India Punjab

ਇਤਿਹਾਸਕ ਗੁਰਧਾਮ ਆਉਣ ਵਾਲੀ ਸੰਗਤਾਂ ਦਾ 1 ਕਰੋੜ ਦਾ ਚਲਾਨ ‘! 20 ਹਜ਼ਾਰ ਤੋਂ 2 ਲੱਖ 80 ਹਜ਼ਾਰ ਤੱਕ ਦੇ ਕੱਟੇ ਗਏ 78 ਚਾਲਾਨ !

ਬਿਉਰੋ ਰਿਪੋਰਟ : ਅੰਮ੍ਰਿਤਸਰ ਦੀ ਦੀ ਤਰਜ਼ ‘ਤੇ ਦਿੱਲੀ ਦੇ ਲਾਲ ਕਿਲੇ ਤੋਂ ਲੈਕੇ ਫਤਿਹਪੁਰੀ ਵਿਚਾਲੇ ਹੈਰੀਟੇਜ ਸਟ੍ਰੀਟ ਦੀ ਉਸਾਰੀ ਕੀਤੀ ਗਈ ਸੀ। ਇਸ ਵਿਚਾਲੇ ਦਿੱਲੀ ਦਾ ਇਤਿਹਾਸਕ ਗੁਰਦੁਆਰਾ ਸੀਸ ਗੰਜ ਸਾਹਿਬ ਵੀ ਆਉਂਦਾ ਹੈ । ਜਿੱਥੇ ਸਭ ਤੋਂ ਵੱਧ ਗੁਰੂ ਨਾਨਕ ਨਾਮਲੇਵਾ ਸੰਗਤ ਆਉਂਦੀ ਹੈ । ਪਰ ਇਸ ਸੜਕ ‘ਤੇ ਆਵਾਜਾਹੀ ਬੰਦ ਹੋਣ ਦੀ ਵਜ੍ਹਾ ਕਰਕੇ ਸ਼ਰਧਾਲੂ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ ਗੱਡੀਆਂ ਨਹੀਂ ਖੜੀ ਕਰ ਪਾਉਂਦੇ । ਜਿਸ ਦੀ ਵਜ੍ਹਾ ਕਰਕੇ ਜਦੋਂ ਉਹ ਬਾਹਰ ਖੜੀ ਕਰਦੇ ਹਨ ਤਾਂ ਉਨ੍ਹਾਂ ਨੂੰ ਮੋਟਾ ਚਲਾਨ ਭੇਜਿਆ ਜਾਂਦਾ ਹੈ । ਹੁਣ ਤੱਕ ਸ਼ਰਧਾਲੂਆਂ ਨੂੰ ਤਕਰੀਬਨ 1 ਕਰੋੜ ਦਾ ਚਾਲਾਨ ਭੇਜਿਆ ਗਿਆ ਹੈ ।

ਜਾਗੋ ਪਾਰੀ ਦੇ ਇੰਟਰਨੈਸ਼ਨਲ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਇਸ ਖਿਲਾਫ਼ ਦਿੱਲੀ ਦੇ ਪੁਲਿਸ ਕਮਿਸ਼ਨਰ ਸੰਜੇ ਅਰੋੜਾ ਨੂੰ ਪੱਤਰ ਲਖਿਆ ਹੈ । ਉਨ੍ਹਾਂ ਨੇ ਚਾਲਾਨ ਰੱਦ ਕਰਨ ਦੀ ਮੰਗ ਕਰਦੇ ਹੋਏ ਗੁਰਦੁਆਰਾ ਸਾਹਿਬ ਦੇ ਬਾਹਰੋਂ ਨੋ ਐਂਟਰੀ ਜ਼ੋਨ ਹਟਾਉਣ ਦੀ ਮੰਗ ਕੀਤੀ ਹੈ । ਜੀਕੇ ਨੇ ਪੁਲਿਸ ਕਮਿਸ਼ਨਰ ਨੂੰ ਲਿਖੇ ਪੱਤਰ ਵਿੱਚ ਦੱਸਿਆ ਹੈ ਕਿ ਦਿੱਲੀ ਦੇ ਚਾਂਦਨੀ ਚੌਕ ਸਥਿਤ ਨੌਵੇਂ ਪਾਤਸ਼ਾਹ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਦੇ ਦਰਸ਼ਨਾਂ ਲਈ ਰੋਜ਼ਾਨਾ ਆਪਣੀਆਂ ਗੱਡੀਆਂ ਵਿੱਚ ਆਉਣ ਵਾਲੀਆਂ ਸੰਗਤਾਂ ਨੂੰ ਪੁਲਿਸ ਵੱਲੋਂ ਰੋਕਿਆ ਜਾ ਰਿਹਾ ਹੈ। ਕਥਿਤ “ਨੋ ਐਂਟਰੀ” ਆਦੇਸ਼ ਦੀ ਉਲੰਘਣਾ ਦੇ ਕਾਰਨ ਦਿੱਲੀ ਟ੍ਰੈਫਿਕ ਪੁਲਿਸ ਵੱਲੋਂ 20,000/- ਰੁਪਏ ਦੇ ਜੁਰਮਾਨੇ ਦੇ ਚਾਲਾਨ ਭੇਜੇ ਜਾ ਰਹੇ ਹਨ। ਲਗਭਗ 1 ਕਰੋੜ ਰੁਪਏ ਦੇ ਅਜਿਹੇ ਚਲਾਨ ਸ਼ਰਧਾਲੂਆਂ ਰਾਹੀਂ ਸਾਡੇ ਤੱਕ ਪਹੁੰਚ ਚੁੱਕੇ ਹਨ। ਇਸ ਵਿੱਚ ਦੋਪਹੀਆ ਤੋਂ ਚਾਰ ਪਹੀਆ ਗੱਡੀਆਂ ਦੇ ਚਲਾਨ ਵੀ ਸ਼ਾਮਲ ਹਨ।

ਜੀਕੇ ਨੇ ਕਿਹਾ ਇੱਕ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪ੍ਰੈਲ 2023 ਵਿੱਚ ਲਾਲ ਕਿਲੇ ਦੇ ਮੈਦਾਨ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਵਿੱਚ ਸ਼ਿਰਕਤ ਕਰਦਿਆਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਕਿਹਾ ਸੀ ਕਿ, “ਇਹ ਲਾਲ ਕਿਲ੍ਹਾ ਇੰਨੇ ਕਾਲਖੰਡਾਂ ਦਾ ਗਵਾਹ ਰਿਹਾ ਹੈ। ਇਸ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਵੀ ਦੇਖੀ ਹੈ। ਗੁਰੂ ਤੇਗ ਬਹਾਦਰ ਸਾਹਿਬ ਔਰੰਗਜ਼ੇਬ ਦੀ ਜ਼ਾਲਮ ਸੋਚ ਦੇ ਸਾਹਮਣੇ ਚਟਾਨ ਵਾਂਗ ਖੜੇ ਸਨ। ਔਰੰਗਜ਼ੇਬ ਅਤੇ ਉਸ ਦੇ ਜ਼ਾਲਮਾਂ ਨੇ ਸਿਰ ਧੜ ਤੋਂ ਵੱਖ ਕਰ ਦਿੱਤੇ ਹੋਣ ਪਰ ਉਹ ਸਾਨੂੰ ਸਾਡੇ ਸੱਭਿਆਚਾਰ ਤੋਂ ਵੱਖ ਨਹੀਂ ਕਰ ਸਕੇ।”

ਪਰ ਦੂਜੇ ਪਾਸੇ ਦਿੱਲੀ ਟ੍ਰੈਫਿਕ ਪੁਲਿਸ ਇਸ ਅਸਥਾਨ ‘ਤੇ ਮੱਥਾ ਟੇਕਣ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਅਣਪਛਾਤੇ ਕਾਰਨਾਂ ਕਰਕੇ ਨੋ ਐਂਟਰੀ ਦੇ ਚਲਾਨ ਭੇਜ ਕੇ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰ ਰਹੀ ਹੈ ਅਤੇ ਦੋਪਹੀਆ ਵਾਹਨਾਂ ਦੇ ਚਲਾਨ ਉਨ੍ਹਾਂ ਦੀ ਗੱਡੀ ਦੀ ਕੀਮਤ ਤੋਂ ਵੱਧ ਜੁਰਮਾਨੇ ਦੇ ਭੇਜੇ ਜਾ ਰਹੇ ਹਨ। ਜਦੋਂ ਕਿ ਅਸਲ ਵਿਚ ਲਾਲ ਕਿਲੇ ਤੋਂ ਫਤਿਹਪੁਰੀ ਨੂੰ ਜਾਣ ਵਾਲੀ ਸੜਕ ਨੂੰ ਦਿੱਲੀ ਟ੍ਰੈਫਿਕ ਪੁਲਿਸ ਨੇ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਨੋ ਐਂਟਰੀ ਜ਼ੋਨ ਐਲਾਨ ਕੀਤਾ ਹੋਇਆ ਹੈ। ਪਰ ਕੋਡੀਆ ਪੁਲ ਤੋਂ ਗੁਰਦੁਆਰਾ ਸੀਸਗੰਜ ਸਾਹਿਬ ਤੱਕ ਦੀ ਸੜਕ ਨੂੰ ਹੁਣ ਜ਼ਬਰਦਸਤੀ ਨੋ ਐਂਟਰੀ ਜ਼ੋਨ ਐਲਾਨਿਆ ਜਾ ਰਿਹਾ ਹੈ।

ਨੋ ਐਂਟਰੀ ਜ਼ੋਨ ਬਾਰੇ ਡਰਾਈਵਰਾਂ ਨੂੰ 20000/ ਰੁਪਏ ਚਾਲਾਨ ਦੀ ਚੇਤਾਵਨੀ ਦੇਣ ਵਾਲਾ ਬੋਰਡ “ਯੈੱਸ ਬੈਂਕ” ਦੀ ਚਾਂਦਨੀ ਚੌਕ ਬ੍ਰਾਂਚ ਦੇ ਬਾਹਰ ਲਗਾਇਆ ਗਿਆ ਹੈ । ਜੋ ਕਿ ਕੋਡੀਆ ਪੁਲ ਤੋਂ ਆਉਣ ਵਾਲੇ ਰਸਤੇ ਉਤੇ ਹੈ। ਕੁਝ ਸ਼ਰਧਾਲੂਆਂ ਦਾ ਇਹ ਵੀ ਮੰਨਣਾ ਹੈ ਕਿ ਇਹ ਸਾਰੀ ਕਵਾਇਦ ਟ੍ਰੈਫਿਕ ਪੁਲਿਸ ਦੇ ਕੁਝ ਲੋਕਾਂ ਵੱਲੋਂ ਗੁਰਦੁਆਰਾ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਦੀਆਂ ਕਾਰਾਂ ਓਮੈਕਸ ਮਾਲ ਦੀ ਕਾਰ ਪਾਰਕਿੰਗ ‘ਚ ਪੈਸੇ ਦੇ ਕੇ ਮਜਬੂਰੀ ਵੱਸ ਗੱਡੀਆਂ ਖੜ੍ਹੀਆਂ ਕਰਵਾਉਣ ਦੀ ਮੰਸ਼ਾ ਨਾਲ ਕੀਤੀ ਜਾ ਰਹੀ ਹੈ | ਇਸ ਲਈ ਇਸ ਇਲਾਕੇ ਨੂੰ ਗੈਰ-ਕਾਨੂੰਨੀ ਅਤੇ ਮਨਮਾਨੇ ਢੰਗ ਨਾਲ ਨੋ ਐਂਟਰੀ ਜ਼ੋਨ ਬਣਾਇਆ ਜਾ ਰਿਹਾ ਹੈ। ਇਸ ਲਈ ਦਿੱਲੀ ਟ੍ਰੈਫਿਕ ਪੁਲਿਸ ਵੱਲੋਂ ਭੇਜੇ ਗਏ ਸਾਰੇ ਨੋ ਐਂਟਰੀ ਚਲਾਨ ਤੁਰੰਤ ਰੱਦ ਕੀਤੇ ਜਾਣ ਅਤੇ ਗੁਰਦੁਆਰਾ ਸਾਹਿਬ ਦੇ ਬਾਹਰ ਨੋ ਐਂਟਰੀ ਜ਼ੋਨ ਦੇ ਲੱਗੇ ਬੋਰਡ ਤੁਰੰਤ ਹਟਾਏ ਜਾਣ। ਇਹ 2025 ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆ ਰਹੇ 350ਵੇਂ ਸ਼ਹੀਦੀ ਪੁਰਬ ਤੋਂ ਪਹਿਲਾਂ ਦਿੱਲੀ ਪੁਲਿਸ ਦੀ ਇਹ ਬਹੁਤ ਵੱਡੀ ਸੇਵਾ ਹੋਵੇਗੀ।