‘ਦ ਖ਼ਾਲਸ ਬਿਊਰੋ:- ਗੁਰੂ ਗਿਆਨ ਨਾਥ ਵਾਲਮੀਕਿ ਧਰਮ ਸਮਾਜ ਦੇ ਕਾਰਕੁੰਨਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿੱਚ ਇੱਕ ਪੱਤਰ ਸੌਂਪ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ ਇਤਰਾਜ਼ਯੋਗ ਸ਼ਬਦ ਬੋਲਣ ਵਾਲੇ ਸ਼ਿਵ ਸੈਨਾ ਕਾਰਕੁੰਨਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਸਬੰਧੀ ਰਾਜ ਸਿੰਘ, ਲਖਵਿੰਦਰ ਸਿੰਘ, ਗੁਰਮੀਤ ਸਿੰਘ, ਗੁਰਪ੍ਰੀਤ ਸਿੰਘ, ਵਿੱਕੀ, ਰਿੰਕੂ ਜੀਐੱਮ, ਹਰਪਾਲ ਸਿੰਘ, ਸੰਤੋਖ ਸਿੰਘ ਆਦਿ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਨਾਂ ’ਤੇ ਮੰਗ ਪੱਤਰ ਦਿੱਤਾ ਹੈ। ਮੰਗ ਪੱਤਰ ਵਿੱਚ ਉਨ੍ਹਾਂ ਕਿਹਾ ਕਿ ਕੁੱਝ ਦਿਨ ਪਹਿਲਾਂ ਸ਼ਿਵ ਸੈਨਾ ਦੇ ਕੁੱਝ ਕਾਰਕੁੰਨਾਂ ਦੀ ਇੱਕ ਆਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ, ਜਿਸ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ, ਭਾਈ ਮਰਦਾਨਾ ਜੀ ਤੇ ਬੇਬੇ ਨਾਨਕੀ ਜੀ ਸਮੇਤ ਸਿੱਖ ਧਰਮ ਬਾਰੇ ਇਤਰਾਜ਼ਯੋਗ ਸ਼ਬਦ ਵਰਤੇ ਗਏ ਹਨ। ਇਸ ਕਾਰਨ ਸਿੱਖ ਭਾਈਚਾਰੇ ਤੇ ਨਾਨਕ ਨਾਮ ਲੇਵਾ ਸੰਗਤ ਦੇ ਮਨਾਂ ਨੂੰ ਠੇਸ ਪੁੱਜੀ ਹੈ। ਉਨ੍ਹਾਂ ਮੰਗ ਕੀਤੀ ਕਿ ਇਤਰਾਜ਼ਯੋਗ ਸ਼ਬਦ ਬੋਲਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।