੋਰ ਵੀ ਜਾਰੀ ਰਹਿਣ ਦੀ ਸੰਭਾਵਨਾ ਹੈ।
ਸੰਘਣੀ ਧੁੰਦ ਦੀ ਸੰਭਾਵਨਾ
ਦੇਸ਼ ਦੇ ਵੱਖ-ਵੱਖ ਇਲਾਕਿਆਂ ਵਿੱਚ ਸੰਘਣੀ ਧੁੰਦ ਦੀ ਵੀ ਸੰਭਾਵਨਾ ਹੈ। ਐਤਵਾਰ (25 ਦਸੰਬਰ) ਤੜਕੇ ਹਿਮਾਚਲ ਪ੍ਰਦੇਸ਼, ਦਿੱਲੀ, ਬਿਹਾਰ, ਪੱਛਮੀ ਬੰਗਾਲ ਅਤੇ ਸਿੱਕਮ, ਉੜੀਸਾ, ਅਸਾਮ ਅਤੇ ਤ੍ਰਿਪੁਰਾ ਵਿੱਚ ਹੋਰ ਧੁੰਦ ਪੈਣ ਦੀ ਸੰਭਾਵਨਾ ਹੈ। ਉੱਤਰ ਪ੍ਰਦੇਸ਼ ਅਤੇ ਉੱਤਰੀ ਰਾਜਸਥਾਨ ਵਿੱਚ 25 ਅਤੇ 26 ਦਸੰਬਰ ਨੂੰ ਦਿਨ ਅਤੇ ਰਾਤ ਦੇ ਸਮੇਂ ਧੁੰਦ ਵਿੱਚ ਕਮੀ ਆਵੇਗੀ। ਭਾਰਤੀ ਮੌਸਮ ਵਿਭਾਗ ਨੇ ਅਗਲੇ 3 ਦਿਨਾਂ ਦੌਰਾਨ ਪੰਜਾਬ ਅਤੇ ਹਰਿਆਣਾ ਦੇ ਅਲੱਗ-ਥਲੱਗ ਹਿੱਸਿਆਂ, ਚੰਡੀਗੜ੍ਹ ਅਤੇ ਦਿੱਲੀ ਵਿੱਚ ਸੀਤ ਲਹਿਰ ਦੇ ਹਾਲਾਤ ਦੀ ਭਵਿੱਖਬਾਣੀ ਕੀਤੀ ਹੈ, ਜਿਸ ਕਾਰਨ ਬਹੁਤ ਜ਼ਿਆਦਾ ਠੰਡੇ ਦਿਨ ਰਹਿਣ ਦੀ ਸੰਭਾਵਨਾ ਹੈ।
ਦੂਜੇ ਪਾਸੇ ਪੰਜਾਬ ਦੇ ਘੱਟੋ-ਘੱਟ ਪਾਰੇ ‘ਚ 1.8 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ ਇਹ ਆਮ ਦੇ ਨੇੜੇ ਹੀ ਰਿਹਾ। ਦੂਜੇ ਪਾਸੇ ਪੰਜਾਬ ਦਾ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 6.4 ਡਿਗਰੀ ਘੱਟ ਦਰਜ ਕੀਤਾ ਗਿਆ। ਰੋਪੜ 1.8 ਡਿਗਰੀ ਸੈਲਸੀਅਸ ਤਾਪਮਾਨ ਨਾਲ ਸਭ ਤੋਂ ਠੰਢਾ ਰਿਹਾ।
ਰੋਪੜ ਤੋਂ ਇਲਾਵਾ ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ 6.0, ਲੁਧਿਆਣਾ 5.9, ਪਟਿਆਲਾ 4.8, ਜਲੰਧਰ 6.2, ਬਰਨਾਲਾ 5.9 ਡਿਗਰੀ ਦਰਜ ਕੀਤਾ ਗਿਆ। ਪੰਜਾਬ ਦੇ 17 ਜ਼ਿਲ੍ਹਿਆਂ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਸ਼ਨੀਵਾਰ ਨੂੰ ਸਵੇਰੇ ਅਤੇ ਸ਼ਾਮ ਨੂੰ ਰੈੱਡ ਅਲਰਟ ਦੇ ਤਹਿਤ ਸਵੇਰੇ ਤੇ ਸ਼ਾਮ ਨੂੰ ਸੰਘਣੀ ਧੁੰਦ ਰਹੀ ਅਤੇ ਸੀਤ ਲਹਿਰਾਂ ਵੀ ਚੱਲੀਆਂ।
ਇੱਕ ਪਾਸੇ ਪੈ ਰਹੀ ਠੰਡ ਨੇ ਜਿਥੇ ਆਮ ਲੋਕਾਂ ਨੂੰ ਸੁੰਨ ਕੀਤਾ ਹੋਇਆ ਹੈ ,ਉਥੇ ਹਾੜੀ ਦੀਆਂ ਫਸਲਾਂ ਲਈ ਪੈ ਰਹੀ ਧੁੰਦ ਵਰਦਾਨ ਮੰਨੀ ਜਾ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਅਜਿਹਾ ਮੌਸਮ ਕਣਕ ਤੇ ਹੋਰ ਫਸਲਾਂ ਲਈ ਦੇਸੀ ਘਿਉ ਦਾ ਕੰਮ ਕਰਦਾ ਹੈ। ਜਿਸ ਕਾਰਨ ਕਿਸਾਨਾਂ ਦੇ ਚਿਹਰੇ ਖਿੜੇ ਹੋਏ ਹਨ । ਇਸ ਵਾਰ ਠੰਡ ਭਾਵੇਂ ਦੇਰ ਨਾਲ ਪਈ ਹੈ ਪਰ ਮੌਸਮ ਦਾ ਅਜਿਹਾ ਮਿਜਾਜ਼ ਕਿਸਾਨਾਂ ਨੂੰ ਬਹੁਤ ਰਾਸ ਆ ਰਿਹਾ ਹੈ।