‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ‘ਦਿੱਲੀ ਚੱਲੋ’ ਅੰਦੋਲਨ ਤਹਿਤ ਕਈ ਮੁਸ਼ਕਿਲਾਂ ਨੂੰ ਪਾਰ ਕਰਦਿਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵੱਖ-ਵੱਖ ਰਾਹਾਂ ਤੋਂ ਹੁੰਦਿਆਂ ਹੋਇਆਂ ਦਿੱਲੀ ਵੱਲ ਵੱਧ ਰਹੀਆਂ ਹਨ। ਦਿੱਲੀ ਦੇ ਸਾਰੇ ਬਾਰਡਰਾਂ ‘ਤੇ ਸਥਿਤੀ ਤਣਾਅਪੂਰਨ ਹੈ। ਦਿੱਲੀ ਦੇ ਸਿੰਘੂ ਬਾਰਡਰ (ਦਿੱਲੀ-ਹਰਿਆਣਾ ਬਾਰਡਰ) ‘ਤੇ ਪੁਲਿਸ ਨੇ ਹੰਝੂ ਗੈਸ ਦੇ ਗੋਲੇ ਛੱਡ ਕੇ ਕਿਸਾਨਾਂ ਨੂੰ ਦਿੱਲੀ ਆਉਣ ਤੋਂ ਰੋਕਿਆ। ਟੀਕਰੀ ਬਾਰਡਰ ‘ਤੇ ਵੀ ਇਸੇ ਤਰ੍ਹਾਂ ਦੇ ਹਾਲਾਤ ਵੇਖਣ ਨੂੰ ਮਿਲੇ।
ਪੰਜਾਬ ਤੋਂ ਆ ਰਿਹਾ ਕਿਸਾਨਾਂ ਦਾ ਜਥਾ ਹਾਂਸੀ ਪਹੁੰਚ ਗਿਆ ਹੈ। ਹਾਂਸੀ ਵਿੱਚ ਵੀ ਪੁਲਿਸ ਅਤੇ ਕਿਸਾਨ ਆਹਮੋ-ਸਾਹਮਣੇ ਹੋਏ ਅਤੇ ਅੱਗੇ ਵਧ ਰਹੇ ਕਿਸਾਨਾਂ ‘ਤੇ ਪੁਲਿਸ ਨੇ ਪਾਣੀ ਦੀਆਂ ਬੁਛਾੜਾਂ ਕੀਤੀਆਂ। ਇਹ ਜਥਾ ਪੰਜਾਬ ਅਤੇ ਸਿਰਸਾ ਹੁੰਦਾ ਹੋਇਆ ਹਾਂਸੀ ਪਹੁੰਚਿਆ ਹੈ। ਹਾਂਸੀ ਪੁਲਿਸ ਨੇ ਇਨ੍ਹਾਂ ਨੂੰ ਰੋਕਣ ਲਈ ਹਿਸਾਰ-ਦਿੱਲੀ ਰੋਡ ‘ਤੇ ਰਾਮਪੁਰਾ ਪਿੰਡ ਵਿੱਚ ਨਾਕਾਬੰਦੀ ਕੀਤੀ ਹੋਈ ਹੈ। ਕਿਸਾਨਾਂ ਨੇ ਡੱਬਵਾਲੀ ਵਿੱਚ ਲੱਗਿਆ ਨਾਕਾ ਵੀ ਤੋੜ ਦਿੱਤਾ ਹੈ ਅਤੇ ਉਹ ਵੀ ਅੱਗੇ ਵੱਧ ਰਹੇ ਹਨ।
ਕਿਸਾਨਾਂ ਦੇ ਇੱਕ ਜੱਥੇ ਨੇ ਸਿੰਘੂ ਬਰਾਡਰ ਪਾਰ ਕਰ ਲਿਆ ਹੈ। ਇੱਥੇ ਪੁਲਿਸ ਨੇ ਭਾਰੀ ਬੈਰੀਕੇਡਿੰਗ ਕੀਤੀ ਹੋਈ ਹੈ। ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਹਰੇਕ ਸੀਮਾ ‘ਤੇ ਭਾਰੀ ਬੈਰੀਕੇਡਿੰਗ ਕਰਕੇ ਰੱਖੀ ਹੋਈ ਹੈ ਪਰ ਕਿਸਾਨ ਜਿੱਥੇ-ਜਿੱਥੇ ਬੈਰੀਕੇਡਿੰਗ ਹਟਾ ਸਕੇ, ਉਨ੍ਹਾਂ ਨੇ ਹਟਾ ਦਿੱਤੀ ਹੈ। ਹਾਲਾਂਕਿ, ਕਈ ਥਾਂਵਾਂ ਦੀ ਬੈਰੀਕੇਡਿੰਗ ਨੂੰ ਕਿਸਾਨ ਹਾਲੇ ਤੱਕ ਹਟਾ ਨਹੀਂ ਸਕੇ।
ਕਿਸਾਨਾਂ ਨਾਲ ਜੁੜੇ ਦੋ ਸੰਗਠਨਾਂ ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਸੰਘਰਸ਼ ਕੋਰਡੀਨੇਸ਼ਨ ਕਮੇਟੀ ਨੇ ਕਿਹਾ ਕਿ ਅੱਜ ਸ਼ਾਮ ਤੱਕ ਦਿੱਲੀ ਦੇ ਬਾਰਡਰ ‘ਤੇ ਕਰੀਬ 50 ਹਜ਼ਾਰ ਕਿਸਾਨ ਖੜ੍ਹੇ ਹੋਣਗੇ।
ਦਿੱਲੀ ਪੁਲਿਸ ਨੇ ਸਿੰਘੂ ਬਾਰਡਰ ’ਤੇ ਕਿਸਾਨਾਂ ਉੱਪਰ ਸੁੱਟੇ ਹੰਝੂ ਗੈਸ ਦੇ ਗੋਲੇ
ਦਿੱਲੀ ਵੱਲ ਵੱਧ ਰਹੇ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ-ਦਿੱਲੀ ਸਿੰਘੂ ਬਾਰਡਰ ‘ਤੇ ਪੁਲਿਸ ਨੇ ਹੰਝੂ ਗੈਸ ਦੇ ਗੋਲੇ ਵਰਸਾਏ। ਪੰਜਾਬ ਦੇ ਕਿਸਾਨ ਹਲਦਾਨਾ ਬੈਰੀਅਰ ਤੋੜ ਕੇ ਸਿੰਘੂ ਬਾਰਡਰ ਪਹੁੰਚ ਗਏ ਹਨ।
ਦਿੱਲੀ-ਚੰਡੀਗੜ੍ਹ ਹਾਈਵੇ ਕੋਲ ਸਿੰਘੂ ਬਾਰਡਰ ‘ਤੇ ਵੱਡੀ ਗਿਣਤੀ ਵਿੱਚ ਪੁਲਿਸ ਤੈਨਾਤ ਹੈ, ਜਿਨ੍ਹਾਂ ਵਿੱਚ ਸੀਆਰਪੀਐੱਫ ਦੇ ਜਵਾਨ ਵੀ ਸ਼ਾਮਲ ਹਨ।
ਦਿੱਲੀ-ਟਿਕਰੀ ਬਾਰਡਰ ‘ਤੇ ਸਥਿਤੀ ਤਣਾਅ
ਦਿੱਲੀ-ਟਿਕਰੀ ਬਾਰਡਰ ‘ਤੇ ਸਥਿਤੀ ਤਣਾਅਪੂਰਨ ਹੈ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਇਕੱਠੇ ਹੋ ਰਹੇ ਹਨ। ਜਿਵੇਂ ਹੀ ਕਿਸਾਨਾਂ ਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਇੱਥੇ ਵੀ ਪੁਲਿਸ ਵੱਲੋਂ ਹੰਝੂ ਗੈਸ ਦੇ ਗੋਲੇ ਸੁੱਟੇ ਗਏ ਹਨ, ਪਰ ਕਿਸਾਨ ਹੁਣ ਦਿੱਲੀ ਕੂਚ ਕਰਨ ਲਈ ਅੜੇ ਹੋਏ ਹਨ।
ਦਿੱਲੀ ਪੁਲਿਸ ਨੇ ਕੀਤੀ ਵੱਡੀ ਤਿਆਰੀ
ਦਿੱਲੀ ਵਿੱਚ ਕਿਸਾਨ ਇੱਕ ਪਾਸੇ ਵੱਡੀ ਗਿਣਤੀ ਵਿੱਚ ਵਧਣ ‘ਤੇ ਅੜੇ ਹੋਏ ਹਨ ਤਾਂ ਉੱਧਰ ਦਿੱਲੀ ਪੁਲਿਸ ਨੇ ਸਾਫ਼ ਕਰ ਦਿੱਤਾ ਹੈ ਕਿ ਜੇਕਰ ਕਿਸਾਨਾਂ ਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। ਪੁਲਿਸ ਵੱਲੋਂ ਦਿੱਲੀ ਸਰਕਾਰ ਤੋਂ 9 ਸਟੇਡੀਅਮ ਖਾਲੀ ਮੰਗੇ ਗਏ ਹਨ। ਦਿੱਲੀ ਪੁਲਿਸ ਇੰਨਾਂ ਸਟੇਡੀਅਮਾਂ ਨੂੰ ਆਰਜ਼ੀ ਤੌਰ ‘ਤੇ ਜੇਲ੍ਹ ਬਣਾਉਣ ਦੀ ਤਿਆਰੀ ਕਰ ਰਹੀ ਹੈ। ਕਿਸਾਨਾਂ ਨੇ ਸਾਫ਼ ਕਰ ਦਿੱਤਾ ਹੈ ਕਿ ਭਾਵੇਂ ਇੱਕ ਦਿਨ ਲੱਗੇ ਜਾਂ ਪੂਰਾ ਸਾਲ, ਅਸੀਂ ਦਿੱਲੀ ਵਿੱਚ ਪ੍ਰਦਰਸ਼ਨ ਕਰਾਂਗੇ ਅਤੇ ਪਿੱਛੇ ਨਹੀਂ ਹਟਾਂਗੇ।
ਸੋਨੀਪਤ -ਪਾਣੀਪਤ-ਹਲਦਾਨਾ ਬਾਰਡਰ ਕੀਤਾ ਸੀਲ
ਹਰਿਆਣਾ ਵਿੱਚ ਸੋਨੀਪਤ, ਪਾਣੀਪਤ ਤੇ ਹਲਦਾਨਾ ਬਾਰਡਰ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਬਾਰਡਰ ‘ਤੇ ਪੱਥਰ ਅਤੇ ਮਿੱਟੀ ਪਾ ਕੇ ਬੈਰੀਕੇਡਿੰਗ ਕੀਤੀ ਗਈ ਹੈ। ਸੋਨੀਪਤ ਦੇ ਐੱਸਪੀ, ਡੀਸੀ ਨੇ ਖ਼ੁਦ ਇਸ ਬਾਰਡਰ ‘ਤੇ ਕਮਾਨ ਸੰਭਾਲੀ ਹੋਈ ਹੈ। ਮਿੱਟੀ ਨਾਲ ਭਰੇ ਟਰੱਕਾਂ ਨੂੰ ਵੀ ਬੈਰੀਕੇਡਿੰਗ ਲਈ ਲਗਾਇਆ ਗਿਆ ਹੈ। ਕਾਂਗਰਸੀ ਆਗੂ ਰਣਦੀਪ ਸੁਰਜੇਵਾਲਾ ਨੇ ਪਾਣੀਪਤ ਵਿੱਚ ਕਿਸਾਨਾਂ ਦੇ ਅੰਦੋਲਨ ਵਿੱਚ ਸ਼ਮੂਲੀਅਤ ਕੀਤੀ।
ਸੋਨੀਪਤ ਤੋਂ ਚੱਲਦੇ ਹੋਏ ਕਿਸਾਨ ਵੱਡੀ ਗਿਣਤੀ ਵਿੱਚ ਦਿੱਲੀ ਦੇ ਸਿੰਘੂ ਸਰਹੱਦ ‘ਤੇ ਪਹੁੰਚ ਚੁੱਕੇ ਹਨ। ਵੱਡੀ ਗਿਣਤੀ ਵਿੱਚ ਦਿੱਲੀ ਪੁਲਿਸ, CISF ਤੈਨਾਤ ਹੈ। ਜਿਵੇਂ ਹੀ ਕਿਸਾਨਾਂ ਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਹੰਝੂ ਗੈਸ ਦੇ ਗੋਲੇ ਛੱਡ ਦਿੱਤੇ। ਫਿਲਹਾਲ ਕਿਸਾਨ ਹੋਰ ਕਿਸਾਨਾਂ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਹਨ।
ਬਹਾਦਰਗੜ੍ਹ ਵਿੱਚ ਵੀ ਕਿਸਾਨਾਂ ਨੇ ਸੰਭਾਲਿਆ ਮੋਰਚਾ
ਬਹਾਦਰਗੜ੍ਹ ਤੋਂ ਵੀ ਕਿਸਾਨ ਤੇਜ਼ੀ ਨਾਲ ਅੱਗੇ ਵੱਧ ਰਹੇ ਹਨ। ਪੁਲਿਸ ਨੇ ਇੱਥੇ ਵੀ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨ ਹੰਝੂ ਗੈਸ ਅਤੇ ਵਾਟਰਕੈਨਨ ਦੀ ਪਰਵਾਹ ਕੀਤੇ ਬਗ਼ੈਰ ਅੱਗੇ ਵੱਧ ਰਹੇ ਹਨ।
ਸਰਕਾਰ ਕਿਸਾਨਾਂ ਨਾਲ ਗੱਲ ਕਰਨਾ ਚਾਹੁੰਦੀ ਹੈ – ਖੇਤੀਬਾੜੀ ਮੰਤਰੀ
ਭਾਰਤ ਦੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਕਿਹਾ ਕਿ, “ਨਵਾਂ ਕਾਨੂੰਨ ਸਮੇਂ ਦੀ ਲੋੜ ਸੀ। ਇਹ ਕਾਨੂੰਨ ਕਿਸਾਨਾਂ ਦੇ ਜੀਵਨ ਵਿੱਚ ਕ੍ਰਾਂਤੀਕਾਰੀ ਬਦਲਾਅ ਲੈ ਕੇ ਆਵੇਗਾ। ਪੰਜਾਬ ਦੇ ਕਿਸਾਨ ਭਰਾਵਾਂ ਵਿੱਚ ਵਹਿਮ ਹੈ, ਜਿਸ ਨੂੰ ਦੂਰ ਕਰਨ ਲਈ ਸਕੱਤਰ ਪੱਧਰੀ ਗੱਲ ਚੱਲ ਰਹੀ ਹੈ। ਮੈਂ ਆਪ ਕਿਸਾਨ ਜਥੇਬੰਦੀਆਂ ਨਾਲ ਗੱਲ ਕੀਤੀ ਸੀ ਅਤੇ ਹੱਲ ਨਹੀਂ ਨਿਕਲਿਆ ਤਾਂ ਅਗਲੀ ਚਰਚਾ 3 ਦਸੰਬਰ ਨੂੰ ਰੱਖੀ ਗਈ ਹੈ। ਕਿਸੇ ਵੀ ਗੱਲ ਦਾ ਹੱਲ ਗੱਲਬਾਤ ਨਾਲ ਹੀ ਨਿਕਲਦਾ ਹੈ, ਇਸ ਲਈ ਸਰਕਾਰ ਗੱਲ ਕਰਨ ਲਈ ਤਿਆਰ ਹੈ ਅਤੇ ਮੈਂ ਕਿਸਾਨਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਆਪਣਾ ਅੰਦੋਲਨ ਮੁਲਤਵੀ ਕਰ ਦੇਣ।”
ਦਿੱਲੀ ਤੋਂ ਕਰੀਬ 12-15 ਕਿਲੋਮੀਟਰ ਰਾਈ ਬਾਰਡਰ ਕੋਲ ਕਿਸਾਨਾਂ ਦੇ ਇੱਕ ਜਥੇ ਨੇ ਬੈਰੀਕੇਡ ਪਾਰ ਕਰ ਲਏ ਹਨ। ਇਲਾਕੇ ਵਿੱਚ ਭਾਰੀ ਗਿਣਤੀ ਵਿੱਚ ਪੁਲਿਸ ਬਲ ਮੌਜੂਦ ਹੈ ਅਤੇ ਹਾਲਾਤ ਉੱਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਤਿੰਨ ਪੱਧਰੀ ਬੈਰੀਕੇਡਿੰਗ ਕੀਤੀ ਗਈ ਹੈ ਅਤੇ ਚੱਪੇ-ਚੱਪੇ ‘ਤੇ ਪੁਲਿਸ ਮੌਜੂਦ ਹੈ।